ਨਾਭਾ ਸਬ ਡਵੀਜਨ ਵਿਖੇ ਰਾਸ਼ਨ ਦੇ 5500 ਪੈਕੇਟ ਵੰਡੇ – ਸੁਰਭੀ ਮਲਿਕ

ਨਾਭਾ ਪ੍ਰਸ਼ਾਸਨ ਦਾ ਫੀਲਡ ਸਟਾਫ਼ ਨਾਭਾ ਵਿਖੇ ਜਰੂਰੀ ਵਸਤਾਂ ਦੀ ਸਪਲਾਈ ਨਿਰਵਿਘਨ ਯਕੀਨੀ ਬਣਾਉਂਦਾ ਹੋਇਆ

ਨਾਭਾ ( ਤਰੁਣ ਮਹਿਤਾ ) ਪੁੱਡਾ ਦੇ ਮੁੱਖ ਪ੍ਰਬੰਧਕ ਸ੍ਰੀਮਤੀ ਸੁਰਭੀ ਮਲਿਕ ਆਈ.ਏ.ਐਸ. ਨੇ ਕੋਰੋਨਾਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਨਾਭਾ ਸਬ ਡਵੀਜਨ ਵਿਖੇ ਲੋਕਾਂ ਨੂੰ ਜਰੂਰੀ ਵਸਤਾਂ ਦੀ ਸਪਲਾਈ, ਲੋੜਵੰਦਾਂ ਨੂੰ ਮੁਢਲੀਆਂ ਸਹੂਲਤਾਂ ਤੇ ਵਸਤਾਂ ਮੁਹੱਈਆ ਕਰਵਾਉਣ ਸਮੇਤ ਕਰਫਿਊੂ ਦੀ ਸਥਿਤੀ ਸਬੰਧੀਂ ਸਮੀਖਿਆ ਕੀਤੀ। ਐਸ.ਡੀ.ਐਮ. ਦਫ਼ਤਰ ਵਿਖੇ ਹੋਈ ਇਸ ਮੀਟਿੰਗ ਦੌਰਾਨ ਨਾਭਾ ਦੇ ਐਸ.ਡੀ.ਐਮ. ਸ੍ਰੀ ਸੂਬਾ ਸਿੰਘ, ਡੀ.ਐਸ.ਪੀ. ਸ੍ਰੀ ਵਰਿੰਦਰਜੀਤ ਸਿੰਘ ਥਿੰਦ, ਡੀ.ਐਫ.ਐਸ.ਓ. ਸ੍ਰੀਮਤੀ ਡੇਜ਼ੀ ਖੋਸਲਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਇਸ ਮੌਕੇ ਸ੍ਰੀਮਤੀ ਸੁਰਬੀ ਮਲਿਕ ਨੇ ਦੱਸਿਆ ਕਿ ਸਬ ਡਵੀਜਨ ਨਾਭਾ ਵਿਖੇ ਦੁੱਧ, ਸਬਜ਼ੀਆਂ, ਕਰਿਆਨਾ, ਦਵਾਈਆਂ ਤੇ ਗੈਸ ਦੀ ਸਪਲਾਈ ਸਮੇਤ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਨਾਭਾ ਤੇ ਭਾਦਸੋਂ ਵਿਖੇ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦਾਂ ਤੇ ਗਰੀਬਾਂ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਵੀ ਸਮੀਖਿਆ ਕੀਤੀ ਅਤੇ ਇਸ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹੁਣ ਤੱਕ ਵੱਖ-ਵੱਖ ਸੰਸਥਾਵਾਂ, ਰੈਡ ਕਰਾਸ ਤੇ ਸਰਕਾਰ ਵੱਲੋਂ ਪ੍ਰਾਪਤ ਹੋਏ ਰਾਸ਼ਨ ਦੇ 5500 ਪੈਕਟ ਵੰਡੇ ਜਾ ਚੁੱਕੇ ਹਨ ਜਦੋਂਕਿ ਤਕਰੀਬਨ 40 ਹਜ਼ਾਰ ਲੋਕਾਂ ਲਈ ਪੱਕੇ ਹੋਏ ਲੰਗਰ ਦੇ ਪੈਕਟ ਮੁਹੱਈਆ ਕਰਵਾਏ ਜਾ ਚੁੱਕੇ ਹਨ।


ਸ੍ਰੀਮਤੀ ਮਲਿਕ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਨਾਭਾ ਸ਼ਹਿਰ ਅਤੇ ਇਸਦੀਆਂ ਬਾਹਰਲੀਆਂ ਕਲੋਨੀਆਂ ਸਮੇਤ 8000 ਲੋਕਾਂ ਨੂੰ ਰੋਜ਼ਾਨਾ ਪੱਕਿਆ ਹੋਇਆ ਲੰਗਰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਵੱਖ-ਵੱਖ ਲੋਕਾਂ ਨਾਲ ਇਸ ਬਾਰੇ ਗੱਲਬਾਤ ਵੀ ਕੀਤੀ ਹੈ, ਜਿਸ ‘ਤੇ ਲੋਕਾਂ ਨੇ ਵੀ ਤਸੱਲੀ ਪ੍ਰਗਟਾਈ ਹੈ। ਸਬ ਡਵੀਜਨ ਅਧੀਨ ਆਉਂਦੇ ਗਰੀਬ ਪਰਿਵਾਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ਨੂੰ ਲੋੜੀਂਦੀਆਂ ਮੁਢਲੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਐਸ.ਡੀ.ਐਮ. ਸ੍ਰੀ ਸੂਬਾ ਸਿੰਘ ਨੇ ਦੱਸਿਆ ਕਿ ਸਬ ਡਵੀਜਨ ਦੇ ਸਥਾਪਤ ਕੀਤੇ ਗਏ ਕੰਟਰੋਲ ਰੂਮ ਦਾ ਨੰਬਰ 01765-220654 ਹੈ, ਇਸ ‘ਤੇ 1 ਅਪ੍ਰੈਲ ਤੋਂ ਅੱਜ ਤੱਕ ਆਈਆਂ 170 ਕਾਲਾਂ ਵਿੱਚੋਂ ਜ਼ਿਆਦਾਤਰ ਦਾ ਹੱਲ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਯਕੀਨ ਨਾ ਕਰਨ, ਕਿਉਂਕਿ ਕਿਸੇ ਵੀ ਤਰਾਂ ਦੀਆਂ ਜਰੂਰੀ ਵਸਤਾਂ ਦੀ ਕੋਈ ਥੁੜ ਨਹੀਂ ਹੈ। ਆਮ ਲੋਕ ਆਪਣੀਆਂ ਰੋਜਮਰ੍ਹਾ ਦੀਆਂ ਲੋੜੀਂਦੀਆਂ ਵਸਤਾਂ ਆਪਣੀ ਲੋੜ ਮੁਤਾਬਕ ਹੀ ਖਰੀਦਣ ਅਤੇ ਕਿਸੇ ਵੀ ਦਿੱਕਤ ਦੀ ਸੂਰਤ ਵਿੱਚ ਕੰਟਰੋਲ ਰੂਮ ‘ਤੇ ਸੰਪਰਕ ਕਰਨ।

Share This :

Leave a Reply