
ਅੰਮ੍ਰਿਤਸਰ (ਮੀਡੀਆ ਬਿਊਰੋ )ਕਾਰ ਸੇਵਾ ਡੇਰਾ ਬਾਬਾ ਅਮੀਰ ਸਿੰਘ ਵੱਲੋਂ ਬਾਬਾ ਮੱਖਣ ਸਿੰਘ ਨੇ ਅੱਜ ਕੋਵਿਡ ਸੰਕਟ ਦੇ ਚੱਲਦੇ ਪ੍ਰਸ਼ਾਸ਼ਨ ਦੀ ਸਹਾਇਤਾ ਲਈ 820 ਪੀ ਪੀ ਈ ਕਿੱਟਾਂ, ਜੋ ਕਿ ਮੁੜ ਵੀ ਵਰਤੋਂ ਵਿਚ ਲਿਆਂਦੀਆਂ ਜਾ ਸਕਦੀਆਂ ਹਨ, ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਦੀ ਹਾਜ਼ਰੀ ਵਿਚ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੂੰ ਭੇਟ ਕੀਤੀਆਂ ਗਈਆਂ।
ਇਸ ਮੌਕੇ ਸੰਬੋਧਨ ਕਰਦੇ ਸ੍ਰੀ ਓ ਪੀ ਸੋਨੀ ਨੇ ਕਿਹਾ ਕਿ ਕੋਵਿਡ 19 ਦੇ ਵਿਰੁੱਧ ਜੰਗ ਵਿਚ ਪ੍ਰਸਾਸ਼ਨ ਅਤੇ ਆਮ ਲੋਕਾਂ ਦੀ ਸਹਾਇਤਾ ਲਈ ਸੰਤ ਬਾਬਾ ਅਮੀਰ ਸਿੰਘ ਡੇਰੇ ਵੱਲੋਂ ਲਗਾਤਾਰ ਸਹਾਇਤਾ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਜਿੱਥੇ ਡੇਰੇ ਵੱਲੋਂ ਲੋੜਵੰਦਾਂ ਲਈ ਲੰਗਰ ਦੀ ਪੂਰਤੀ ਕੀਤੀ ਜਾ ਰਹੀ ਹੈ, ਉਥੇ ਇਨਾਂ ਫਰੰਟ ਉਤੇ ਲੜ ਰਹੇ ਸਾਡੇ ਕਰਮਚਾਰੀਆਂ ਦੀ ਸੁਰੱਖਿਆ ਲਈ ਪੀ ਪੀ ਈ ਕਿੱਟਾਂ ਦਾ ਵੱਡਾ ਯੋਗਦਾਨ ਪਾਇਆ ਹੈ, ਜੋ ਕਿ ਸਲਾਹੁਣਯੋਗ ਹੈ। ਇਸ ਮੌਕੇ ਬਾਬਾ ਮੱਖਣ ਸਿੰਘ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅਸੀਂ ਲੋੜਵੰਦਾਂ ਦੀ ਸਹਾਇਤਾ ਲਈ ਕੰਮ ਕਰ ਰਹੇ ਹਾਂ। ਉਨਾਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਸਾਰੇ ਇਕ ਹੋ ਕੇ ਇਸ ਸੰਕਟ ਦਾ ਮੁਕਾਬਲਾ ਕਰੀਏ। ਉਨਾਂ ਸਾਰੇ ਜਿਲਾ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਘਰਾਂ ਵਿਚ ਰਹਿਣ ਤੇ ਜੇ ਬਾਹਰ ਆਉਣਾ ਪਵੇ ਤਾਂ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰਨਾ ਯਕੀਨੀ ਬਨਾਉਣ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਸਿਵਲ ਸਰਜਨ ਸ੍ਰੀ ਜੁਗਲ ਕਿਸ਼ੋਰ, ਜਿਲਾ ਮਲੇਰੀਆ ਅਫ਼ਸਰ, ਡਾ. ਮਦਨ ਮੋਹਨ ਵੀ ਹਾਜ਼ਰ ਸਨ।





















