ਫ਼ਤਹਿਗੜ੍ਹ ਸਾਹਿਬ (ਸੂਦ) ਪਿੰਡ ਚਨਾਰਥਲ ਕਲਾਂ ਵਿਖੇ ਡਾਕਖਾਨੇ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੱਕ ਜਾਂਦੀ ਸੜਕ ‘ਤੇ ਇੰਟਰਲਾਕ ਟਾਇਲਾਂ ਲਾਉਣ ਦੇ ਕੰਮ ਦਾ ਜਾਇਜ਼ਾ ਲੈਣ ਮੌਕੇ ਹਲਕਾ ਵਿਧਾਇਕ ਸ.ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਹ ਸੜਕ ਪਿੰਡ ਦੀ ਪ੍ਰਮੁੱਖ ਸੜਕ ਹੈ, ਜਿਸ ਉੱਤੇ ਸਬ ਤਹਿਸੀਲ ਤੇ ਹਸਪਤਾਲ ਸਥਿਤ ਹੈ ਤੇ ਇਸ ਨੂੰ 18 ਫੁੱਟ ਤੋਂ 24 ਫੁੱਟ ਚੌੜਾ ਕੀਤਾ ਜਾ ਰਿਹਾ ਹੈI ਉਨ੍ਹਾਂ ਦੱਸਿਆ ਕਿ ਕੋਰੋਨਾ ਕਾਰਨ ਪੈਦਾ ਹੋਏ ਹਲਾਤ ਦੇ ਮੱਦੇਨਜ਼ਰ ਵਿਕਾਸ ਕਾਰਜ ਰੁਕੇ ਸਨ, ਜੋ ਕਿ ਹੁਣ ਮੁੜ ਸ਼ੁਰੂ ਹੋ ਗਏ ਹਨ I
ਇੰਟਰਲਾਕ ਟਾਇਲਾਂ ਲਾਉਣ ਦੇ ਕਾਰਜ ਨਾਲ ਲੋਕਾਂ ਦੀ ਬਹੁਤ ਪੁਰਾਣੀ ਮੰਗ ਪੂਰੀ ਹੋ ਰਹੀ ਹੈ। ਇਸ ਰਸਤੇ ਵਿੱਚ ਬਰਸਤਾਂ ਦੇ ਦਿਨਾਂ ਦੌਰਾਨ ਪਾਣੀ ਖੜ੍ਹਨ ਕਾਰਨ ਲੋਕਾਂ ਨੂੰ ਸਮੱਸਿਆ ਆਉਂਦੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਇਲਾਕਾ ਇਮਾਨਦਾਰ ਸ਼ਖ਼ਸੀਅਤ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਸਬੰਧਤ ਸੀ ਪਰ ਪਿਛਲੀ ਸਰਕਾਰ ਨੇ ਇਸ ਇਲਾਕੇ ਨੂੰ ਬਿਲਕੁਲ ਅਣਗੌਲਿਆ ਕੀਤਾ। ਹਲਕਾ ਵਿਧਾਇਕ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਉਣ ਤੋਂ ਬਾਅਦ ਹੀ ਸਮੁੱਚੇ ਹਲਕੇ ਸਮੇਤ ਇਸ ਇਲਾਕੇ ਦਾ ਲਗਾਤਾਰ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿਹਾ ਕਿ ਲੰਮੇ ਸਮੇਂ ਤੋਂ ਚਲਦੀ ਆ ਰਹੀ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਚਨਾਰਥਲ ਕਲਾਂ ਸਬ ਤਹਿਸੀਲ ਬਣੀ, ਜਿਸ ਨਾਲ ਹਲਕੇ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਇਆ।ਉਨ੍ਹਾਂ ਇਹ ਵੀ ਦੱਸਿਆ ਕਿ ਚਨਾਰਥਲ ਕਲਾਂ ਦੀ ਅਨਾਜ ਮੰਡੀ ਦੇ ਫੜਾਂ ਦਾ ਵਿਕਾਸ ਕੀਤਾ ਗਿਆ ਅਤੇ ਸੜਕਾਂ ਦਾ ਨਵਨਿਰਮਾਣ ਕੀਤਾ ਗਿਆ। ਚਨਾਰਥਲ ਕਲਾਂ ਨੂੰ ਜਾਂਦੀਆਂ ਸਮੂਹ ਸੜਕਾਂ ਦੀ ਵਿਸ਼ੇਸ਼ ਮੁਰੰਮਤ ਕਰਵਾਈ ਗਈ। ਚਨਾਰਥਲ ਕਲਾਂ ਹਲਕੇ ਦਾ ਸਭ ਤੋਂ ਵੱਡਾ ਪਿੰਡ ਹੈ ਤੇ ਇਸ ਦਾ ਮਿਸਾਲੀ ਵਿਕਾਸ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਮਾਰਕਿਟ ਕਮੇਟੀ ਚਨਾਰਥਲ ਦੇ ਵਾਇਸ ਚੇਅਰਮੈਨ ਇੰਦਰਪਾਲ ਸਿੰਘ, ਸਰਪੰਚ ਜਗਦੀਪ ਸਿੰਘ, ਲਖਵਿੰਦਰ ਸਿੰਘ ਲੱਖੀ, ਪਰਮਵੀਰ ਸਿੰਘ ਟਿਵਾਣਾ, ਗੁਰਪ੍ਰੀਤ ਸਿੰਘ ਬਾਵਾ, ਪਰਮਜੀਤ ਸਿੰਘ ਠੇਕੇਦਾਰ, ਗੁਰਸੇਵਕ ਸਿੰਘ ਸੋਨੀ, ਕਰਮਜੀਤ ਸਿੰਘ, ਰਣਜੀਤ ਸਿੰਘ , ਗੁਰਕ੍ਰਿਪਾਲ ਸਿੰਘ ਸਿੰਘ ਕੱਕੂ, ਕ੍ਰਿਸ਼ਨ ਲਾਲ, ਕੁਲਵੰਤ ਸਿੰਘ, ਭਵਰੀਤ ਸਿੰਘ, ਅਮਨਜੋਤ ਸਿੰਘ ਹਾਜ਼ਰ ਸਨ।