ਟੈਸਟਿੰਗ ਨੂੰ ਲੈ ਕੇ ਨਿਊਯਾਰਕ ਦੇ ਗਵਰਨਰ ਤੇ ਰਾਸ਼ਟਰਪਤੀ ਆਹਮੋ ਸਾਹਮਣੇ

ਅਮਰੀਕਾ ਵਿਚ ਲੋਕਾਂ ਨੂੰ ਭਵਿੱਖ ਦੀ ਚਿੰਤਾ ਸਤਾਉਣ ਲੱਗੀ।

ਅਮਰੀਕਾ ਵਿਚ ਮੌਤਾਂ ਦੀ ਗਿਣਤੀ 37000 ਤੋਂ ਪਾਰ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਕੋਰੋਨਾਵਾਇਰਸ ਨਾਲ  ਮਰਨ ਵਾਲਿਆਂ ਦੀ ਗਿਣਤੀ 37160 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 3856 ਮੌਤਾਂ ਹੋਈਆਂ ਹਨ। ਪੀੜਤਾਂ ਦੀ ਗਿਣਤੀ ਵੀ ਨਿਰੰਤਰ ਵਧ ਰਹੀ ਹੈ। ਜੌਹਨਜ ਹੋਪਕਿਨਜ਼ ਯੁਨੀਵਰਸਿਟੀ ਅਨੁਸਾਰ ਪੀੜਤਾਂ ਦੀ ਗਿਣਤੀ 7,10,021 ਹੈ। ਇਕੱਲੇ ਨਿਊਯਾਰਕ ਵਿਚ 17131 ਮੌਤਾਂ ਹੋਈਆਂ ਹਨ। ਦੂਸਰਾ ਸਥਾਨ ਨਿਊਜਰਸੀ ਦਾ ਹੈ ਜਿਥੇ 3840 ਲੋਕ ਮੌਤ ਦੇ ਮੂੰਹ ਵਿਚ ਜਾ ਪਏ ਹਨ। ਇਸ ਦਰਿਮਆਨ ਕੁਝ ਇਕ ਥਾਵਾਂ ‘ਤੇ ਲੋਕਾਂ ਨੂੰ ਸਵੇਰੇ ਤੇ ਸ਼ਾਮ ਨੂੰ ਬੀਚ ਉਪਰ ਜਾਣ ਦੀ ਆਗਿਆ ਦਿੱਤੀ ਗਈ ਹੈ ਪਰ ਨਾਲ ਹੀ ਸਮਾਜਕ ਦੂਰੀ ਸਬੰਧੀ ਦਿਸ਼ਾ- ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ।

ਟੈਸਟਿੰਗ ਦੇ ਮਾਮਲੇ ‘ਤੇ ਟਕਰਾਅ : ਟੈਸਟਿੰਗ ਨੂੰ ਲੈ ਕੇ ਨਿਊਯਾਰਕ ਦੇ ਗਵਰਨਰ ਐਂਡਰੀਊ ਕੋਮੋ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲੜਾਈ ਜਗ ਜਾਹਿਰ ਹੋ ਗਈ ਹੈ। ਟਰੰਪ ਵੱਲੋਂ ਸ਼ਿਕਾਇਤਾਂ ਕਰਨ ਦੇ ਮੁੱਦੇ ‘ਤੇ ਕੋਮੋ ਦੀ ਸਖ਼ਤ ਅਲੋਚਨਾ ਕੀਤੀ ਗਈ ਸੀ ਜਿਸ ਦੇ ਜਵਾਬ ਵਿਚ ਕੋਮੋ ਨੇ ਟਵੀਟ ਕੀਤਾ ਹੈ ਕਿ ਰਾਸ਼ਟਰਪਤੀ ਟੈਸਟਿੰਗ ਦੇ ਮਾਮਲੇ ਵਿਚ ਸਾਡੀ ਮੱਦਦ ਕਰਨੀ ਨਹੀਂ ਚਹੁੰਦਾ। ਉਸ ਨੇ ਕਿਹਾ ਹੈ  ਟਰੰਪ ਨੇ ਵਾਰ ਵਾਰ ਕਿਹਾ ਹੈ ਕਿ  ਉਹ ਟੈਸਟਿੰਗ ਵਿਚ ਸ਼ਾਮਿਲ ਨਹੀਂ ਹੋਣਾ ਚਹੁੰਦੇ ਕਿਉਂਕਿ ਇਹ ਬਹੁਤ ਸਖ਼ਤ ਤੇ ਗੁੰਝਲਦਾਰ ਮਾਮਲਾ ਹੈ। ਰਾਸ਼ਟਰਪਤੀ ਜੀ ਮੈ ਸਮਝਦਾ ਹਾਂ ਇਹ ਗੁੰਝਲਦਾਰ ਮਾਮਲਾ ਹੈ ਇਸੇ ਲਈ ਤਾਂ ਸਾਨੂੰ ਤੁਹਾਡੀ ਮੱਦਦ ਦੀ ਲੋੜ ਹੈ।

ਅਮਰੀਕਾ ਵਿਚ ਲੋਕਾਂ ਨੂੰ ਭਵਿੱਖ ਦੀ ਚਿੰਤਾ ਸਤਾਉਣ ਲੱਗੀ: ਵਿਸ਼ਵ ਪੱਧਰ ਉਪਰ ਕੋਰੋਨਾਵਾਇਰਸ ਨੇ ਕਾਰੋਬਾਰਾਂ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ ਤੇ ਭਿਆਨਕ ਮੰਦਾ ਆਉਣ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ। ਅਮਰੀਕਾ ਵਿਚ ਇਸ ਸਮੇਂ ਹਾਲਾਤ ਬਹੁਤ ਮਾੜੇ ਹਨ ਤੇ ਬੇਰੁਜ਼ਗਾਰ ਦੀ ਤਾਦਾਦ ਨਿਰੰਤਰ ਵਧ ਰਹੀ ਹੈ। ਛੋਟੇ- ਛੋਟੇ ਕਾਰੋਬਾਰ ਬੰਦ ਹਨ। ਘਰਾਂ ਵਿਚ ਤੜੇ ਲੋਕਾਂ ਨੂੰ ਭਵਿੱਖ ਦੀ ਚਿੰਤਾ ਸਤਾ ਰਹੀ ਹੈ। ਲੋਕ ਆਪਣੇ ਘਰਾਂ ਤੇ ਕਾਰਾਂ ਦੀਆਂ ਕਿਸ਼ਤਾਂ ਦੇਣ ‘ਚ ਅਸਮਰਥ ਹਨ ਤੇ ਉਹ ਬੈਂਕਾਂ ਨੂੰ ਕਿਸ਼ਤਾਂ ਦੀ ਅਦਾਇਗੀ ਅੱਗੇ ਪਾਉਣ ਦੀਆਂ ਬੇਨਤੀਆਂ ਕਰ ਰਹੇ ਹਨ। ਬੇਰੁਜ਼ਗਾਰਾਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਆਕਸਫੋਰਡ ਇਕਨੌਮਿਕਸ ਅਨੁਸਾਰ ਖਾਣ ਪੀਣ ਤੇ ਪ੍ਰਚੂਨ ਕਾਰੋਬਾਰਾਂ ਤੋਂ ਪ੍ਰਤੀ ਘੰਟੇ ਦੇ ਆਧਾਰ ‘ਤੇ ਮਜ਼ਦੂਰੀ ਲੈਣ ਵਾਲੇ 60% ਲੋਕ ਵਿਹਲੇ ਹੋ ਗਏ ਹਨ। ਇਸ ਸਮੇਂ ਦੌਰਾਨ ਹਰੇਕ ਵਰਕਰ ਨੂੰ ਪ੍ਰਤੀ ਮਹੀਨਾ 1400 ਡਾਲਰ ਦਾ ਨੁਕਸਾਨ ਹੋਇਆ ਹੈ। ਹਵਾਈ ਜੋ ਸੈਰ ਸਪਾਟਾ ਸਨਅਤ ਲਈ ਜਾਣਿਆ ਜਾਂਦਾ ਹੈ, ਉਨਾਂ ਰਾਜਾਂ ਵਿਚ ਸ਼ਾਮਿਲ ਹੈ ਜੋ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ।

ਬੇਰੁਜਗਾਰੀ ਨੇ ਰਿਕਾਰਡ ਤੋੜਿਆ: ਅਮਰੀਕਾ ਵਿੱਚ ਕਰੋੜਾਂ ਲੋਕਾਂ ਨੇ ਬੇਰੁਜਗਾਰੀ ਭੱਤੇ ਲਈ ਅਪਲਾਈ ਕੀਤਾ ਹੈ ਇਥੇ ਦੇ 21.7% ਵਰਕਰਾਂ ਨੇ ਬੇਰੁਜ਼ਗਾਰੀ ਭੱਤੇ ਲਈ ਦਰਖਾਸਤਾਂ ਦਿੱਤੀਆਂ ਹਨ। ਮਿਸ਼ੀਗਨ ਵਿਚ 21% ਵਰਕਰਾਂ ਨੇ ਬੇਰੁਜ਼ਗਾਰੀ ਲਾਭ ਲਈ ਦਾਅਵਾ ਕੀਤਾ ਹੈ। ਪੈਨਸਿਲਵਾਨਿਆ ਵਿਚ ਇਹ ਗਿਣਤੀ  19.8% ਹੈ। ਨਵਾਦਾ ਤੇ ਓਹੀਓ ਵਿਚ ਕ੍ਰਮਵਾਰ 19.3% ਤੇ 14.6% ਵਰਕਰਾਂ ਨੇ ਬੇਰੁਜ਼ਗਾਰੀ ਲਾਭ ਲੈਣ ਲਈਆਂ ਅਰਜੀਆਂ ਦਿੱਤੀਆਂ ਹਨ। ਕੈਲੀਫੋਰਨੀਆ ਵਿਚ ਸਭ ਤੋਂ ਵਧ 28 ਲੱਖ ਅਮਰੀਕੀਆਂ ਨੇ ਬੇਰੁਜ਼ਗਾਰੀ ਲਾਭ ਉਪਰ ਦਾਅਵਾ ਕੀਤਾ ਹੈ। ਪਿਛਲੇ ਮਹੀਨੇ ਦੌਰਾਨ 2 ਕਰੋੜ 20 ਲੱਖ ਤੋਂ ਵਧ ਵਿਅਕਤੀਆਂ ਨੇ ਬੇਰੁਜ਼ਗਾਰੀ ਭੱਤਾ ਲੈਣ ਲਈ ਦਰਸਖਾਸਤਾਂ ਦਿੱਤੀਆਂ ਸਨ। ਇਸ ਸਦੀ ਦੇ ਪਹਿਲੇ ਦਹਾਕੇ ਵਿਚ ਅਮਰੀਕਾ ‘ਚ ਆਏ ਭਿਆਨਕ ਮੰਦੇ ਉਪਰੰਤ ਜਿਨਾਂ ਲੋਕਾਂ ਨੂੰ ਨੌਕਰੀਆਂ ਮਿਲੀਆਂ ਸਨ ਉਹ ਸਭ ਬੇਰੁਜ਼ਗਾਰ ਹੋ ਗਏ ਹਨ। ਆਰਥਕ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਹਫ਼ਤਿਆਂ ਦੌਰਾਨ ਹੋਰ ਅਮਰੀਕੀਆਂ ਵੱਲੋਂ ਬੇਰੁਜ਼ਗਾਰੀ ਲਾਭ ਲੈਣ ਲਈ ਅਰਜੀਆਂ ਦਿੱਤੀਆਂ ਜਾਣਗੀਆਂ ਕਿਉਂਕਿ ਬਹੁਤ ਵੱਡੀ ਗਿਣਤੀ ਵਿਚ  ਲੋਕ ਮੁਸ਼ਕਿਲ ਪ੍ਰਕ੍ਰਿਆ ਕਾਰਨ ਅਰਜੀਆਂ ਦੇਣ ਤੋਂ ਰਹਿ ਗਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਹੀ ਵਜਾ ਹੈ ਕਿ ਰਾਸ਼ਟਰਪਤੀ ਟਰੰਪ ਛੇਤੀ ਅਰਥ ਵਿਵਸਥਾ ਖੋਲਣਾ ਚਹੁੰਦੇ ਹਨ ਪਰ ਇਸ ਸਮੇਂ ਜੋ ਹਾਲਾਤ ਬਣੇ ਹੋਏ ਹਨ ਉਸ ਤੋਂ ਲੱਗਦਾ ਹੈ ਕਿ ਅਰਥਵਿਵਸਥਾ ਖੋਲਣਾ ਅਜੇ ਬਹੁਤ ਦੂਰ ਦੀ ਗੱਲ ਹੈ। ਇਸ ਬਾਰੇ ਅਜੇ ਕੇਵਲ ਸੋਚਿਆ ਜਾ ਸਕਦਾ ਹੈ।

Share This :

Leave a Reply