ਸੈਂਪਲਾਂ ਦੇ ਨਤੀਜੇ ਆਉਣ ਤੱਕ ਇੱਥੇ ਹੀ ਕੀਤਾ ਜਾਵੇਗਾ ਕੁਆਰਨਟਾਈਨ
ਨਵਾਂਸ਼ਹਿਰ/ਬਲਾਚੌਰ/ਬਹਿਰਾਮ (ਏ-ਆਰ. ਆਰ. ਐੱਸ. ਸੰਧੂ) ਪੰਜਾਬ ਸਰਕਾਰ ਵੱਲੋਂ ਲਾਕਡਾਊਨ ਬਾਅਦ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਈ ਸੰਗਤ ਨੂੰ ਵਾਪਸ ਲਿਆਉਣ ਦੀ ਕੜੀ ਤਹਿਤ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਨਾਲ ਸਬੰਧਤ 95 ਸ਼ਰਧਾਲੂ ਦੇਰ ਸ਼ਾਮ ਵੋਲਵੋ ਬੱਸਾਂ ਰਾਹੀਂ ਰਿਆਤ ਕੈਂਪਸ ਰੈਲ ਮਾਜਰਾ ਅਤੇ ਡਾ. ਬੀ ਆਰ ਅੰਬੇਦਕਰ ਇੰਸਟੀਚਿਊਟ ਆਫ਼ ਪੰਚਾਇਤੀ ਰਾਜ ਟ੍ਰੇਨਿੰਗ ਬਹਿਰਾਮ ਵਿਖੇ ਪੁੱਜ ਗਏ। ਇਨਾਂ ਸ਼ਰਧਾਲੂਆਂ ਵੱਲੋਂ ਉਨਾਂ ਨੂੰ ਪੰਜਾਬ ਲਿਆਉੇਣ ਲਈ ਕੀਤੇ ਗਏ ਯਤਨਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਪ੍ਰਗਟਾਇਆ ਗਿਆ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ ਇਨਾਂ ਸ਼ਰਧਾਲੂਆਂ ਦਾ ਸਭ ਤੋਂ ਪਹਿਲਾਂ ਜ਼ਿਲੇ ਵਿੱਚ ਇਨਾਂ ਦੋਵਾਂ ਥਾਂਵਾਂ ‘ਤੇ ਪੁੱਜਣ ‘ਤੇ ਮੈਡੀਕਲ ਚੈਕਅਪ ਕੀਤਾ ਗਿਆ ਅਤੇ ਸੈਂਪਲ ਲਏ ਗਏ। ਉਨਾਂ ਦੱਸਿਆ ਕਿ ਇਨਾਂ ਸ਼ਰਧਾਲੂਆਂ ਵਿੱਚੋਂ 60 ਦਾ ਪ੍ਰਬੰਧ ਰਿਆਤ ਕੈਂਪਸ ਰੈਲਮਾਜਰਾ ਵਿਖੇ ਅਤੇ 35 ਸ਼ਰਧਾਲੂਆਂ ਦਾ ਪ੍ਰਬੰਧ ਡਾ. ਬੀ ਆਰ ਅੰਬੇਦਕਰ ਇੰਸਟੀਚਿਊਟ ਬਹਿਰਾਮ ਵਿਖੇ ਕੀਤਾ ਗਿਆ ਹੈ। ਜੇਕਰ ਮੈਡੀਕਲ ਚੈਕ ਅਪ ਦੌਰਾਨ ਇਨਾਂ ਵਿੱਚੋਂ ਕੋਈ ਵੀ ਸ਼ਰਧਾਲੂ ਕੋਵਿਡ ਦੇ ਲੱਛਣਾਂ ਨਾਲ ਪੀੜਤ ਪਾਇਆ ਗਿਆ ਤਾਂ ਉਸ ਨੂੰ ਜ਼ਿਲਾ ਹਸਪਤਾਲ ਨਵਾਂਸ਼ਹਿਰ ਵਿਖੇ ਲਿਆਂਦਾ ਜਾਵੇਗਾ। ਡਿਪਟੀ ਕਮਿਸ਼ਨਰ ਅਨੁਸਾਰ ਐਸ ਡੀ ਐਮ ਬਲਾਚੌਰ ਜਸਬੀਰ ਸਿੰਘ ਨੂੰ ਰਿਆਤ ਕੈਂਪਸ ਦਾ ਨੋਡਲ ਅਫ਼ਸਰ ਲਾਇਆ ਗਿਆ ਹੈ ਜਦਕਿ ਐਸ ਡੀ ਐਮ ਬੰਗਾ ਗੌਤਮ ਜੈਨ ਨੂੰ ਡਾ. ਅੰਬੇਦਕਰ ਇੰਸਟੀਚਿਊਟ ਬਹਿਰਾਮ ਦਾ ਨੋਡਲ ਅਫ਼ਸਰ ਲਾਇਆ ਗਿਆ ਹੈ।
ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਅਨੁਸਾਰ ਇਨਾਂ ਸਾਰੇ ਸ਼ਰਧਾਲੂਆਂ ਸਮੇਤ ਬੱਸ ਸਟਾਫ਼ ਦਾ ਮੈਡੀਕਲ ਚੈਕ ਅਪ ਕਰਨ ਬਾਅਦ ਮੌਕੇ ‘ਤੇ ਹੀ ਕੋਵਿਡ ਦੀ ਜਾਂਚ ਲਈ ਸੈਂਪਲ ਵੀ ਲਿਆ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਉਨਾਂ ਦੇ ਇੱਥੇ ਹੀ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਨਾਂ ਸ਼ਰਧਾਲੂਆਂ ਨੂੰ ਇੱਥੇ ਹੀ ‘ਕੁਆਰਨਟਾਈਨ’ ਵਿੱਚ ਰੱਖ ਕੇ ਉਨਾਂ ਦੇ ਲਏ ਗਏ ਸੈਂਪਲ ਦੇ ਨਤੀਜੇ ਦੀ ਉਡੀਕ ਕੀਤੀ ਜਾਵੇਗੀ ਅਤੇ ਜਿਸ ਦਾ ਵੀ ਸੈਂਪਲ ਨੈਗੇਟਿਵ ਪਾਇਆ ਗਿਆ, ਉਸ ਨੂੰ 14 ਦਿਨ ਲਈ ਉਸ ਦੇ ਘਰ ਵਿੱਚ ਅਲਹਿਦਾ ਰਹਿਣ ਦੀ ਹਦਾਇਤ ਨਾਲ ਭੇਜ ਦਿੱਤਾ ਜਾਵੇਗਾ। ਕਿਸੇ ਦਾ ਟੈਸਟ ਪਾਜ਼ੇਟਿਵ ਆਉਂਦਾ ਹੈ, ਉਸ ਨੂੰ ਜ਼ਿਲਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਭੇਜ ਦਿੱਤਾ ਜਾਵੇਗਾ।
ਐਸ ਡੀ ਐਮ ਬਲਾਚੌਰ ਜਸਬੀਰ ਸਿੰਘ ਅਨੁਸਾਰ ਇਨਾਂ ਸਾਰਿਆਂ ਦੇ ਇੱਥੇ ਹੀ ਰਹਿਣ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਨਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨਾਂ ਦੇ ਨਾਲ ਤਹਿਸੀਲਦਾਰ ਚੇਤਨ ਬੰਗੜ ਅਤੇ ਡੀ ਐਸ ਪੀ ਜਤਿੰਦਰ ਜੀਤ ਸਿੰਘ ਵੀ ਮੌਜੂਦ ਸਨ। ਇਸ ਮੌਕੇ ਰਿਆਤ ਕੈਂਪਸ ਰੈਲਮਾਜਰਾ ਵਿੱਚ ਐਸ ਐਮ ਓ ਬਲਾਚੌਰ ਡਾ. ਰਵਿੰਦਰ ਸਿੰਘ ਠਾਕੁਰ ਅਤੇ ਐਸ ਐਮ ਓ ਕਾਠਗੜ ਡਾ. ਗੁਰਿੰਦਰਜੀਤ ਸਿੰਘ ਦੀਆਂ ਟੀਮਾਂ ਵੱਲੋਂ ਇਨਾਂ ਸ਼ਰਧਾਲੂਆਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਸੈਂਪਲ ਲਏ ਗਏ।
ਐਸ ਡੀ ਐਮ ਬੰਗਾ ਗੌਤਮ ਜੈਨ ਨੇ ਦੱਸਿਆ ਕਿ ਡਾ. ਬੀ ਆਰ ਅੰਬੇਦਕਰ ਇੰਸਟੀਚਿਊਟ ਬਹਿਰਾਮ ਵਿੱਚ 35 ਸ਼ਰਧਾਲੂਆਂ ਨੂੰ ਕੁਆਰਨਟਾਈਨ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਐਸ ਐਮ ਓ ਬੰਗਾ ਡਾ. ਕਵਿਤਾ ਭਾਟੀਆ ਅਤੇ ਐਸ ਐਮ ਓ ਸੁੱਜੋਂ ਡਾ. ਰੂਬੀ ਭਾਟੀਆ ਦੀਆਂ ਟੀਮਾਂ ਇਨਾਂ ਸ਼ਰਧਾਲੂਆਂ ਦੇ ਮੈਡੀਕਲ ਚੈਕ ਅਪ ਤੇ ਸੈਂਪਲ ਲੈਣ ਵਿੱਚ ਲੱਗੀਆਂ ਹੋਈਆਂ ਸਨ।