ਅੰਮ੍ਰਿਤਸਰ (ਮੀਡੀਆ ਬਿਊਰੋ ) ਕੌਮੀ ਪੱਧਰ ‘ਤੇ ਗੋਕਲ ਮਿਸ਼ਨ ਅਧੀਨ ਚੱਲ ਰਹੇ ਪਸ਼ੂਆਂ ਦੇ ਮਸਨੂਈ ਗਰਭਦਾਨ ਪ੍ਰੋਗਰਾਮ ਵਿਚ ਅੰਮਿ੍ਤਸਰ ਜ਼ਿਲ੍ਹੇ ਨੇ ਰਾਜ ਦੇ ਬਾਕੀ 21 ਜ਼ਿਲ੍ਹਿਆਂ ਨੂੰ ਪਛਾੜ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਜਦਕਿ ਦੇਸ਼ ਭਰ ਦੇ 600 ਜ਼ਿਲ੍ਹਿਆਂ ਵਿਚ ਇਹ 30ਵੇਂ ਸਥਾਨ ਉਤੇ ਰਿਹਾ ਹੈ। ਇਹ ਜਾਣਕਾਰੀ ਦਿੰਦੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਪਵਨ ਮਲਹੋਤਰਾ ਨੇ ਦੱਸਿਆ ਕਿ ਪਸ਼ੂ ਤੇ ਮੱਛੀ ਪਾਲਣ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਕਿਸਾਨਾਂ ਨੂੰ ਉੱਚਾ ਚੁੱਕਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਧੀਨ ਸਾਨੂੰ ਇਹ ਪ੍ਰੋਗਰਾਮ ਸੌਂਪਿਆ ਗਿਆ ਸੀ ਅਤੇ ਵਿਭਾਗ ਦੇ ਸੈਕਟਰੀ ਸ. ਜਸਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਵੱਲੋਂ ਦਿੱਤੀ ਯੋਗ ਅਗਵਾਈ ਸਦਕਾ ਅਸੀਂ ਪੰਜਾਬ ਵਿਚ ਸਭ ਤੋਂ ਅੱਗੇ ਰਹੇ ਹਾਂ।
ਉਨਾਂ ਦੱਸਿਆ ਕਿ ਪਸ਼ੂਆਂ ਦੇ ਨਸਲ ਸੁਧਾਰ ਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਇਰਾਦੇ ਨਾਲ ਪ੍ਰਧਾਨ ਮੰਤਰੀ ਨੇ ਇਹ ਪ੍ਰੋਗਰਾਮ 11 ਸਤੰਬਰ 2019 ਨੂੰ ਸ਼ੁਰੂ ਕੀਤਾ ਸੀ, ਜਿਸ ਨੂੰ 6 ਨਵੰਬਰ 2019 ਨੂੰ ਪੰਜਾਬ ਵਿਚ ਲਾਗੂ ਕੀਤਾ ਜਾ ਸਕਿਆ। ਉਨਾਂ ਦੱਸਿਆ ਕਿ ਜਿਲੇ ਦੇ ਨੋਡਲ ਅਧਿਕਾਰੀ ਡਾ. ਹਰਮਨਪ੍ਰੀਤ ਸਿੰਘ ਵੱਲੋਂ ਸਾਰੇ ਜਿਲੇ ਦੀ ਮੈਪਿੰਗ ਅਤੇ ਸਟਾਫ ਨੂੰ ਇਸ ਸਬੰਧੀ ਸਿਖਲਾਈ ਦੇ ਕੇ ਅਸੀਂ ਅੰਮ੍ਰਿਤਸਰ ਵਿਚ ਦਸੰਬਰ ਮਹੀਨੇ ਕੰਮ ਸ਼ੁਰੂ ਕੀਤਾ ਸੀ।ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਮੱਝਾਂ ਵਿਚ ਮੁਰੱਹਾ, ਨੀਲੀ ਰਾਵੀ ਅਤੇ ਗਾਵਾਂ ਵਿਚ ਜਰਸੀ, ਐਚ. ਐਫ. ਸਾਹੀਵਾਲ ਦਾ ਸੀਮਨ ਵਰਤਿਆ ਗਿਆ। ਉਨਾਂ ਦੱਸਿਆ ਕਿ ਪਹਿਲਾਂ ਇਸ ਸਕੀਮ ਅਧੀਨ ਜ਼ਿਲੇ ਦਾ 100 ਪਿੰਡ ਲਿਆ ਗਿਆ ਸੀ, ਪਰ ਫਿਰ ਸਕੀਮ ਦਾ ਘੇਰਾ ਵਧਾ ਕੇ 300 ਪਿੰਡ ਕੀਤੇ ਗਏ, ਜਿੰਨ੍ਹਾਂ ਵਿਚ ਅਸੀਂ 20823 ਜਾਨਵਰਾਂ ਨੂੰ ਮੁਫਤ ਮਸਨੂਈ ਗਰਭਦਾਨ ਦਿੱਤਾ। ਉਨਾਂ ਦੱਸਿਆ ਕਿ ਹਰੇਕ ਪਸ਼ੂ ਦੇ ਕੰਨ ਉਤੇ ਇਸ ਦੌਰਾਨ 12 ਅੰਕਾਂ ਦਾ ਵਿਲੱਖਣ ਪਛਾਣ ਚਿੰਨ੍ਹ ਵੀ ਦਿੱਤਾ ਗਿਆ, ਜਿਸ ਨਾਲ ਪਸ਼ੂ ਦਾ ਸਾਰਾ ਰਿਕਾਰਡ ਕੌਮੀ ਪੱਧਰ ਉਤੇ ਨੈਸ਼ਨਲ ਡੇਅਰੀ ਵਿਕਾਸ ਬੋਰਡ ਕੋਲ ਜਾ ਚੁੱਕਾ ਹੈ। ਡਾ. ਮਲਹੋਤਰਾ ਨੇ ਇਸ ਕਾਮਯਾਬੀ ਲਈ ਦਾ ਸਿਹਰਾ ਡਾ. ਪ੍ਰਭਦੀਪ ਸਿੰਘ, ਡਾ. ਅਮਰਪ੍ਰੀਤ ਪੰਨੂੰ, ਡਾ. ਵਿਸ਼ਾਲ ਮੜੀਆ, ਏ. ਆਈ. ਲਵਪ੍ਰੀਤ ਸਿੰਘ ਅਤੇ ਗੁਰਲਾਲ ਸਿੰਘ ਦੀ ਟੀਮ ਨੂੰ ਦਿੱਤਾ ਹੈ। ਉਨਾਂ ਕਿਹਾ ਕਿ ਇਸ ਨਾਲ ਪਸ਼ੂਆਂ ਦੀ ਨਸਲ ਵਿਚ ਵੱਡਾ ਸੁਧਾਰ ਆਉਣ ਵਾਲੇ ਸਮੇਂ ਵਿਚ ਵੇਖਣ ਨੂੰ ਮਿਲੇਗਾ, ਜਿਸ ਨਾਲ ਕਿਸਾਨ ਨੂੰ ਵਿੱਤੀ ਤੌਰ ਉਤੇ ਲਾਭ ਹੋਵੇਗਾ।