ਜੇਲ੍ਹ ਸੁਰੱਖਿਆ ਸਬੰਧੀ ਕਮਾਡੈਂਟ ਧਾਲੀਵਾਲ ਨੇ ਕੇਂਦਰੀ ਜੇਲ੍ਹ ਦਾ ਕੀਤਾ ਅਚਾਨਕ ਦੌਰਾ

ਪਟਿਆਲਾ (ਅਰਵਿੰਦਰ ਸਿੰਘ) ਕਮਾਡੈਂਟ ਰਾਏ ਸਿੰਘ ਧਾਲੀਵਾਲ ਵੱਲੋਂ ਟੀਮ ਸਮੇਤ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਤੜਕਸਾਰ ਅਚਨਚੇਤ ਦੌਰਾ ਕਰਕੇ ਸਕਿਉਰਟੀ ਟਾਵਰਾਂ ‘ਤੇ ਡਿਊਟੀ ਦੇ ਰਹੇ ਜਵਾਨਾਂ ਨੂੰ ਚੈਕ ਕੀਤਾ ਗਿਆ। ਇਸ ਮੌਕੇ ‘ਤੇ ਕਮਾਡੈਂਟ ਧਾਲੀਵਾਲ, ਇੰਚਾਰਜ ਕਰਮਜੀਤ ਸਿੰਘ ਅਤੇ ਨਾਹਰ ਸਿੰਘ ਵੱਲੋਂ ਸਾਰੇ ਟਾਵਰਾਂ ਦੇ ਉੱਪਰ ਜਾ ਕੇ ਅਤੇ ਜਵਾਨਾਂ ਦੀਆਂ ਰਿਹਾਇਸ਼ੀ ਬੈਰਕਾਂ ਨੂੰ ਵੀ ਗਹੁ ਨਾਲ ਚੈਕ ਕੀਤਾ ਗਿਆ ਅਤੇ ਜਵਾਨਾਂ ਦੀ ਤਲਾਸ਼ੀ ਵੀ ਲਈ ਗਈ ਤਾਂ ਜੋ ਕਿਸੇ ਵੀ ਜਵਾਨ ਕੋਲ ਕੋਈ ਵੀ ਨਸ਼ੀਲਾ ਪਦਾਰਥ ਨਾ ਹੋਵੇ ਅਤੇ ਅਸਲਾ ਐਮੂਨੀਸ਼ਨ ਪੂਰੀ ਗਹਿਰਾਈ ਨਾਲ ਚੈਕ ਕੀਤਾ ਗਿਆ।
ਇਸ ਮੌਕੇ ਕਮਾਡੈਂਟ ਵੱਲੋਂ ਸਕਿਉਰਟੀ ‘ਤੇ ਤੈਨਾਤ ਜਵਾਨਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਕਿ ਨਸ਼ਾ/ਸ਼ਰਾਬ ਦੀ ਵਰਤੋਂ ਕਰਨ ਵਾਲੇ ਜਵਾਨਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਨੁਸ਼ਾਸਨਹੀਣਤਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਮੂਹ ਜਵਾਨਾਂ ਨੂੰ ਹਦਾਇਤ ਕੀਤੀ ਕਿ ਜੇਲ੍ਹ ਟਾਵਰਾਂ ਦੇ ਆਲੇ-ਦੁਆਲੇ ਦੂਰ ਤੱਕ ਨਜ਼ਰ ਰੱਖੀ ਜਾਵੇ। ਕਿਸੇ ਵੀ ਤਰ੍ਹਾਂ ਦੀ ਸ਼ੱਕੀ ਹਿੱਲ-ਜੁੱਲ ਨਜ਼ਰ ਆਵੇ ਤਾਂ ਤੁਰੰਤ ਜੇਲ੍ਹ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ ਜਾਵੇ ਅਤੇ ਮੈਸੇਜ ਰਾਹੀਂ ਪੂਰੀ ਜੇਲ੍ਹ ਸੁਰੱਖਿਆ ਨੂੰ ਅਲਰਟ ਕਰ ਦਿੱਤਾ ਜਾਵੇ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਕੁਝ ਸ਼ਰਾਰਤੀ ਅਨਸਰ ਹਾਲਾਤ ਖਰਾਬ ਕਰਨ ਦੀ ਤਾਕ ਵਿੱਚ ਰਹਿੰਦੇ ਹਨ।
ਇਸ ਮੌਕੇ ਤੇ ਕਮਾਡੈਂਟ ਧਾਲੀਵਾਲ ਵੱਲੋਂ ਜੇਲ੍ਹ ਅਧਿਕਾਰੀਆਂ ਨੂੰ ਟਾਵਰਾਂ ਤੇ ਡਿਊਟੀ ਦੌਰਾਨ ਜਵਾਨਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਵੀ ਜਾਣੂ ਕਰਵਾਇਆ ਅਤੇ ਜਲਦ ਹੀ ਲੋੜੀਂਦੀ ਕਾਰਵਾਈ ਕਰਨ ਦਾ ਜਵਾਨਾਂ ਨੂੰ ਮੌਕੇ ‘ਤੇ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਜੇਲ੍ਹ ਦੀ ਅੰਦਰੂਨੀ ਸੁਰੱਖਿਆ ‘ਚ ਦਖਲਅੰਦਾਜ਼ੀ ਨਹੀ ਕਰਨ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੱਪੇ-ਚੱਪੇ ਤੇ ਨਿਗਰਾਨੀ ਵਧਾ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

Share This :

Leave a Reply