ਅੰਮ੍ਰਿਤਸਰ (ਮੀਡੀਆ ਬਿਊਰੋ ) ਕਣਕ ਦੀ ਕਟਾਈ ਤੋਂ ਮਗਰੋਂ ਬਚੇ ਨਾੜ ਤੋਂ ਭਾਵੇਂ ਕਿਸਾਨ ਤੂੜੀ ਬਣਾ ਕੇ ਵੱਡਾ ਹਿੱਸਾ ਸਾਂਭ ਲੈਂਦੇ ਹਨ, ਪਰ ਖੇਤਾਂ ਵਿਚ ਬਚਿਆ ਹੋਇਆ ਥੋੜਾ ਬਹੁਤਾ ਨਾੜ ਵੀ ਸਾੜਨ ਦੀ ਸਖਤ ਮਨਾਹੀ ਹੈ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਇਸ ਵਾਤਾਵਰਣ ਵਿਰੋਧੀ ਕੰਮ ਨੂੰ ਰੋਕਣ ਲਈ ਜਿਲੇ ਵਿਚ 30 ਟੀਮਾਂ ਗਠਿਤ ਕੀਤੀਆਂ ਹਨ।
ਉਨਾਂ ਦੱਸਿਆ ਕਿ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਕਣਕ ਦਾ ਨਾੜ ਜਾਂ ਪਰਾਲੀ ਸਾੜਨ ਦੀ ਪੂਰਨ ਮਨਾਹੀ ਹੈ ਅਤੇ ਇਸ ਵਿਚ ਰਤੀ ਭਰ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਸਾਡੇ ਕੋਲ ਰਿਮੋਟ ਸੈਂਸਿੰਗ ਦੀ ਰੋਜ਼ਾਨਾ ਰਿਪੋਰਟ ਆ ਰਹੀ ਹੈ ਅਤੇ ਜਿਸ ਵੀ ਕਿਸਾਨ ਦੇ ਖੇਤ ਵਿਚ ਅੱਗ ਲੱਗੀ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਸ. ਹਰਪਾਲ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਮਾਮਲੇ ਉਤੇ ਨਜ਼ਰ ਰੱਖਣ ਅਤੇ ਰੋਜ਼ਾਨਾ ਇਸ ਦੀ ਰਿਪੋਰਟ ਸਬੰਧਤ ਟੀਮਾਂ ਤੋਂ ਪ੍ਰਾਪਤ ਕਰਨ। ਉਨਾਂ ਦੱਸਿਆ ਕਿ ਕਾਨੂੰਨ ਅਨਾਸਰ ਜਿਸ ਕਿਸਾਨ ਦੇ ਖੇਤ ਵਿਚ ਅੱਗ ਲੱਗੀ, ਉਸ ਦਾ ਚਲਾਨ ਕੀਤਾ ਜਾਵੇ ਅਤੇ ਐਫ ਆਈ ਆਰ ਦਰਜ ਕਰਵਾਉਣ ਤੋਂ ਇਲਾਵਾ ਉਸਦੇ ਇੰਦਰਾਜ ਲਾਲ ਸਿਆਹੀ ਨਾਲ ਦਰਜ ਕੀਤਾ ਜਾਵੇ। ਉਨਾਂ ਕਿਹਾ ਕਿ ਪੂਰਾ ਸੰਸਾਰ ਇਸ ਸਮੇਂ ਕੋਰੋਨਾ ਦੀ ਭਿਆਨਕ ਮਹਾਂਮਾਰੀ ਸਾਮਣੇ ਹੈ। ਡਾਕਟਰਾਂ ਅਤੇ ਮਾਹਿਰਾਂ ਨੇ ਦੱਸਿਆ ਹੈ ਕਿ ਜੋ ਲੋਕ ਇਸ ਬਿਮਾਰੀ ਤੋਂ ਪੀੜਤ ਹਨ, ਉਨਾਂ ਨੂੰ ਵਧੀਆ ਸਿਹਤ ਸਹੂਲਤਾਂ ਦੇ ਨਾਲ-ਨਾਲ ਸਾਫ ਸੁਥਰੀ ਆਬੋ-ਹਵਾ ਦੀ ਵੀ ਲੋੜ ਹੈ ਅਤੇ ਨਾੜ ਨੂੰ ਲੱਗਣ ਵਾਲੀਆਂ ਅੱਗਾਂ ਦਾ ਧੂੰਆਂ ਵੀ ਸਾਡੇ ਫੇਫੜਿਆਂ ਨੇ ਹੀ ਫੱਕਣਾ ਹੈ, ਸੋ ਕੋਵਿਡ ਅਜਿਹੀ ਭਿਆਨਕ ਲਾਗ ਦੀ ਬੀਮਾਰੀ ਹੈ ਜੋ ਕਮਜ਼ੋਰ ਫੇਫੜਿਆਂ ਤੇ ਵੱਧ ਮਾਰ ਕਰਦੀ ਹੈ। ਉਨਾਂ ਕਿਹਾ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਜਰੂਰੀ ਹੈ ਕਿ ਆਪਾਂ ਸਾਰੇ ਆਬੋ-ਹਵਾ ਨੂੰ ਸਾਫ ਰੱਖਣ ਲਈ ਆਪ ਅੱਗੇ ਆਈਏ।