ਗੁੜ ਜਾਂ ਸ਼ੱਕਰ ਦਾ ਘੱਟ ਮਿੱਠੇ ਵਾਲਾ ਪਤਲਾ ਸ਼ਰਬਤ ਚਾਹ, ਗਰੀਨ ਟੀ ਜਾਂ ਕੌਫੀ ਦੀ ਜਗ੍ਹਾ ਹਲਕਾ ਕੋਸਾ ਕਰਕੇ ਸਵੇਰੇ ਸਵੇਰੇ ਹੌਲੀ ਹੌਲੀ ਪੀਣ ਨਾਲ ਅਨੇਕਾਂ ਰੋਗਾਂ ਤੋਂ ਬਚਾਅ ਹੁੰਦਾ ਹੈ।
ਖਾਸ ਕਰਕੇ ਵਾਲ ਝੜਨੇ, ਸਮੇਂ ਤੋਂ ਪਹਿਲਾਂ ਵਾਲ ਸਫੈਦ ਹੋਣੇ, ਅੱਧਾ ਸਿਰ ਦਰਦ, ਅੱਖਾਂ ਥੱਲੇ ਕਾਲੇ ਘੇਰੇ, ਛਾਹੀਆਂ, ਦਾਗ, ਧੱਬੇ, ਜਲਦੀ ਥੱਕਣਾ, ਆਲਸ, ਹੱਥ ਪੈਰ ਸੌਣੇ, ਖੂਨ ਘੱਟ ਬਣਨਾ, ਕਮਜ਼ੋਰ ਯਾਦਾਸ਼ਤ, ਦੰਦਾਂ ਜਾੜਾਂ ਚੋਂ ਖੂਨ ਵਗਣਾ, ਸ਼ੁਕਰਾਣੂੰ ਘੱਟ ਬਣਨਾ, ਔਰਤ ਦੇ ਅੰਡਾ ਸਹੀ ਨਾ ਬਣਨਾ, ਜਲਦੀ ਗਰਭ ਨਾ ਠਹਿਰਨਾ ਆਦਿ ਠੀਕ ਹੁੰਦੇ ਹਨ।
ਇਸ ਸ਼ਰਬਤ ਵਿਚ ਛੋਟੀ ਇਲਾਇਚੀ, ਸੁੰਢ, ਅਜਵੈਣ ਦੇ ਚੂਰਨ ਦੀ ਇੱਕ ਚੁਟਕੀ ਅਤੇ ਦੋ ਸਾਬਤ ਕਾਲੀ ਮਿਰਚ ਪਾਕੇ ਉਬਾਲਕੇ ਪੀਣ ਨਾਲ ਗਲਾ ਖਰਾਬੀ, ਗਲੇ ਦੀ ਖਾਰਸ਼ ਆਦਿ ਤੋਂ ਛੁਟਕਾਰਾ ਮਿਲਦਾ ਹੈ।
ਇਸ ਸ਼ਰਬਤ ਚ ਅੱਧਾ ਚਮਚ ਸੌਂਫ, ਇੱਕ ਚੁਟਕੀ ਦਾਲਚੀਨੀ, ਦੋ ਕੁ ਪੱਤੇ ਤੁਲਸੀ ਉਬਾਲਕੇ ਪੀਣ ਨਾਲ ਮੈਂਸਟਰੂਅਲ ਪੀਰੀਅਡਜ਼ ਖੁੱਲ੍ਹ ਕੇ ਆਉਣ ਲਗਦੇ ਹਨ।
ਇਸ ਸ਼ਰਬਤ ਚ ਦੋ ਪੱਤੇ ਤੁਲਸੀ, ਦੋ ਪੱਤੇ ਪੂਤਨਾ ਪਾਕੇ ਉਬਾਲਕੇ ਠੰਢਾ ਕਰਕੇ ਅੱਧੇ ਤੋਂ ਅੱਧਾ ਨਿੰਬੂ ਨਿਚੋੜ ਕੇ ਪੀਣ ਨਾਲ ਖਾਣੇ ਬਾਅਦ ਪੇਟ ਦਰਦ, ਪੇਟ ਗੈਸ, ਖੱਟੇ ਡਕਾਰ, ਹਾਰਮੋਨਲ ਇੰਬੈਲੰਸ ਠੀਕ ਹੁੰਦਾ ਹੈ। ਇਹ ਵਾਰ ਵਾਰ ਭੁੱਖ ਲੱਗਣੋਂ ਵੀ ਹਟਾਉਂਦਾ ਹੈ।
ਸਵੇਰ ਦੇ ਖਾਣੇ ਤੋਂ ਬਾਅਦ ਇੱਕ ਗਿਲਾਸ ਖੱਟੀ ਲੱਸੀ ਚ ਇੱਕ ਚਮਚ ਸ਼ੱਕਰ ਮਿਲਾਕੇ ਪੀਣ ਨਾਲ ਪੁਰਾਣੀ ਕਬਜ਼, ਮਿਹਦੇ ਦੀ ਕਮਜ਼ੋਰੀ, ਬਵਾਸੀਰ, ਪੁਰਾਣਾ ਤੇਜ਼ਾਬੀਪਨ, ਖੁਰਾਕ ਨਾਂ ਲੱਗਣਾ ਆਦਿ ਰੋਗ ਠੀਕ ਹੁੰਦੇ ਹਨ।
ਦਿਨ ਚ ਇੱਕ ਦੋ ਵਾਰ ਅੱਧਾ ਕੁ ਚਮਚ ਗੁੜ ਤੇ ਇਕ ਚੁਟਕੀ ਕਾਲੀ ਮਿਰਚ ਦਾ ਪਾਊਡਰ ਮਿਲਾਕੇ ਚੂਸਕੇ ਖਾਣ ਨਾਲ ਪੁਰਾਣੀ ਖੰਘ, ਵਾਰ ਵਾਰ ਲੱਗਣ ਵਾਲਾ ਜ਼ੁਕਾਮ, ਪੁਰਾਣਾ ਰੇਸ਼ਾ, ਗਲਾ ਬੈਠਣਾ, ਗਲੇ ਦੀ ਸੋਜ਼, ਟੌਂਂਸਿਲਜ਼, ਮੂੰਹ ਚੋਂ ਬਦਬੋਅ ਆਉਣੀ, ਭੁੱਖ ਨਾਂ ਲੱਗਣਾ, ਖੂਨ ਦੀ ਘਾਟ ਆਦਿ ਤੋਂ ਫਾਇਦਾ ਕਰਦਾ ਹੈ।
ਇਕ ਗਿਲਾਸ ਪਾਣੀ ਚ ਅੱਧਾ ਚਮਚ ਗੁੜ ਜਾਂ ਸ਼ੱਕਰ ਘੋਲਕੇ ਤੇ ਅੱਠ ਦਸ ਬੂੰਦਾਂ ਧਣੀਆਂ ਪੱਤੇ ਦਾ ਰਸ ਪਾਕੇ ਪੀਣ ਨਾਲ ਨਵਾਂ ਖੂਨ ਬਣਦਾ ਹੈ, ਕੈਂਸਰ, ਟੀਬੀ ਕਾਰਨ ਹੋਣ ਵਾਲੀ ਕਮਜ਼ੋਰੀ ਠੀਕ ਹੁੰਦੀ ਹੈ, ਪੁਰਾਣੇ ਤੇਜ਼ਾਬੀਪਨ ਵਾਲੇ ਦਾ ਹਾਜ਼ਮਾ ਵਧਦਾ ਹੈ, ਸਰੀਰਕ ਕਮਜ਼ੋਰੀ ਵਾਲੇ ਦੀ ਨਜ਼ਰ ਵਧਦੀ ਹੈ, ਬਚਪਨ ਤੋਂ ਦੁਬਲੇ ਪਤਲੇ ਬੱਚੇ ਨੂੰ ਖੁਰਾਕ ਲੱਗਣ ਲਗਦੀ ਹੈ, ਪ੍ਰੈਗਨੈਂਸੀ ਦੌਰਾਨ ਬਣਨ ਵਾਲੀਆਂ ਜਾਂ ਜ਼ਿਆਦਾ ਲਿਕੋਰੀਆ ਰਹਿਣ ਕਾਰਨ ਬਣਨ ਵਾਲੀਆਂ ਛਾਹੀਆਂ, ਅੱਖਾਂ ਥੱਲੇ ਕਾਲੇ ਘੇਰੇ ਤੇ ਕਾਲੇ ਦਾਗ ਹਟਦੇ ਹਨ।
ਦਿਨ ਚ ਇੱਕ ਵਾਰ ਗੁੜ, ਸ਼ੱਕਰ ਤੇ ਮੱਝ ਦੇ ਦੇਸੀ ਘਿਉ ਦੀ ਚੂਰੀ ਖਾਣ ਨਾਲ ਲਿਗਾਮੈਂਟਸ, ਟੈਂਡਨਜ਼, ਮਾਸਪੇਸ਼ੀਆਂ, ਹੱਡੀ, ਜੋੜਾਂ, ਰੀੜ ਹੱਡੀ ਨੂੰ ਤਾਕਤ ਮਿਲਦੀ ਹੈ। ਵਾਲ ਲੰਬੇ ਹੁੰਦੇ ਹਨ। ਨਹੁੰ ਵਧਣ ਲਗਦੇ ਹਨ। ਬੱਚਿਆਂ ਨੂੰ ਵਾਰ ਵਾਰ ਭੁੱਖ ਲੱਗਣੀ, ਉਲਟ ਪੁਲਟ ਖਾਣ ਨੂੰ ਦਿਲ ਕਰਨਾ, ਚਿੜਚਿੜਾਪਨ, ਜਲਦੀ ਥੱਕਣਾ, ਸਵੇਰੇ ਉੱਠਣ ਨੂੰ ਦਿਲ ਨਾ ਕਰਨਾ ਆਦਿ ਠੀਕ ਹੁੰਦਾ ਹੈ। ਲੇਕਿਨ ਇਹ ਖਾਣ ਬਾਅਦ ਕੋਈ ਵਰਜ਼ਿਸ਼ ਜਾਂ ਹੱਥੀਂ ਕੰਮ ਕਰਨਾ ਚਾਹੀਦਾ ਹੈ। ਨਹੀਂ ਤਾਂ ਉਲਟਾ ਅਸਰ ਹੋ ਸਕਦਾ ਹੈ। ਮੋਟਾਪਾ ਵਧ ਸਕਦਾ ਹੈ ਜਾਂ ਬੀਪੀ ਦੀ ਪ੍ਰਬਲਮ ਬਣ ਸਕਦੀ ਹੈ।
ਗੁੜ ਵਾਲੇ ਪਤਲੇ ਕੋਸੇ ਪਾਣੀ ਵਿੱਚ ਚਾਰ ਕੁ ਬੂੰਦਾਂ ਨਿੰਬੂ ਰਸ ਪਾਕੇ ਮੂੰਹ ਧੋਣ ਨਾਲ ਰੰਗ ਗੋਰਾ ਹੁੰਦਾ ਹੈ ਤੇ ਦਾਗ ਛਾਹੀਆਂ, ਚਮੜੀ ਦਾ ਢਿੱਲਾਪਨ ਠੀਕ ਹੁੰਦਾ ਹੈ। ਚਿਹਰੇ ਦੇ ਬਰੀਕ ਵਾਲਾਂ ਦਾ ਰੰਗ ਥੋੜਾ ਭੂਰਾ ਹੋਣਾ ਸ਼ੁਰੂ ਹੁੰਦਾ ਹੈ। ਨਤੀਜੇ ਵਜੋਂ ਔਰਤਾਂ ਨੂੰ ਬਲੀਚ ਤੇ ਫੇਸ਼ਿਅਲ ਟਰੀਟਮੈੰਟਸ ਦੀ ਜ਼ਰੂਰਤ ਘੱਟ ਪੈਂਦੀ ਹੈ।
ਗਰਮੀ ਰੁੱਤ ਚ ਖਾਣੇ ਤੋਂ ਬਾਅਦ ਚ ਗੁੜ ਖਾਣ ਨਾਲ ਪੇਟ ਭਾਰੀਪਨ, ਵੱਖੀਆਂ ਭਰਨਾ, ਬਦਹਜ਼ਮੀ, ਰਾਤ ਦੀ ਸੁੱਕੀ ਖੰਘ, ਸਵੇਰੇ ਸਵੇਰੇ ਗਲਾ ਖਰਾਬ ਰਹਿਣਾ, ਚੱਕਰ ਆਉਣੇ, ਬੱਚਾ ਜੰਮਣ ਜਾਂ ਕਿਸੇ ਰੋਗ ਦੀ ਕਮਜ਼ੋਰੀ ਬਾਅਦ ਵਾਲ ਝੜਨੇ, ਤਣਾਉ ਕਾਰਨ ਨੀਂਦ ਘੱਟ ਆਉਣੀ ਆਦਿ ਨੁਕਸ ਠੀਕ ਹੁੰਦੇ ਹਨ।
ਇਕ ਕੱਪ ਪਾਣੀ ਚ ਅੱਧਾ ਅੱਧਾ ਚਮਚ ਗੁੜ ਤੇ ਅਰਜਨ ਸੱਕ ਉਬਾਲਕੇ ਪੁਣਕੇ ਠੰਢਾ ਕਰਕੇ ਰੋਜ਼ਾਨਾ ਦੋ ਤਿੰਨ ਵਾਰ ਥੋੜਾ ਥੋੜਾ ਪੀਂਦੇ ਰਹਿਣ ਨਾਲ ਹਰ ਤਰ੍ਹਾਂ ਦੀ ਅਲੱਰਜੀ ਨੂੰ ਫਾਇਦਾ ਹੁੰਦਾ ਹੈ। ਖੰਘ, ਜ਼ੁਕਾਮ, ਰੇਸ਼ਾ, ਗਲਾ ਖਰਾਬੀ, ਸਾਹ, ਦਮਾਂ, ਛਾਤੀ ਜਾਮ ਆਦਿ ਤੋਂ ਤੁਰੰਤ ਫਾਇਦਾ ਹੋਣ ਲਗਦਾ ਹੈ। ਇਹ ਜੋੜ ਦਰਦ, ਕਮਰ ਦਰਦ, ਮਾਸਪੇਸ਼ੀ ਦਰਦ, ਜੋੜ ਸੋਜ਼, ਗੰਠੀਆ, ਹਾਈ ਬੀਪੀ, ਹਾਈ ਕੋਲੈਸਟਰੋਲ ਅਤੇ ਵਿਗੜੇ ਪੁਰਾਣੇ ਮੋਟਾਪੇ ਤੋਂ ਵੀ ਲਾਭਦਾਇਕ ਹੈ।
ਇਕ ਕੱਪ ਦੁੱਧ ਚ ਇਕ ਡਲੀ ਗੁੜ ਤੇ ਅੱਧਾ ਚਮਚ ਸੌਂਫ ਉਬਾਲਕੇ ਦੋ ਵਾਰ ਪੀਣ ਨਾਲ ਮਾਹਵਾਰੀ ਖੁੱਲ੍ਹ ਕੇ ਆਉਂਦੀ ਹੈ ਤੇ ਮਾਹਵਾਰੀ ਦਰਦ, ਮਾਹਵਾਰੀ ਕਾਰਨ ਕਮਜ਼ੋਰੀ, ਸਰੀਰ ਦਰਦ, ਕਮਰ ਦਰਦ, ਸਿਰ ਦਰਦ ਆਦਿ ਤੋਂ ਛੁਟਕਾਰਾ ਮਿਲਦਾ ਹੈ।
ਗੁੜ ਦੇ ਗੁਲਗੁਲੇ, ਮਾਹਲ ਪੂੜੇ ਜਾਂ ਮਿੱਠੀ ਰੋਟੀ ਗਰਮੀਆਂ ਦੀ ਬਾਰਸ਼ ਰੁੱਤੇ ਖਾਣ ਨਾਲ ਚਮੜੀ ਦੀ ਖੁ੍ਸ਼ਕੀ ਠੀਕ ਹੋ ਜਾਂਦੀ ਹੈ, ਚਮੜੀ ਸੁੰਦਰ, ਮੁਲਾਇਮ ਬਣਦੀ ਹੈ। ਮਾਸਪੇਸ਼ੀਆਂ ਚ ਤਾਕਤ ਪੈਂਦੀ ਹੈ। ਅੰਤੜੀਆਂ ਵਧੇਰੇ ਕੰਮ ਕਰਨ ਲਗਦੀਆਂ ਹਨ। ਪ੍ਰੋਟੋਜ਼ੋਅਲ ਇਨਫੈਕਸ਼ਨ ਤੋਂ ਬਚਾਉ ਹੁੰਦਾ ਹੈ।
ਗੁੜ ਨਾਲ ਮੱਕੀ ਦੀ ਰੋਟੀ ਖਾਣ ਨਾਲ ਕਮਰ ਦਰਦ, ਮਾਸਪੇਸ਼ੀ ਦਰਦ, ਅੱਡੀਆਂ ਦਰਦ, ਸ਼ਾਮ ਨੂੰ ਲੱਤਾਂ ਬਾਹਾਂ ਦਰਦ ਠੀਕ ਹੁੰਦਾ ਹੈ ਤੇ ਵਾਲ ਸਫੈਦ ਹੋਣੋਂ ਹਟਦੇ ਹਨ। ਘਟਦਾ ਐਚ ਬੀ ਬਹੁਤ ਜਲਦੀ ਪੂਰਾ ਹੋ ਜਾਂਦਾ ਹੈ।
ਦੋ ਖਾਣਿਆਂ ਦੇ ਵਿਚਕਾਰਲੇ ਸਮੇਂ ਭੁੱਜੇ ਛੋਲੇ, ਭੁੱਜੇ ਬਾਜਰੇ, ਮੱਕੀ ਦੇ ਮੁਰਮੁਰੇ ਜਾਂ ਪਫਡ ਅਮਰੰਥ ਆਦਿ ਦਾਣਿਆਂ ਨਾਲ ਥੋੜਾ ਗੁੜ ਰੋਜ਼ਾਨਾ ਚੰਗੀ ਤਰ੍ਹਾਂ ਚਬਾਕੇ ਖਾਣ ਵਾਲੇ ਬੰਦੇ ਦੀ ਉਮਰ ਲੰਬੀ ਹੁੰਦੀ ਹੈ ਕਿਉਂਕਿ ਇਸ ਚ ਕੁੱਝ ਅਜੇਹੇ ਤੱਤ ਪਾਏ ਜਾਂਦੇ ਹਨ ਜੋ ਡੀ ਅੈਨ ਏ ਵਿਚਲੀ ਪਰੋਟੀਨਜ਼ ਨੂੰ ਨਸ਼ਟ ਹੋਣੋਂ ਬਚਾਉਂਦੇ ਹਨਣ। ਸੈੱਲ ਦਾ ਲਾਈਫ ਸਪੈਨ ਲੰਬਾ ਕਰਦੇ ਹਨ। ਖੂਨ ਚੋਂ ਫਰੀ ਰੈਡੀਕਲਜ਼ ਖਤਮ ਕਰਦੇ ਹਨ। ਖੂਨ ਚੋਂ ਖਤਰਨਾਕ ਤੱਤਾਂ ਨੂੰ ਬਾਹਰ ਕੱਢਣ ਚ ਮਦਦ ਕਰਦੇ ਹਨ।
ਨਤੀਜੇ ਵਜੋਂ ਸਰੀਰ ਦਾ ਤਾਪਮਾਨ ਤੇ ਖੂਨ ਵਿਚਲੇ ਲਿਪਿਡਜ਼ ਕੰਟਰੋਲ ਚ ਰਹਿਣ ਕਾਰਨ ਵਿਅਕਤੀ ਦਾ ਸੁਭਾਅ ਵੀ ਨਰਮ ਬਣਦਾ ਹੈ। ਗੁੜ ਵਿਚਲਾ ਹਰ ਤੱਤ ਜਿਗਰ, ਅੰਤੜੀ, ਦਿਲ, ਗੁਪਤ ਅੰਗਾਂ, ਵਾਲਾਂ, ਚਮੜੀ ਤੇ ਹੱਡੀਆਂ ਲਈ ਬਹੁਤ ਹੀ ਮੁਫੀਦ ਹੁੰਦਾ ਹੈ।
ਤਾਜ਼ਾ ਗੁੜ ਦਿਲ, ਦਿਮਾਗ ਤੇ ਅੰਤੜੀ ਰੋਗਾਂ ਲਈ ਬਹੁਤ ਹੀ ਵਧੀਆ ਰਹਿੰਦਾ ਹੈ। ਇਹ ਪਲੇਟਲੈੱਟਸ ਵੀ ਵਧਾਉਂਦਾ ਹੈ ਤੇ ਇਮਿਉਨਿਟੀ ਵਧਾਉਣ ਚ ਬਹੁਤ ਮਦਦ ਕਰਦਾ ਹੈ।
ਦੁੱਧ ਚੁੰਘਾਉਣ ਵਾਲੀਆਂ ਛੋਟੀ ਉਮਰ ਦੀਆਂ ਸਲਿੱਮ ਟਰਿੱਮ ਅਤੇ ਹੱਥੀਂ ਕੰਮ ਕਰਨ ਵਾਲੀਆਂ ਔਰਤਾਂ ਨੂੰ ਹਫਤੇ ਚ ਦੋ ਵਾਰ ਘਿਉ ਸ਼ੱਕਰ ਦੀ ਚੂਰੀ, ਇੱਕ ਵਾਰ ਗੁੜ ਵਾਲੇ ਸੁਆਂਖਾਂ ਦੇ ਚੌਲ, ਖੀਰ ਜਾਂ ਘਰੇ ਵੱਟੀਆਂ ਸੇਵੀਆਂ ਜਾਂ ਸੂਜੀ ਦੀ ਖੀਰ ਖਾਣੀ ਚਾਹੀਦੀ ਹੈ। ਰੋਜ਼ਾਨਾ ਇੱਕ ਵਾਰ ਘੱਟ ਗੁੜ ਵਾਲਾ ਦੁੱਧ ਪੀਣਾ ਚਾਹੀਦਾ ਹੈ।
ਤਿੰਨ ਵਾਰ ਖਾਣੇ ਨਾਲ ਸਲਾਦ ਵੀ ਖਾਣਾ ਜ਼ਰੂਰੀ ਹੈ। ਇਉਂ ਬੱਚੇ ਦਾ ਬਹੁਤ ਹੀ ਵਧੀਆ ਵਿਕਾਸ ਹੋਵੇਗਾ। ਬੱਚੇ ਨੂੰ ਕਿਸੇ ਵੀ ਕਿਸਮ ਦੀ ਇਨਫੈਕਸ਼ਨ ਅਲੱਰਜੀ ਹੋਣ ਦੇ ਚਾਂਸ ਘਟਦੇ ਹਨ। ਔਰਤ ਦੇ ਵਾਲ ਝੜਨੇ, ਖੁਸ਼ਕੀ, ਸਰੀਰ ਦਰਦ, ਦੁੱਧ ਘੱਟ ਬਣਨਾ, ਫਿਗਰ ਖਰਾਬ ਹੋਣਾ, ਇਕੱਲਾ ਪੇਟ ਵਧਣਾ ਜਾਂ ਚਮੜੀ ਦਾ ਢਿੱਲਾਪਨ ਆਦਿ ਤੋਂ ਬਚਾਅ ਹੋਵੇਗਾ। ਲੇਕਿਨ ਮਿੱਠਾ ਬਹੁਤ ਘੱਟ ਰੱਖਣਾ ਚਾਹੀਦਾ ਹੈ।
ਕਿਸੇ ਵੀ ਕਿਸਮ ਦਾ ਨਸ਼ਾ ਛੱਡਣ ਵਾਲੇ ਨੂੰ ਵੀ ਅਨੇਕਾਂ ਤੱਤਾਂ ਦੀ ਸਖਤ ਘਾਟ ਹੋ ਜਾਂਦੀ ਹੈ ਲੇਕਿਨ ਗੁੜ, ਸ਼ੱਕਰ ਚੋਂ ਉਹ ਸਭ ਤੱਤ ਮਿਲਦੇ ਹਨ ਜਿਹਨਾਂ ਦੀ ਘਾਟ ਕਾਰਨ ਉਹ ਥਕਾਵਟ, ਕੜੱਲ, ਦਰਦ, ਘਬਰਾਹਟ, ਉਦਾਸੀ ਤੇ ਕਮਜ਼ੋਰੀ ਮਹਿਸੂਸ ਕਰਦਾ ਹੈ।
ਅਸਲ ਵਿੱਚ ਗੁੜ ਸ਼ੱਕਰ ਦੀ ਜਗ੍ਹਾ ਖੰਡ ਦੀ ਵਰਤੋਂ ਨੇ ਲੋਕਾਂ ਦੀ ਸਿਹਤ ਦਾ ਸਤਿਆਨਾਸ ਕਰ ਦਿੱਤਾ ਹੈ। ਇਸ ਪਿੱਛੇ ਕਾਰਪੋਰੇਟ ਘਰਾਣਿਆਂ ਦੀ ਸਾਜਿਸ਼ ਹੈ। ਉਹਨਾਂ ਨੇ ਭੋਲੇ-ਭਾਲੇ ਕਿਸਾਨਾਂ ਨੂੰ ਗੁੜ ਬਣਾਉਣ ਦੀ ਬਜਾਏ ਖੰਡ ਮਿੱਲਾਂ ਕੋਲ ਗੰਨਾ ਵੇਚਣ ਦੀ ਆਦਤ ਪਾਈ। ਸ਼ੁਰੂ ਵਿੱਚ ਲੋਕਾਂ ਨੂੰ ਬਹੁਤ ਘੱਟ ਕੀਮਤ ਤੇ ਖੰਡ ਦਿੱਤੀ ਗਈ ਲੇਕਿਨ ਜਿਉਂ ਹੀ ਲੋਕ ਖੰਡ ਦੇ ਆਦੀ ਹੋ ਗਏ ਤੇ ਕਿਸਾਨਾਂ ਨੇ ਗੁੜ ਬਣਾਉਣ ਵਾਲੇ ਘੁਲਾੜੇ ਕਬਾੜੀਆਂ ਨੂੰ ਵੇਚ ਦਿੱਤੇ ਤਾਂ ਉਹਨਾਂ ਖੰਡ ਦੀਆਂ ਵੀ ਕੀਮਤਾਂ ਵਧਾਅ ਦਿੱਤੀਆਂ। ਕੁੱਝ ਮਿੱਲਾਂ ਤਾਂ ਕਿਸਾਨਾਂ ਦੇ ਬਕਾਏ ਪੈਸੇ ਹੀ ਮੁੱਕਰ ਗਈਆਂ। ਇਉਂ ਬਹੁਤ ਕਿਸਾਨਾਂ ਨੂੰ ਗੰਨੇ ਬੀਜਣ ਤੋਂ ਇੱਕ ਸਾਜ਼ਿਸ਼ ਨਾਲ ਰੋਕ ਦਿੱਤਾ ਗਿਆ ਹੈ।
ਹੁਣ ਬਹੁਤਿਆਂ ਨੂੰ ਖੀਰ, ਸੇਵੀਆਂ, ਚੌਲ, ਗੁੜ ਵਾਲੇ ਬਣਾਉਣੇ ਨਹੀਂ ਆਉਂਦੇ। ਹੁਣ ਕੋਈ ਵੀ ਸ਼ੱਕਰ ਵਾਲਾ ਸ਼ਰਬਤ ਪੀਣਾ ਪਸੰਦ ਨਹੀਂ ਕਰਦਾ। ਅਸਲ ਵਿੱਚ ਸਭ ਨੂੰ ਖੰਡ ਨੇ ਅਪਣੀ ਜਕੜ ਚ ਲੈ ਲਿਆ ਹੈ। ਬਹੁਤੇ ਲੋਕਾਂ ਦੇ ਬਿਮਾਰ ਹੋਣ ਅਤੇ ਇਮਿਉਨਿਟੀ ਕਮਜ਼ੋਰ ਹੋਣ ਦਾ ਕਾਰਨ ਵੀ ਰੋਜ਼ਾਨਾ ਹਰ ਇੱਕ ਦੁਆਰਾ ਕਿਸੇ ਨਾ ਕਿਸੇ ਰੂਪ ਵਿੱਚ ਖੰਡ ਖਾਣਾ ਜਾਂ ਪੀਣਾ ਹੈ।
ਭਾਵੇਂ ਗੁੜ ਬਹੁਤ ਪੌਸ਼ਟਿਕ ਹੁੰਦਾ ਹੈ ਪ੍ਰੰਤੂ ਫਿਰ ਵੀ ਗੁੜ ਦੀ ਵੀ ਘੱਟ ਵਰਤੋਂ ਹੀ ਲਾਭਦਾਇਕ ਹੈ। ਇਸਦੀ ਜ਼ਿਆਦਾ ਵਰਤੋਂ ਨੁਕਸਾਨਦਾਇਕ ਹੋ ਸਕਦੀ ਹੈ। ਕਿਉਂਕਿ ਜਿੰਨੀ ਕਿਸੇ ਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ ਓਨੀ ਤਾਂ ਕੋਈ ਵੀ ਨਹੀਂ ਕਰ ਰਿਹਾ। ਪਸੀਨਾ ਕੋਈ ਆਉਣ ਨਹੀਂ ਦਿੰਦਾ। ਜ਼ਰਾ ਵੀ ਕੋਈ ਭੁੱਖ ਬਰਦਾਸ਼ਤ ਨਹੀਂ ਕਰਦਾ। ਜੇ ਕੋਈ ਖਾਂਦਾ ਹੈ ਤਾਂ ਸਾਦਾ ਕੁਦਰਤੀ ਤੇ ਰੁੱਤ ਮੁਤਾਬਕ ਨਹੀਂ ਖਾਂਦਾ ਬਲਕਿ ਉਲਟਾ ਸੁਲਟਾ ਹੀ ਖਾਂਦਾ ਹੈ ਕਿਉਂਕਿ ਊਟਪਟਾਂਗ ਖਾਣਿਆਂ ਦੇ ਲੋਕਾਂ ਦੇ ਫਰਿੱਜ ਭਰੇ ਹੋਏ ਹਨ।
ਗੁੜ ਦਾ ਪੂਰਾ ਲਾਭ ਲੈਣ ਲਈ ਊਟਪਟਾਂਗ ਖਾਣੇ ਬਿਲਕੁਲ ਨਹੀਂ ਖਾਣੇ ਚਾਹੀਦੇ। ਸਾਦਾ ਖਾਣ ਪੀਣ ਰੱਖਣਾ ਚਾਹੀਦਾ ਹੈ। ਮੋਟਾ ਆਟਾ, ਪੀਣਯੋਗ ਪਾਣੀ ਤੇ ਤਰੀਦਾਰ ਸਬਜ਼ੀ ਦਾਲ ਆਦਿ ਵਰਤਣੀ ਚਾਹੀਦੀ ਹੈ। ਸੁੱਕੀਆਂ ਸਬਜ਼ੀਆਂ ਘੱਟ ਖਾਣੀਆਂ ਚਾਹੀਦੀਆਂ ਹਨ। ਬੋਤਲਬੰਦ ਪਾਣੀ ਨਹੀਂ ਵਰਤਣਾ ਚਾਹੀਦਾ ਤੇ ਨਾਂ ਹੀ ਆਰ ਓ ਪਾਣੀ ਪੀਣਾ ਚਾਹੀਦਾ ਹੈ। ਨਮਕ, ਮਿਰਚ, ਮਸਾਲੇ ਆਦਿ ਘੱਟ ਤੋਂ ਘੱਟ ਵਰਤਣੇ ਚਾਹੀਦੇ ਹਨ। ਹੱਥੀਂ ਕੰਮ ਕਰਨ ਤੇ ਪੈਦਲ ਚੱਲਣ ਦੀ ਆਦਤ ਪਾਉਣੀ ਚਾਹੀਦੀ ਹੈ।
ਜਿੰਨਾ ਹੋ ਸਕੇ ਏਸੀ, ਕੂਲਰ, ਪੱਖਿਆਂ ਤੋਂ ਪਰੇ ਰਹਿਣਾ ਚਾਹੀਦਾ ਹੈ। ਬਾਜ਼ਾਰੂ ਮਠਿਆਈਆਂ, ਬਾਜ਼ਾਰੂ ਬਿਸਕੁਟ, ਬਾਜ਼ਾਰੂ ਦੁੱਧ, ਦਹੀਂ, ਪਨੀਰ ਆਦਿ ਨਹੀਂ ਵਰਤਣਾ ਚਾਹੀਦਾ। ਚਾਹ, ਕੌਫੀ, ਗਰੀਨ ਟੀ, ਕੋਲਡ ਡਰਿੰਕਸ, ਰੂਹ ਅਫਜ਼ਾ, ਫਰੂਟੀ, ਬਾਜ਼ਾਰੂ ਡੱਬਾਬੰਦ ਜੂਸ, ਰੇਹੜੀ ਵਾਲਿਆਂ ਦੇ ਅਣਧੋਤੇ ਗੰਨਿਆਂ ਦਾ ਜੂਸ, ਫਰੋਜ਼ਨ ਖਾਣੇ, ਸੌਸ, ਮਰੁੱਬਾ, ਜੈਮ, ਗੁਲਕੰਦ, ਚਵਨਪ੍ਰਾਸ਼ ਅਤੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਆਦਿ ਨਹੀਂ ਵਰਤਣੇ ਚਾਹੀਦੇ ਹਨ।
ਸ਼ੂਗਰ ਰੋਗੀਆਂ ਨੂੰ ਖੰਡ, ਗੁੜ, ਸ਼ੱਕਰ, ਸ਼ਹਿਦ ਆਦਿ ਕਿਸੇ ਵੀ ਕਿਸਮ ਦਾ ਮਿੱਠਾ ਬਿਲਕੁਲ ਨਹੀਂ ਲੈਣਾ ਚਾਹੀਦਾ ਹੈ। ਇਵੇਂ ਹੀ ਮੋਟਾਪਾ, ਜਿਗਰ, ਗੁਰਦੇ, ਦਿਲ ਰੋਗੀ ਨੂੰ ਵੀ ਅਪਣੇ ਡਾਕਟਰ ਦੀ ਰਾਇ ਨਾਲ ਹੀ ਗੁੜ, ਸ਼ੱਕਰ ਖਾਣੇ ਚਾਹੀਦੇ ਹਨ।
ਜਿਹੜੇ ਕਿਸਾਨ ਖੁਦ ਗੁੜ, ਸ਼ੱਕਰ ਬਣਾਇਆ ਕਰਦੇ ਸੀ ਅੱਜ ਉਹ ਕਾਰਪੋਰੇਟ ਘਰਾਣਿਆਂ ਦੀ ਖੰਡ ਦੇ ਪੱਕੇ ਗਾਹਕ ਬਣ ਚੁੱਕੇ ਹਨ। ਹੁਣ ਖਾਨਦਾਨੀ ਤੌਰ ਤੇ ਖੇਤੀ ਕਰਨ ਵਾਲੇ ਕਿਸਾਨ ਜਦੋੰ ਖੇਤੀ ਤੋਂ ਬਿਲਕੁਲ ਅਣਜਾਣ ਦੁਕਾਨਦਾਰ ਲਾਲੇ ਨੂੰ ਪੁਛਦੇ ਹਨ ਕਿ ਗੁੜ ਕਿਹੜਾ ਵਧੀਆ ਹੈ, ਸਰੋਂ ਦਾ ਤੇਲ ਕਿਹੜਾ ਵਧੀਆ ਹੈ ਤਾਂ ਸਮਝੋ ਖੇਤੀ ਅੰਤਮ ਸਾਹਾਂ ‘ਤੇ ਹੈ।
ਗੁੜ ਕਦੇ ਵੀ ਗੂੜੇ ਰੰਗ ਦਾ ਜਾਂ ਜ਼ਿਆਦਾ ਹੀ ਪੀਲਾ, ਲਾਲ, ਗੁਲਾਬੀ ਨਹੀਂ ਲੈਣਾ ਚਾਹੀਦਾ। ਇਹ ਹਲਕਾ ਜਿਹਾ ਭੂਰਾ ਜਿਹਾ ਜਾਂ ਗੂੜਾ ਕਣਕ ਵੰਨਾ ਜਿਹਾ ਸਹੀ ਹੁੰਦਾ ਹੈ। ਗੁੜ ਲੈਣ ਤੋਂ ਪਹਿਲਾਂ ਦੇਖੋ ਕਿ ਉਸ ਤੇ ਉੱਲੀ ਤਾਂ ਨਹੀਂ ਲੱਗੀ ਹੋਈ ਜਾਂ ਗੁੜ ਗਿੱਲਾ ਜਿਹਾ ਤਾਂ ਨਹੀਂ ਹੈ। ਗੁੜ ਦੀ ਡਲੀ ਤੋੜਕੇ ਦੇਖ ਲਵੋ ਜਾਂ ਥੋੜਾ ਖਾਕੇ ਦੇਖ ਲਵੋ ਕਿ ਉਸ ਚ ਕੋਈ ਮਿੱਟੀ, ਕਿਣਕੇ, ਕਾਰਬਨ, ਡੱਕੇ ਜਾਂ ਜੰਗਾਲ ਆਦਿ ਨਾ ਹੋਵੇ। ਗੁੜ ਦੀ ਮਿਠਾਸ ਤੇ ਟੇਸਟ ਦਾ ਵੀ ਤੁਸੀਂ ਖਾਕੇ ਅੰਦਾਜ਼ਾ ਲਾ ਸਕਦੇ ਹੋ।
ਖੇਤੀ ਅਤੇ ਜ਼ਮੀਨਾਂ ਤੇ ਕਾਬਜ਼ ਰਹਿਣ ਵਾਸਤੇ ਕਿਸਾਨਾਂ ਨੂੰ ਖੰਡ ਬੰਦ ਕਰਕੇ ਗੁੜ, ਸ਼ੱਕਰ ਆਪੇ ਬਣਾਉਣੀ ਸ਼ੁਰੂ ਕਰਨੀ ਪਵੇਗੀ। ਸਰੋਂ, ਤਾਰਾਮੀਰਾ, ਤਿਲ, ਸੂਰਜਮੁਖੀ ਤੇਲ ਆਪੇ ਬਣਾਉਣੇ ਤੇ ਵਰਤਣੇ ਸ਼ੁਰੂ ਕਰਨੇ ਪੈਣਗੇ। ਦਾਲਾਂ, ਸਬਜ਼ੀਆਂ, ਸਲਾਦ, ਫਲ ਆਪ ਹੀ ਉਗਾਉਣੇ ਤੇ ਘਰਦੇ ਵਰਤਣੇ ਪੈਣਗੇ।
ਤੜਕ ਭੜਕ ਵਾਲੀ ਤੇ ਵਿਖਾਵੇ ਵਾਲੀ ਜ਼ਿੰਦਗੀ ਜਿਉਣੀ ਛੱਡਕੇ ਸਾਦੀ ਤੇ ਕੁਦਰਤੀ ਜੀਵਨ ਜਾਚ ਅਪਣਾਉਣੀ ਪਵੇਗੀ। ਲੇਕਿਨ ਖੇਤੀ ਹਾਈ ਟੈੱਕ, ਐਡਵਾਂਸ ਤੇ ਵਿਗਿਆਨਕ ਤਰੀਕੇ ਨਾਲ ਕਰਨੀ ਪਵੇਗੀ। ਪਹਿਲਾਂ ਵਾਂਗ ਰਲ ਮਿਲ ਖੇਤੀ ਕਰਨੀ ਸ਼ੁਰੂ ਕਰਨੀ ਪਵੇਗੀ।
ਕਿਸਾਨਾਂ ਨੂੰ ਬੈਂਕਾਂ, ਸਰਕਾਰਾਂ ਤੇ ਆੜਤੀਆਂ ਤੇ ਜ਼ਿਆਦਾ ਹੀ ਨਿਰਭਰ ਨਹੀਂ ਹੋਣਾ ਚਾਹੀਦਾ ਲੇਕਿਨ ਆਪਸ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ। ਸਰਕਾਰੀ ਸਕੀਮਾਂ ਦੀ ਪੂਰੀ ਜਾਣਕਾਰੀ ਰੱਖਣੀ ਚਾਹੀਦੀ ਹੈ ਤੇ ਸਰਕਾਰੀ ਸਕੀਮ ਦਾ ਲਾਭ ਵੀ ਲੈਣਾ ਚਾਹੀਦਾ ਹੈ। ਲੇਕਿਨ ਨਜਾਇਜ਼ ਫਾਇਦਾ ਵੀ ਨਹੀਂ ਉਠਾਉਣਾ ਚਾਹੀਦਾ ਤੇ ਅਜਿਹੀਆਂ ਸਕੀਮਾਂ ਦੇ ਭਾਗੀਦਾਰ ਵੀ ਨਹੀਂ ਹੋਣਾ ਜੋ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਅਤੇ ਕਿਸਾਨਾਂ ਦੇ ਵਿਰੁੱਧ ਜਾਂਦੀਆਂ ਹੋਣ।
ਹਰ ਕਿਸਾਨ ਨੂੰ ਅਪਣੀ ਤੇ ਅਪਣੇ ਬੱਚਿਆਂ ਦੀ ਸਿਹਤ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਨੌਕਰਾਂ ਤੇ ਨਿਰਭਰ ਹੋਣ ਦੀ ਬਿਜਾਇ ਪਰਿਵਾਰ ਸਮੇਤ ਹੱਥੀਂ ਸਖ਼ਤ ਕੰਮ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਕਿ ਸਰੀਰਕ ਤੌਰ ਤੇ ਸਿਹਤਮੰਦ ਰਿਹਾ ਜਾਏ।
ਹੁਣ ਦੇ ਇੰਨੇ ਕੁ ਲੌਕ ਡਾਊਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਾਰਖਾਨੇਦਾਰਾਂ, ਬਿਜ਼ਨਸਮੈਨਾਂ, ਅਮੀਰਾਂ ਦੇ ਘਰ ਬੈਠਣ ਨਾਲ ਸਰ ਸਕਦਾ ਹੈ ਲੇਕਿਨ ਕਿਸਾਨਾਂ ਤੇ ਮਜ਼ਦੂਰਾਂ ਬਿਨਾਂ ਨਹੀਂ ਸਰ ਸਕਦਾ। ਇਸਲਈ ਕਿਸਾਨਾਂ ਤੇ ਮਜ਼ਦੂਰਾਂ ਦਾ ਸਦਾ ਆਦਰ ਕਰੋ।
ਬੈਂਸ ਹੈਲਥ ਸੈਂਟਰ ਮੋਗਾ 9463038229
ਅਪਣੀ ਸਿਹਤ ਦਾ ਧਿਆਨ ਵੱਧ ਤੋਂ ਵੱਧ ਰੱਖੋ। ਤਾਂ ਕਿ ਬੁਢਾਪੇ ਚ ਬੱਚਿਆਂ ਤੇ ਨਿਰਭਰ ਨਾਂ ਹੋਣਾ ਪਵੇ। ਪਰਿਵਾਰ ਦੀ ਸਿਹਤ ਦਾ ਵੀ ਧਿਆਨ ਰੱਖੋ ਤਾਂ ਕਿ ਮਸਾਂ ਕਮਾਏ ਪੈਸੇ ਐਵੇਂ ਇਲਾਜਾਂ ਤੇ ਨਾਂ ਖਰਚਣੇ ਪੈਣ।