ਦੂਸਰੇ ਰਾਜਾਂ/ਜ਼ਿਲ੍ਹਿਆਂ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਦਾਖਲ ਹੋਣ ਵਾਲਿਆਂ ਨੂੰ ਆਪਣਾ ਵੇਰਵਾ ਦੇਣਾ ਲਾਜ਼ਮੀ ਹੋਇਆ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਨੇ ਜ਼ਿਲ੍ਹੇ ਵਿਚ 23 ਮਾਰਚ ਤੋਂ ਕਰਫ਼ਿਊ ਲੱਗਣ ਤੋਂ ਬਾਅਦ ਕਿਸੇ ਵੀ ਵਿਅਕਤੀ ਦੇ ਚੱਲਣ-ਫਿਰਨ ਅਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ’ਤੇ ਜਾਣ ਦੀ ਮਨਾਹੀ ਦੇ ਮੱਦੇਨਜ਼ਰ ਪਰਮਿਟ ਪ੍ਰਾਪਤ ਕਰਕੇ ਹੋਰ ਜਿਲ੍ਹਿਆਂ ਜਾਂ ਸਟੇਟ ਤੋਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਆਉਣ ਵਾਲੇ ਲੋਕਾਂ ਨੂੰ ਜ਼ਿਲ੍ਹਾ ਐਂਟਰੀ ਨਾਕਿਆਂ ’ਤੇ ਜਾਂ ਨੇੜਲੇ ਪੁਲਿਸ ਸਟੇਸ਼ਨ ’ਚ ਆਪਣਾ ਨਾਮ, ਪਤਾ ਤੇ ਟੈਲੀਫ਼ੋਨ ਨੰਬਰ ਦਰਜ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ।

‘ਦੀ ਐਪੀਡੈਮਿਕ ਡਿਜ਼ੀਜ਼ ਐਕਟ-1897’ ਤਹਿਤ ਨਿਰਧਾਰਿਤ ਪ੍ਰੋਟੋਕਾਲ ਅਨੁਸਾਰ ਜ਼ਿਲ੍ਹੇ ’ਚ ਬਿਮਾਰੀ ਦੀ ਰੋਕਥਾਮ ਲਈ ਚੁੱਕੇ ਜਾ ਰਹੇ ਕਦਮਾਂ ਤਹਿਤ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਕੋਵਿਡ-19 ਦੇ ਲੱਛਣ ਨਾ ਹੋਣ ’ਤੇ 14 ਦਿਨ ਲਈ ਘਰ ’ਚ ਸਵੈ-ਨਜ਼ਰਬੰਦੀ (ਅਲਹਿਦਗੀ) ਅਤੇ ਲੱਛਣ ਹੋਣ ’ਤੇ ਤੁਰੰਤ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਭੇਜੇ ਜਾਣ ਦੀ ਲੋੜ ਹੁੰਦੀ ਹੈ। ਇਸ ਲਈ ਬਾਹਰੋਂ ਜ਼ਿਲ੍ਹੇ ’ਚ ਦਾਖਲ ਹੋਣ ਵਾਲੇ ਨੂੰ, ਪੁਲਿਸ ਨਾਕਿਆਂ ’ਤੇ ਆਪਣੀ ਜਾਣਕਾਰੀ ਦੇਣ ਤੋਂ ਬਾਅਦ ਜ਼ਿਲ੍ਹੇ ’ਚ ਠਹਿਰਣ ਦੀ ਸੂਰਤ ’ਚ ਤੁਰੰਤ ਉਸ ਨੂੰ ਇਲਾਕੇ ਦੇ ਸੀ ਡੀ ਪੀ ਓ ਦਫ਼ਤਰ ’ਚ ਆਪਣੀ ਜਾਣਕਾਰੀ ਦੇਣ ਦੀ ਹਦਾਇਤ ਕੀਤੀ ਜਾਂਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਇਸ ਦੇ ਨਾਲ ਹੀ ਜੇਕਰ ਕੋਈ ਵੀ ਵਿਅਕਤੀ ਦੂਸਰੇ ਰਾਜ ਜਾਂ ਜ਼ਿਲ੍ਹੇ ਤੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਆ ਕੇ ਇਨ੍ਹਾਂ ਹੁਕਮਾਂ ਤੋਂ ਪਹਿਲਾਂ ਕਿਸੇ ਕੋਲ ਰਹਿ ਰਿਹਾ ਹੈ ਤਾਂ ਉਹ ਤੁਰੰਤ ਆਪਣੇ ਨੇੜਲੇ ਸੀ ਡੀ ਪੀ ਓ ਦਫ਼ਤਰ ’ਚ ਰਿਪੋਰਟ ਕਰੇ ਅਤੇ ਆਪਣਾ ਮੌਜੂਦਾ ਥਾਂ-ਪਤਾ ਲਿਖਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Share This :

Leave a Reply