ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਬੀਤੀ 25 ਅਪਰੈਲ ਨੂੰ ਕੋਰੋਨਾ ਵਾਇਰਸ ਟੈਸਟ ਦੇ ਪਾਜ਼ਿਟਿਵ ਪਾਏ ਜਾਣ ਬਾਅਦ ਬਲਾਚੌਰ ਦੇ ਬੂਥਗੜ੍ਹ ਤੋਂ ਆਈਸੋਲੇਸ਼ਨ ਵਾਰਡ ਨਵਾਂਸ਼ਹਿਰ ਲਿਆਂਦੇ ਗਏ ਮਰੀਜ਼ ਜਤਿੰਦਰ ਕੁਮਾਰ ਨੂੰ ਅੱਜ ਕੋਰੋਨਾ ’ਤੇ ਫ਼ਤਿਹ ਪਾਉਣ ਬਾਅਦ ਘਰ ਭੇਜ ਦਿੱਤਾ ਗਿਆ। ਜਤਿੰਦਰ ਕੁਮਾਰ ਨੇ ਇਸ ਮੌਕੇ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਨੂੰ ਸਿਹਤਯਾਬ ਕਰਨ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ।
ਮੈਡੀਕਲ ਅਫ਼ਸਰ ਡਾ. ਸਤਿੰਦਰਪਾਲ ਸਿੰਘ ਵੱਲੋਂ ਇਸ ਮੌਕੇ ਜਤਿੰਦਰ ਨੂੰ ਘਰ ’ਚ 14 ਦਿਨ ਦੀ ਅਲਹਿਦਗੀ ਰੱਖਣ ਅਤੇ ਆਪਣੇ ਆਪ ਨੂੰ ਪੂਰੀਆਂ ਸਾਵਧਾਨੀਆਂ ’ਚ ਰੱਖਣ ਦੀ ਤਾਕੀਦ ਕੀਤੀ ਗਈ। ਐਸ ਐਮ ਓ ਡਾ. ਹਰਵਿੰਦਰ ਸਿੰਘ ਨੇ ਅੱਜ ‘ਕੌਮਾਂਤਰੀ ਨਰਸਿਜ਼ ਦਿਵਸ’ ਦੇ ਮੁਬਾਰਕ ਦਿਹਾੜੇ ’ਤੇ ਜਤਿੰਦਰ ਕੁਮਾਰ ਦੇ ਸਿਹਤਯਾਬ ਹੋ ਕੇ ਘਰ ਜਾਣ ਦਾ ਸਿਹਰਾ ਆਈਸੋਲੇਸ਼ਨ ਵਾਰਡ ’ਚ ਸੇਵਾ ਨਿਭਾਅ ਰਹੇ ਨਰਸਿੰਗ ਸਟਾਫ਼ ਨੂੰ ਦਿੱਤਾ। ਉਨ੍ਹਾਂ ਦੱਸਿਆ ਕਿ ਹੁਣ ਜਤਿੰਦਰ ਦੇ ਦੋ ਸਾਥੀ ਤੇ ਉਸ ਦੀ ਮਾਤਾ ਬੂਥਗੜ੍ਹ ਨਾਲ ਸਬੰਧਤ ਕੋਵਿਡ ਮਰੀਜ਼ਾਂ ’ਚੋਂ ਇੱਥੇ ਰਹਿ ਗਏ ਹਨ, ਜਿਨ੍ਹਾਂ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ’ਤੇ ਟੈਸਟ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਤਿੰਦਰ ਦੇ ਸਿਹਤਯਾਬ ਹੋਣ ਬਾਅਦ ਆਈਸੋਲੇਸ਼ਨ ਨਵਾਂਸ਼ਹਿਰ ’ਚ 68 ਮਰੀਜ਼ ਰਹਿ ਗਏ ਹਨ ਜਦਕਿ 16 ਮਰੀਜ਼ ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਢਾਹਾਂ ਕਲੇਰਾਂ ’ਚ ਹਨ। ਇਸ ਮੌਕੇ ਜ਼ਿਲ੍ਹਾ ਹਸਪਤਾਲ ਦਾ ਸਟਾਫ਼ ਵੀ ਮੌਜੂਦ ਸੀ।