ਤੰਦਰੁਸਤ ਹੋ ਕੇ ਪਰਤੇ ਅਕੀਲ ਨੇ ਰਮਜ਼ਾਨ ਮੌਕੇ ਭਾਈਚਾਰੇ ਨੂੰ ਘਰਾਂ ਵਿੱਚ ਹੀ ਰਹਿ ਕੇ ਨਮਾਜ਼ ਅਦਾ ਕਰਨ ਦੀ ਕੀਤੀ ਅਪੀਲ

ਸੰਗਰੂਰ (ਅਜੈਬ ਸਿੰਘ ਮੋਰਾਂ ਵਾਲੀ )ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਮਿਹਨਤੀ ਟੀਮਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਜ਼ਿਲਾ ਸੰਗਰੂਰ ਦੇ ਇੱਕ ਹੋਰ ਕੋਰੋਨਾ ਵਾਇਰਸ ਪਾਜ਼ੀਟਿਵ ਵਿਅਕਤੀ ਨੇ ਇਸ ਨਾਮੁਰਾਦ ਬਿਮਾਰੀ ਕੋਵਿਡ-19 ਵਿਰੁੱਧ ਜੰਗ ਜਿੱਤ ਲਈ ਹੈ। ਅਹਿਮਦਗੜ ਦੇ ਦਹਿਲੀਜ਼ ਕਲਾਂ ਨਾਲ ਸਬੰਧਤ ਇਹ ਵਿਅਕਤੀ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚੋਂ ਤੰਦਰੁਸਤ ਹੋ ਕੇ ਨਿਕਲਿਆ। ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਵਲ ਸਰਜਨ ਡਾ. ਰਾਜ ਕੁਮਾਰ, ਐਸ.ਐਮ.ਓ ਡਾ. ਕਿਰਪਾਲ ਸਿੰਘ ਅਤੇ ਜ਼ਿਲਾ ਐਪੋਡੀਮੋਲੋਜਿਸਟ ਡਾ. ਉਪਾਸਨਾ ਬਿੰਦਰਾ ਨੇ ਇਸ ਵਿਅਕਤੀ ਨੂੰ ਗੁਲਦਸਤੇ ਤੇ ਮਿਠਾਈ ਭੇਟ ਕਰਕੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਜਿਕਰਯੋਗ ਹੈ ਕਿ ਸ਼੍ਰੀ ਅਕੀਲ ਦੀਆ ਲਗਾਤਾਰ ਦੋ ਰਿਪੋਰਟਾਂ ਨੈਗੇਟਿਵ ਆਈਆਂ ਹਨ ਅਤੇ ਅੱਜ ਇਨਾਂ ਨੂੰ ਘਰ ਭੇਜ ਦਿੱਤਾ ਗਿਆ ਹੈ।

ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਸ਼੍ਰੀ ਅਕੀਲ ਨੇ ਗੱਲਬਾਤ ਕਰਦਿਆਂ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਸਿਹਤ ਸੇਵਾਵਾਂ ਲਈ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਉਨਾਂ ਕਿਹਾ ਕਿ ਡਾਕਟਰਾਂ ਤੇ ਸਟਾਫ਼ ਨੇ ਪੂਰਾ ਸਹਿਯੋਗ ਦਿੱਤਾ ਅਤੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਗਈ। ਪਵਿੱਤਰ ਰਮਜ਼ਾਨ ਦੇ ਮੱਦੇਨਜ਼ਰ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿ ਕੇ ਹੀ ਨਮਾਜ਼ ਅਦਾ ਕੀਤੇ ਜਾਣ ਦੀ ਅਪੀਲ ਕਰਦਿਆਂ ਸ਼੍ਰੀ ਅਕੀਲ ਨੇ ਕਿਹਾ ਕਿ ਸਮਾਜਿਕ ਦੂਰੀ ਨੂੰ ਕਾਇਮ ਰੱਖਣਾ ਸਮੇਂ ਦੀ ਅਹਿਮ ਲੋੜ ਹੈ ਅਤੇ ਆਪਣੇ ਘਰਾਂ ਵਿੱਚ ਵੀ ਜਿਥੇ ਤੱਕ ਹੋ ਸਕੇ ਆਪਣੇ ਪਰਿਵਾਰਕ ਮੈਂਬਰਾਂ ਨਾਲੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਉਨਾਂ ਕਿਹਾ ਕਿ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ ਜਾਵੇ ਅਤੇ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ‘ਤੇ ਜਾਰੀ ਹੋਣ ਵਾਲੀਆਂ ਸਿਹਤ ਸਬੰਧੀ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਆਪਣੇ ਹੱਥ ਵਾਰ ਵਾਰ ਧੋਣੇ ਯਕੀਨੀ ਬਣਾਏ ਜਾਣ ਅਤੇ ਜਦੋਂ ਤੱਕ ਇਹ ਬਿਮਾਰੀ ਫੈਲੀ ਹੋਈ ਹੈ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਦੱਸਿਆ ਕਿ ਉਹ ਦਿੱਲੀ ਤੋਂ ਮਲੇਰਕੋਟਲਾ ਆਏ ਸਨ ਅਤੇ ਮਲੇਰਕੋਟਲਾ ਤੋਂ ਦਹਿਲੀਜ਼ ਕਲਾਂ ਵਿਖੇ ਪੁੱਜੇ ਸਨ ਅਤੇ ਜਿਵੇਂ ਹੀ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਸੰਕਰਮਿਤ ਹੋਣ ਬਾਰੇ ਪਤਾ ਲੱਗਿਆ ਤਾਂ ਉਨਾਂ ਦਾ ਵਧੀਆ ਇਲਾਜ ਕਰਵਾਇਆ ਗਿਆ ਤੇ ਉਹ ਸਿਹਤਯਾਬ ਹੋ ਸਕੇ ਹਨ।ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕਿਰਪਾਲ ਸਿੰਘ ਨੇ ਕਿਹਾ ਕਿ ਸ਼੍ਰੀ ਅਕੀਲ ਵੱਲੋਂ ਹਸਪਤਾਲ ਦੇ ਸਟਾਫ਼ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਤੇ ਉਨਾਂ ਦਾ ਵਿਵਹਾਰ ਸਟਾਫ਼ ਪ੍ਰਤੀ ਚੰਗਾ ਰਿਹਾ। ਉਨਾਂ ਦੱਸਿਆ ਕਿ ਬੀਤੀ 9 ਅਪ੍ਰੈਲ ਨੂੰ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਇਥੇ ਵਧੀਆ ਇਲਾਜ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਅਤੇ ਅੱਜ ਇਹ ਸਿਹਤਯਾਬ ਹੋ ਕੇ ਇਥੋ ਜਾ ਰਹੇ ਹਨ ਜਿਸ ਨਾਲ ਡਾਕਟਰੀ ਤੇ ਪੈਰਾ ਮੈਡੀਕਲ ਸਟਾਫ਼ ਖੁਸ਼ ਹੈ।

Share This :

Leave a Reply