ਸਦੀਆਂ ਪਹਿਲਾਂ ਮਨੁੱਖ ਜੰਗਲਾਂ ਚ ਰਹਿੰਦਾ ਸੀ। ਅਸਲ ਵਿੱਚ ਉਦੋਂ ਸਾਰੀ ਧਰਤੀ ਤੇ ਜੰਗਲ ਹੀ ਜੰਗਲ ਸੀ। ਮਨੁੱਖ ਨੂੰ ਵੀ ਉਦੋਂ ਬਾਕੀ ਜੀਵਾਂ ਵਾਂਗ ਜੰਗਲ ਦੇ ਕਾਨੂੰਨ ਦਾ ਪਾਲਣ ਕਰਨਾ ਪੈਂਦਾ ਸੀ। ਯਾਨਿ ਕਿ ਅਣਸਰਦੇ ਨੂੰ ਹੀ ਬਾਹਰ ਨਿਕਲਣਾ ਤੇ ਜਲਦੀ ਵਾਪਸ ਆ ਜਾਣਾ ਤੇ ਜ਼ਿਆਦਾ ਦੇਰ ਅਪਣੇ ਪਰਿਵਾਰ ਦੇ ਨੇੜੇ ਅਤੇ ਸੰਪਰਕ ਚ ਰਹਿਣਾ ਹੁੰਦਾ ਸੀ। ਜੇ ਕੋਈ ਪਰਿਵਾਰ ਦਾ ਮੈਂਬਰ ਥੋੜਾ ਲੇਟ ਹੋ ਜਾਂਦਾ ਸੀ ਤਾਂ ਉਸ ਨੂੰ ਤੁਰੰਤ ਲੱਭਣ ਲਈ ਤਿਆਰੀ ਕਰ ਲਈ ਜਾਂਦੀ ਸੀ। ਜੇ ਕੋਈ ਬੀਮਾਰ ਹੁੰਦਾ ਸੀ ਤਾਂ ਤੁਰੰਤ ਘਰੇਲੂ ਜੜੀਆਂ ਬੂਟੀਆਂ ਨਾਲ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਸੀ ਤਾਂ ਕਿ ਬੀਮਾਰੀ ਵਿਗੜ ਕੇ ਜਾਨ ਨਾਂ ਲੈ ਲਵੇ।
ਹੌਲੀ ਹੌਲੀ ਮਨੁੱਖ ਨੇ ਵੱਖ ਵੱਖ ਤਰ੍ਹਾਂ ਦੇ ਪੱਤੇ, ਫਲ, ਫੁੱਲ, ਬੀਜ, ਜੜਾਂ, ਸਲਾਦ, ਮੇਵੇ, ਅਨਾਜ, ਦਾਲਾਂ, ਮਸਾਲੇ ਆਦਿ ਜੰਗਲਾਂ ਚੋਂ ਛਾਂਟਕੇ ਰੋਜ਼ਾਨਾ ਖਾਣੇ ਸ਼ੁਰੂ ਕੀਤੇ। ਇਹ ਸਭ ਕੁੱਝ ਉਹਨੇ ਪਸ਼ੂਆਂ ਨੂੰ ਦੇਖਕੇ ਸਿੱਖਿਆ। ਉਹ ਜਾਨਣ ਲੱਗ ਪਿਆ ਸੀ ਕਿ ਜੋ ਕੁੱਝ ਪਸ਼ੂ ਖਾ ਲੈਂਦੇ ਹਨ ਉਹ ਜ਼ਹਿਰੀਲਾ ਨਹੀਂ ਹੁੰਦਾ ਅਤੇ ਉਸਦੇ ਵੀ ਖਾਣਯੋਗ ਹੁੰਦਾ ਹੈ।
ਜਦ ਤੋਂ ਮਨੁੱਖ ਨੇ ਖਤਰਨਾਕ ਜੀਵਾਂ ਤੋਂ ਸੁਰੱਖਿਅਤ ਘਰ ਬਣਾਉਣਾ ਅਤੇ ਕੁੱਝ ਜੀਵਾਂ ਨੂੰ ਪਾਲਤੂ ਬਣਾਉਣਾ ਸਿੱਖਿਆ ਤਦ ਤੋਂ ਮਨੁੱਖ ਦੀ ਜੀਵਨ ਸ਼ੈਲੀ ਚ ਭਾਰੀ ਪਰਿਵਰਤਨ ਆ ਗਿਆ। ਉਦੋਂ ਤੋਂ ਹੀ ਮਨੁੱਖ ਨੇ ਜੰਗਲਾਂ ਦੀ ਕਟਾਈ ਕਰਨੀ ਸ਼ੁਰੂ ਕੀਤੀ ਹੋਈ ਹੈ।
ਪਹਿਲਾਂ ਜੰਗਲਾਂ ਤੋਂ ਹੀ ਮੁਫ਼ਤ ਵਿੱਚ ਮਨੁੱਖ ਅਤੇ ਸਭ ਜੀਵ ਜੰਤੂਆਂ ਦਾ ਪੇਟ ਭਰਦਾ ਸੀ। ਲੇਕਿਨ ਜਿਉਂ ਹੀ ਮਨੁੱਖ ਨੇ ਜੰਗਲਾਂ ਦੀ ਕਟਾਈ ਜ਼ਿਆਦਾ ਕਰ ਦਿੱਤੀ ਉਦੋਂ ਤੋਂ ਹੀ ਖੁਰਾਕ ਦੀ ਵੀ ਕਮੀ ਹੋਣੀ ਸ਼ੁਰੂ ਹੋ ਗਈ। ਜੀਵ ਜੰਤੂਆਂ ਦੇ ਰੈਣ ਬਸੇਰੇ ਵੀ ਘਟ ਗਏ ਤੇ ਅਨੇਕਾਂ ਜੀਵ ਜੰਤੂ ਅਲੋਪ ਹੋ ਗਏ।
ਹੁਣ ਮਨੁੱਖ ਨੇ ਜੰਗਲਾਂ ਚੋਂ ਬਾਹਰ ਆ ਕੇ ਹੋਰ ਤਰਾਂ ਦੀ ਖੁਰਾਕ ਖਾਣੀ ਸ਼ੁਰੂ ਕਰ ਦਿੱਤੀ ਹੈ। ਹੁਣ ਮਨੁੱਖ ਦੀ ਖੁਰਾਕ ਵਿੱਚ ਸਲਾਦ, ਫਲ, ਡਰਾਈ ਫਰੂਟਸ, ਤੇਲ ਬੀਜ, ਜੜੀਆਂ ਬੂਟੀਆਂ ਆਦਿ ਦੀ ਜਗਾ ਅਨਾਜ, ਦਾਲਾਂ ਆਦਿ ਜ਼ਿਆਦਾ ਹਨ। ਹੁਣ ਮਨੁੱਖ ਬਹੁਤਾ ਕੁੱਝ ਉਬਾਲਕੇ, ਭੁੰਨਕੇ ਜਾਂ ਤਲਕੇ ਖਾਂਦਾ ਹੈ। ਹੁਣ ਉਹ ਕੱਚਾ ਬਹੁਤ ਥੋੜਾ ਖਾਂਦਾ ਹੈ। ਜੰਗਲਾਂ ਦੇ ਘਟਣ ਅਤੇ ਜੰਗਲੀ ਚੀਜ਼ਾਂ ਘੱਟ ਖਾਣ ਕਾਰਨ ਮਨੁੱਖ ਦੁਆਰਾ ਪੈਦਾ ਕੀਤੀ ਜਾਂਦੀ ਖਾਧ ਖੁਰਾਕ ਦੀ ਕਮੀ ਲਗਾਤਾਰ ਬਣੀ ਰਹਿੰਦੀ ਹੈ। ਇਸੇ ਲਈ ਹੁਣ ਮਨੁੱਖ ਦਾ ਅਪਣਾ ਢਿੱਡ ਭਰਨਾ ਹੀ ਔਖਾ ਹੋ ਗਿਆ ਹੈ।
ਇੱਕ ਪਾਸੇ ਤਾਂ ਮਨੁੱਖੀ ਖੁਰਾਕ ਦੀ ਕਮੀ ਆ ਚੁੱਕੀ ਹੈ, ਦੂਜੇ ਪਾਸੇ ਮਨੁੱਖੀ ਖੁਰਾਕ ਪੈਦਾ ਕਰਨ ਵਾਲੇ ਕਿਸਾਨ ਤੇ ਖੇਤ ਮਜ਼ਦੂਰ ਨੂੰ ਸੰਸਾਰ ਦੇ ਕਿਸੇ ਵੀ ਦੇਸ਼ ਵਿੱਚ ਬਾਕੀ ਦੁਕਾਨਦਾਰਾਂ, ਨੌਕਰੀ ਕਰਨ ਵਾਲਿਆਂ ਜਾਂ ਬਿਜ਼ਨਸਮੈਨਾਂ ਜਿੰਨੀ ਨਾਂ ਤਾਂ ਆਮਦਨ ਹੈ ਤੇ ਨਾਂ ਹੀ ਓਨੀ ਮੌਜ!
ਸਾਰੀ ਉਮਰ ਦਾ ਤਣਾਉ ਅਤੇ ਨਿੱਤ ਹੀ ਖਤਰਿਆਂ ਚ ਰਹਿਣ ਵਾਲਾ ਕੰਮ ਹੈ ਖੇਤੀ। ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਏ ਰਹਿਣਾ ਅਤੇ ਕਦੇ ਵੀ ਬੇਫਿਕਰੀ ਦੀ ਨੀੰਦ ਨਾਂ ਸੌਂ ਸਕਣਾ। ਬਹੁਤ ਹੀ ਘੱਟ ਆਮਦਨ ਅਤੇ ਬਹੁਤ ਹੀ ਜ਼ਿਆਦਾ ਖੱਜਲ-ਖੁਆਰੀ ਵਾਲਾ ਕੰਮ ਹੈ ਕਿਸਾਨੀ।
ਪ੍ਰੰਤੂ ਬਹੁਤ ਲੋਕ ਐਸੇ ਵੀ ਹਨ ਜੋ ਜੇ ਕਿਤੇ ਕਿਸਾਨ ਨੂੰ ਜ਼ਰਾ ਹਸਦਾ ਗਾਉਂਦਾ ਨਚਦਾ ਦੇਖ ਲੈਂਦੇ ਹਨ ਤਾਂ ਮੱਚ ਹੀ ਉਠਦੇ ਹਨ। ਅਸਲ ਵਿੱਚ ਕਿਸਾਨ ਬਹੁਤ ਹੀ ਸੰਕੋਚ ਨਾਲ ਤੇ ਸਾਦਗੀ ਨਾਲ ਰਹਿਣ ਕਾਰਨ ਬਚਿਆ ਹੋਇਆ ਹੈ। ਕਿਸਾਨ ਧਰਤੀ ਨਾਲ ਜੁੜਿਆ ਹੋਣ ਕਾਰਨ ਬਹੁਤ ਵੱਡੇ ਹੌਸਲੇ ਵਾਲਾ ਹੁੰਦਾ ਹੈ। ਲੇਕਿਨ ਜਦ ਕੋਈ ਕਿਸਾਨ ਆਤਮ ਹੱਤਿਆ ਕਰਦਾ ਹੈ ਤਾਂ ਅੰਦਾਜ਼ਾ ਲਾਉ ਕਿ ਉਹਦੇ ਸਬਰ ਦਾ ਬੰਨ੍ਹ ਕਿਵੇਂ ਨੱਕੋ ਨੱਕ ਭਰਕੇ ਟੁੱਟਿਆ ਹੋਵੇਗਾ।
ਅਸਲ ਵਿੱਚ ਕਿਸਾਨ ਖੇਤੀ ਨਾਲ ਜੁੜਿਆ ਹੋਣ ਕਾਰਨ ਅਤੇ ਸ਼ਹਿਰੀ ਚਕਾਚੌਂਧ ਤੋਂ ਦੂਰ ਹੋਣ ਕਾਰਨ ਬਹੁਤ ਹੀ ਭੋਲਾ ਹੁੰਦਾ ਹੈ। ਉਸਨੂੰ ਹੱਥੀਂ ਕੰਮ ਖੂਬ ਕਰਨਾ ਆਉਂਦਾ ਹੈ ਲੇਕਿਨ ਦਿਮਾਗ਼ੀ ਜੋੜ ਘਟਾਉ ਚ ਉਹ ਓਨਾ ਮਾਹਿਰ ਨਹੀਂ ਹੈ। ਦੂਜੇ ਪਾਸੇ ਸ਼ਹਿਰੀ ਲੋਕ ਹੱਥੀਂ ਕੰਮ ਚ ਓਨੇ ਮਾਹਿਰ ਨਹੀਂ ਹੁੰਦੇ ਲੇਕਿਨ ਜ਼ਮਾਂ ਘਟਾਉ ਚ ਬਹੁਤ ਮਾਹਿਰ ਹੁੰਦੇ ਹਨ।
ਇਉਂ ਪੇਂਡੂ ਭੋਲੇ ਭਾਲੇ ਕਿਸਾਨ ਨੂੰ ਸਰਕਾਰਾਂ ਨੇ ਬਹੁਤ ਚੁਸਤ ਚਲਾਕ ਸ਼ਹਿਰੀਆਂ ਦੇ ਹਵਾਲੇ ਕਰ ਦਿੱਤਾ ਹੈ। ਸਰਕਾਰਾਂ ਨੇ ਕਾਨੂੰਨ ਅਜਿਹੇ ਬਣਾਏ ਹਨ ਕਿ ਕਿਸਾਨ ਦਾ ਬਾਕੀ ਸਭ ਲੋਕ ਲਹੂ ਚੂਸ ਸਕਦੇ ਹਨ ਪਰ ਕਿਸਾਨ ਉਹਨਾਂ ਨੂੰ ਹਟਾ ਵੀ ਨਹੀਂ ਸਕਦਾ। ਯਾਨਿ ਕਿ ਬਹੁਤੇ ਕਾਨੂੰਨਾਂ ਨੇ ਕਿਸਾਨ ਨੂੰ ਜਕੜ ਕੇ ਹੀ ਰੱਖਿਆ ਹੋਇਆ ਹੈ।
ਲੇਕਿਨ ਹੁਣ ਸਮਾਂ ਆ ਗਿਆ ਹੈ ਕਿ ਸਾਰੇ ਸੰਸਾਰ ਦੀਆਂ ਸਰਕਾਰਾਂ ਨੂੰ ਹੀ ਚਾਹੀਦਾ ਹੈ ਕਿ ਕਿਸਾਨ ਅਤੇ ਖੇਤ ਮਜ਼ਦੂਰ ਦੀ ਸੁਰੱਖਿਆ ਅਤੇ ਉਹਨਾਂ ਦੀ ਸੁਖ ਦੀ ਨੀਂਦ ਵੀ ਯਕੀਨੀ ਬਣਾਈ ਜਾਵੇ।
ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਕਿਵੇਂ ਸਿਰ ਤੇ ਕਰਜ਼ੇ ਚੁੱਕ ਕੇ ਕਿਸਾਨ ਸਾਰੇ ਸੰਸਾਰ ਦਾ ਢਿੱਡ ਭਰਨ ਲਈ ਅਨਾਜ, ਦਾਲਾਂ, ਸਬਜ਼ੀਆਂ, ਫਲ ਆਦਿ ਬੀਜਦਾ ਹੈ। ਫਿਰ ਸਾਲ ਭਰ ਅਵਾਰਾ ਪਸ਼ੂਆਂ, ਜੰਗਲੀ ਜਾਨਵਰਾਂ, ਚੂਹਿਆਂ, ਖਰਗੋਸ਼ਾਂ, ਤੋਤਿਆਂ, ਚਿੜੀਆਂ ਆਦਿ ਤੋਂ ਦਿਨ ਰਾਤ ਰਾਖੀਆਂ ਰੱਖ ਰੱਖ ਫਸਲ ਪਾਲਦਾ ਹੈ। ਫਸਲਾਂ ਦੀ ਕਟਾਈ,ਸੰਭਾਈ ਤੇ
ਨਾਲ ਹੀ ਸ਼ਹਿਰੀ ਬਾਬੂਆਂ ਅਤੇ ਹੋਰ ਸਭ ਲਈ ਦੁੱਧ, ਦਹੀਂ, ਲੱਸੀ, ਘਿਉ ਆਦਿ ਦਾ ਪ੍ਰਬੰਧ ਕਰਨ ਲਈ ਪਸ਼ੂ ਪਾਲਦਾ ਹੈ। ਉਹ ਬਹੁਤ ਸਸਤਾ ਤੇ ਸ਼ੁੱਧ ਦੁਧ ਵੇਚਦਾ ਹੈ। ਲੇਕਿਨ ਉਸਤੋਂ ਦੁੱਧ ਲੈ ਜਾਣ ਵਾਲੇ ਮਿਲਾਵਟ ਵੀ ਕਰਦੇ ਹਨ ਤੇ ਮਹਿੰਗਾ ਵੀ ਵੇਚਦੇ ਹਨ। ਲੇਕਿਨ ਆਪ ਉਹ ਰੱਜਕੇ ਦੁੱਧ ਪੀ ਵੀ ਨਹੀਂ ਸਕਦਾ। ਇਸੇ ਤਰ੍ਹਾਂ ਉਹ ਸਾਰੀ ਜਿਣਸ ਬਹੁਤ ਸਸਤੇ ਚ ਵੇਚਦਾ ਹੈ ਲੇਕਿਨ ਉਸਤੋਂ ਖਰੀਦਕੇ ਅੱਗੇ ਵੇਚਣ ਵਾਲੇ ਬਹੁਤ ਜ਼ਿਆਦਾ ਕਮਾਉਂਦੇ ਹਨ। ਇਉਂ ਉਹਨੂੰ ਅਨੇਕਾਂ ਹੀ ਚਿੰਤਾ ਚ ਡੋਬ ਰਹੇ ਹਨ, ਅਨੇਕਾਂ ਹੀ ਰੋਜ਼ਾਨਾ ਲੁੱਟ ਰਹੇ ਹਨ। ਸੋ ਜੇ ਕਿਸੇ ਕਿਸਾਨ ਦੀ ਲੁੱਟ ਹੁੰਦੀ ਦੇਖੋ ਤਾਂ ਵਿਰੋਧ ਕਰੋ ਚਾਹੇ ਫੇਸਬੁੱਕ ਤੇ ਹੀ ਕਰੋ।
ਇੱਕ ਗੱਲ ਯਾਦ ਰੱਖਿਉ ਜੇ ਕਿਸਾਨ ਨਾਂ ਰਿਹਾ ਤਾਂ ਰਹਿਣਾ ਕਿਸੇ ਨੇ ਵੀ ਨਹੀਂ ਹੈ। ਕਿਉਂਕਿ ਹੋਰ ਸਭ ਬਿਨਾਂ ਸਰ ਸਕਦਾ ਹੈ ਇੱਕ ਕਿਸਾਨ ਬਿਨਾਂ ਨਹੀਂ ਸਰ ਸਕਦਾ।
ਜੇ ਫਸਲ ਬਿਜਾਈ ਜਾਂ ਕਟਾਈ ਦੇ ਦਿਨਾਂ ਚ ਬੱਦਲ ਆਉਣ ਤਾਂ ਪਿਕਨਿਕ ਮਨਾਉਣ ਦੀ ਤਿਆਰੀ ਨਾਂ ਕਰਨ ਬਹਿ ਜਾਇਆ ਕਰੋ ਬਲਕਿ ਕਿਸਾਨ ਦੇ ਦਿਲ ਤੇ ਕੀ ਬੀਤ ਰਹੀ ਹੋਵੇਗੀ ਜ਼ਰਾ ਕਿਆਸ ਹੀ ਕਰ ਲਿਆ ਕਰੋ। ਕਿਉਂਕਿ ਜੇ ਕਿਸਾਨ ਦੀ ਸਾਰੇ ਸਾਲ ਦੀ ਮਿਹਣਤ ਕੀਤੀ ਫਸਲ ਖਰਾਬ ਹੋ ਜਾਏਗੀ ਤਾਂ ਉਹੋ ਗਲੀ ਸੜੀ ਫਸਲ ਤੁਹਾਨੂੰ ਵੀ ਖਾਣੀ ਪੈ ਸਕਦੀ ਹੈ। ਸੋ ਆਪੋ ਆਪਣੇ ਦੇਵੀ ਦੇਵਤਿਆਂ ਅੱਗੇ ਬੇਨਤੀ ਕਰਿਆ ਕਰੋ ਕਿ ਕਿਸੇ ਕਿਸਾਨ ਦੀ ਫਸਲ ਖਰਾਬ ਨਾਂ ਹੋਵੇ।
ਜੇ ਤੁਸੀਂ ਕਿਸੇ ਅਖ਼ਬਾਰ, ਟੀਵੀ ਤੇ ਕੰਮ ਕਰਦੇ ਹੋ ਤਾਂ ਕਿਸਾਨ ਦੇ ਹੱਕ ਚ ਅਵਾਜ਼ ਉਠਾਉ। ਜੇ ਕੋਈ ਕਿਸਾਨ ਤੁਹਾਡਾ ਗਾਹਕ ਹੈ ਤਾਂ ਉਸ ਨਾਲ ਵੱਧ ਤੋਂ ਵੱਧ ਰਿਆਇਤ ਕਰੋ।
ਜੇ ਤੁਸੀਂ ਕਿਸਾਨ ਦਾ ਘਰ ਪਾਉਣ ਵਾਲੇ ਮਿਸਤਰੀ ਹੋ ਤਾਂ ਉਸਦਾ ਘੱਟ ਤੋਂ ਘੱਟ ਖਰਚੇ ਵਾਲਾ ਵਧੀਆ ਤੋਂ ਵਧੀਆ ਮਕਾਨ ਬਣਾਉਣ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਕਿਸੇ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਹੋ ਤਾਂ ਕਿਸਾਨ ਨੂੰ ਖ਼ਤਰਨਾਕ ਜ਼ਹਿਰਾਂ ਤੇ ਖਤਰਨਾਕ ਖਾਦਾਂ ਤੋਂ ਰੋਕ ਕੇ ਕੁਦਰਤੀ ਖੇਤੀ ਤੇ ਲਾਉ, ਕਿਉਂਕਿ ਤੁਸੀਂ ਹੀ ਉਸ ਭੋਲੇ-ਭਾਲੇ ਧਰਤੀ ਪੁੱਤਰ ਨੂੰ ਧਰਤੀ ਦਾ ਵਿਨਾਸ਼ ਕਰਨਾ ਸਿਖਾਇਆ ਹੈ।
ਜੇ ਤੁਸੀਂ ਲੇਖਕ, ਕਵੀ ਹੋ ਤਾਂ ਕਿਸਾਨਾਂ ਦੇ ਹੱਕ ਵਿੱਚ ਵੱਧ ਤੋਂ ਵੱਧ ਲਿਖੋ। ਜੇ ਤੁਸੀਂ ਡਾਕਟਰ ਹੋ ਤਾਂ ਕਿਸਾਨ ਨੂੰ ਪਹਿਲਾਂ ਦਵਾਈ ਦੇਕੇ ਤੋਰ ਦਿਉ, ਕਿਉਂਕਿ ਪਤਾ ਨਹੀਂ ਉਸਦੇ ਖੇਤ ਨੂੰ ਕਿੰਨੀਆਂ ਕੁ ਅਵਾਰਾ ਗਾਵਾਂ ਖਾ ਰਹੀਆਂ ਹੋਣਗੀਆਂ। ਜੇ ਤੁਸੀਂ ਕਮੇਡੀਅਨ ਹੋ ਤਾਂ ਕਦੇ ਵੀ ਕਿਸਾਨ ਦਾ ਮਜ਼ਾਕ ਨਾਂ ਉਡਾਇਉ। ਕਿਉਂਕਿ ਤੁਹਾਡੇ ਬੱਚਿਆਂ ਲਈ ਹੀ ਅੰਨ ਉਗਾਉਂਦਾ ਕਿਸਾਨ ਹੀ ਮਿੱਟੀ ਨਾਲ ਮਿੱਟੀ ਹੋਇਆ ਫਿਰਦਾ ਹੈ।
ਬੈਂਸ ਹੈਲਥ ਸੈਂਟਰ ਮੋਗਾ 9463038229