ਚੰਦੂਮਾਜਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਤਜਰਬੇ ਵਿਚੋਂ ਭੇਜੇ ਤਿੰਨ ਸੁਝਾਅ

ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ

ਆਨੰਦਪੁਰ ਸਾਹਿਬ / ਪਟਿਆਲਾ ( ਮੀਡੀਆ ਬਿਊਰੋ ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਸੂਬੇ ਦੀਆਂ ਮੰਡੀਆਂ ਵਿਚ ਕਣਕ ਦੀ ਖ਼ਰੀਦ ਦੇ ਸੁਚੱਜੇ ਪ੍ਰਬੰਧ ਕੀਤੇ ਜਾਣ ਤਾਂ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣਾ ਨਾ ਪਵੇ। ਉਨ੍ਹਾਂ ਕੈਪਟਨ ਸਰਕਾਰ ਨੂੰ ਆਪਣੇ ਤਜਰਬੇ ਵਿਚੋਂ ਤਿੰਨ ਅਹਿਮ ਸੁਝਾਅ ਦਿੰਦਿਆਂ ਕਿਹਾ ਹੈ ਕਿ ਕਣਕ ਦੀ ਖ਼ਰੀਦ ਸੁਚੱਜੇ ਢੰਗ ਨਾਲ ਕਰਨ ਲਈ ਉਨ੍ਹਾਂ ਦੇ ਕੁੱਝ ਜ਼ਰੂਰੀ ਸੁਝਾਆਂ ਉਤੇ ਸਰਕਾਰ ਅਮਲ ਕਰਕੇ ਕਿਸਾਨਾਂ ਨੂੰ ਰਾਹਤ ਦੇਵੇ। ਜਦੋਂ ਕਰੋਨਾ ਦੀ ਮਹਾਂਮਾਰੀ ਨਾਲ ਸਾਰੀ ਦੁਨੀਆਂ ਜੂਝ ਰਹੀ ਹੈ ਅਜਿਹੇ ਹਾਲਾਤਾਂ ਵਿਚ ਕਣਕ ਦੀ ਖ਼ਰੀਦ ਦੇ ਪ੍ਰਬੰਧ ਤੇ ਤਰੀਕੇ ਬਦਲਣੇ ਜ਼ਰੂਰੀ ਹੈ।


ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਚਿੱਠੀ ਰਾਹੀਂ, ਫੋਨ ਰਾਹੀਂ, ਮੀਡੀਆ ਰਾਹੀਂ ਹੋਈਆਂ ਵਿਚਾਰ ਚਰਚਾਵਾਂ ਰਾਹੀਂ ਕੋਸ਼ਿਸ਼ ਕੀਤੀ ਹੈ ਪਰ ਸਰਕਾਰ ਵੱਲੋਂ ਖਾਸ ਤੌਰ ਉਤੇ ਮੁੱਖ ਮੰਤਰੀ ਵਲੋਂ ਅਤੇ ਫੂਡ ਸਪਲਾਈ ਮੰਤਰੀ ਵਲੋਂ ਇਹੀ ਵਿਸਵਾਸ਼ ਦਿਵਾਇਆ ਗਿਆ ਹੈ ਕਿ ਕਣਕ ਦਾ ਇੱਕ-ਇੱਕ ਦਾਣਾ ਚੁੱਕਿਆ ਜਾਵੇਗਾ ਤੇ ਕਿਸਾਨ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਪ੍ਰੰਤੂ ਪੁਰਾਣੇ ਤਜਰਬਿਆਂ ਦੇ ਵਿਚੋਂ ਜਾਂ ਇਹ ਕਹਿ ਲਵੋ ਕਿ ਨਵੇਂ ਹਾਲਾਤਾਂ ਕਰਕੇ, ਇਹ ਚਿੰਤਾ ਮੈਨੂੰ ਕਿਤੇ ਨਾ ਕਿਤੇ ਰੜਕਦੀ ਹੈ। ਇਹ ਮੈਂ ਕੋਈ ਨੁਕਤਾਚੀਨੀ ਦੇ ਨਜ਼ਰੀਏ ਦੇ ਨਾਲ ਨਹੀਂ, ਸਰਕਾਰ ਦੇ ਕੰਮ ਕਰਨ ਦੀ ਲਾਪਰਵਾਹੀ ਜਾਂ ਗੈਰਜ਼ਿੰਮੇਵਾਰੀ ਜਾਂ ਕੁਤਾਹੀ ਦੀਆਂ ਗੱਲਾਂ ਕਰਕੇ ਉਛਾਲਣਾ ਨਹੀਂ ਚਾਹੁੰਦਾ। ਭਾਵੇਂ ਕਰੋਨਾ ਨੂੰ ਹਰਾਉਣ ਲਈ ਸਿਹਤ ਸੇਵਾਵਾਂ ਜਾਂ ਪੀਪੀ ਕਿੱਟਾਂ ਤੇ ਟੈਸਟ ਕਿੱਟਾਂ ਦੀ ਘਾਟ ਦੇ ਪ੍ਰਬੰਧ ਤੇ ਵੈਂਟੀਲੇਟਰਾਂ ਦੀ ਘਾਟ ਹੈ, ਸਾਰੀਆਂ ਗੱਲਾਂ ਭਾਵੇਂ ਹੋਣ। ਪਰ ਇਨ੍ਹਾਂ ਗੱਲਾਂ ਨੂੰ ਅਸੀਂ ਚਿਤਾਰਨਾ ਨਹੀਂ ਚਾਹੁੰਦੇ। ਇਹ ਨਾ ਹੀ ਸਾਡਾ ਕੋਈ ਵਿਸ਼ਾ ਹੈ, ਇਸ ਗੱਲ ਉਤੇ ਮੈਂ ਕਹਿਣਾ ਚਾਹੁੰਦਾ ਹਾਂ ਕਿਉਂਕਿ ਜਦੋਂ ਅਸੀਂ ਸਾਰੇ ਮਿਲ ਕੇ ਲੜਾਈ ਲੜ ਰਹੇ ਹਾਂ ਤਾਂ ਇਸਦੀ ਜ਼ਿੰਮੇਵਾਰੀ ਵੀ ਸਾਰੇ ਮਿਲ ਕੇ ਲਵਾਂਗੇ, ਸਾਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੈ।
ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਹੈ ਕਿ ਕਣਕ ਦੀ ਖ਼ਰੀਦ ਦੇ ਮਸਲੇ ਵਿਚ ਸਾਡੇ ਸਾਹਮਣੇ ਚੁਣੌਤੀ ਹੈ। ਇਹ ਸੱਚ ਹੈ ਕਿ ਪਿਛਲੀ ਵਾਰ 131 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ ਵਿਚ ਆਈ ਸੀ। ਇਸ ਵਾਰ ਫਸਲ ਭਰਪੂਰ ਹੋਣ ਕਰਕੇ ਇਹ ਅੰਕੜਾ ਵੱਧ ਸਕਦਾ ਹੈ ਇਹ 150 ਲੱਖ ਮੀਟ੍ਰਿਕ ਟਨ ਤੱਕ ਵੀ ਜਾ ਸਕਦਾ ਹੈ। ਸਰਕਾਰ ਨੇ ਮੰਡੀਆਂ ਤਾਂ ਵਧਾ ਦਿੱਤੀਆਂ ਪਰ ਮੰਡੀਆਂ ਵਿਚ ਖਰੀਦ ਏਜੰਸੀਆਂ ਦੇ ਨੁਮਾਇੰਦੇ, ਬਰਦਾਨੇ, ਟਰਾਂਸਪੋਰਟੇਸ਼ਨ, ਲੋਡਿੰਗ-ਅਣਲੋਡਿੰਗ ਲੇਬਰ ਦੇ ਪ੍ਰਬੰਧ ਦੀ ਘਾਟ ਕਿਤੇ ਨਾ ਕਿਤੇ ਰੜਕਦੀ ਹੈ ਅਤੇ ਅਸੀਂ ਵਿਸ਼ਵਾਸ ਕਰਦੇ ਹਾਂ ਅਤੇ ਤਜਰਬੇ ਵਿਚੋਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਇਹ ਘਾਟ ਰਹਿ ਸਕਦੀ ਹੈ। ਮੈਂ ਇਸ ਕਰਕੇ ਕੁੱਝ ਸੁਝਾਅ ਦੇਣਾ ਚਾਹੁੰਦਾ ਹਾਂ ਜਿਸ ਕਰਕੇ ਸਰਕਾਰ ਇਸ ਖਜੱਲ ਖੁਆਰੀ ਵਿਚੋਂ ਵੀ ਬਚ ਸਕਦੀ ਹੈ ਤੇ ਕਿਸਾਨ ਦੀਆਂ ਪ੍ਰੇਸ਼ਾਨੀਆਂ ਵੀ ਖਤਮ ਹੋ ਸਕਦੀਆਂ ਹਨ ਅਤੇ ਮਹਾਂਮਾਰੀ ਕਰੋਨਾ ਨਾਲ ਜੂਝ ਰਹੇ ਲੋਕਾਂ ਨੂੰ ਕੁੱਝ ਨਾ ਕੁਝ ਰਾਹਤ ਵੀ ਅਸੀਂ ਦੇ ਸਕਦੇ ਹਾਂ।
ਚੰਦੂਮਾਜਰਾ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਮੇਰੇ ਸਰਕਾਰ ਨੂੰ ਤਿੰਨ ਸੁਝਾਅ ਹਨ। ਪਹਿਲਾ ਸੁਝਾਅ ਜੋ ਸਰਕਾਰ ਨੇ ਬੋਨਸ ਦੇਣ ਦੀ ਗੱਲ ਕਹੀ ਹੈ। 31 ਮਈ ਤੱਕ ਵੇਚਣ ਵਾਲਿਆਂ ਨੂੰ 100 ਰੁਪਏ ਕੁਇੰਟਲ ਤੇ 31 ਮਈ ਤੋਂ ਬਾਅਦ ਵੇਚਣ ਵਾਲਿਆਂ ਨੂੰ 200 ਰੁਪਏ ਕੁਇੰਟਲ 30 ਅਪ੍ਰੈਲ ਤੋਂ ਬਾਅਦ। ਇਸ ਸੁਝਾਅ ਨਾਲ ਅਸੀਂ ਸਹਿਮਤ ਹਾਂ। ਸਾਡੇ ਪਾਰਟੀ ਪ੍ਰਧਾਨ ਨੇ ਵੀ ਇਸ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਜਦੋਂ ਪ੍ਰਧਾਨ ਮੰਤਰੀ ਜੀ ਨਾਲ ਵੀਡੀਓ ਕਾਨਫਰੰਸਿੰਗ ਦੌਰਾਨ ਗੱਲਬਾਤ ਹੋਈ। ਅਸੀਂ ਮਹਿਸੂਸ ਕਰਦੇ ਹਾਂ ਕਿ ਬੋਨਸ ਲੈਣ ਲਈ, ਕੇਂਦਰ ਤੋਂ ਪੈਸਾ ਲੈਣ ਲਈ ਪੰਜਾਬ ਨੂੰ ਇੱਕ ਆਵਾਜ਼, ਇਕਜੁੱਟਤਾ ਤੇ ਇਕਮੁੱਠਤਾ ਦਾ ਪ੍ਰਭਾਵ ਪਾਉਣਾ ਪਵੇਗਾ। ਇਸ ਦੇ ਲਈ ਮੇਰੀ ਰਾਇ ਹੈ ਕਿ ਸਾਰੀਆਂ ਮਾਨਤਾ ਪ੍ਰਾਪਤ ਪਾਰਟੀਆਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਸਾਹਿਬ ਕੇਂਦਰ ਕੋਲ ਦਬਾਅ ਪਾਉਣ ਜਾਣ ਜਾਂ ਵੀਡੀਓ ਕਾਨਫਰੰਸਿੰਗ ਰਾਹੀਂ ਸਾਂਝੇ ਤੌਰ ਉਤੇ ਇਹ ਦਬਾਅ ਪਾਉਣ ਤਾਂ ਕਿ ਇਹ ਗੱਲ ਕਿਤੇ ਤਣ ਪੱਤਣ ਲੱਗ ਸਕੇ। ਕਿਉਂਕਿ ਕਣਕ ਤਾਂ ਆਉਣੀ ਸ਼ੁਰੂ ਹੋ ਗਈ ਇਸ ਵਿਚ ਦੇਰੀ ਨਹੀਂ ਹੋ ਸਕਦੀ। ਇਹ ਤੁਰੰਤ ਤੇ ਤੁਰੰਤ ਜਲਦੀ ਤੋਂ ਜਲਦੀ ਕਰਨ ਵਾਲੀ ਗੱਲ ਹੈ। ਜੇ ਕੇਂਦਰ ਸਰਕਾਰ ਸਾਡੀ ਗੱਲ ਨਾਲ ਸਹਿਮਤ ਨਹੀਂ ਹੁੰਦੀ ਤਾਂ ਦੂਜਾ ਸੁਝਾਅ ਮੇਰਾ ਇਹ ਹੈ ਕਿ ਮੰਡੀ ਬੋਰਡ ਬੈਂਕਾਂ ਨਾਲ ਟਾਈਅੱਪ ਕਰੇ ਅਤੇ ਬੈਂਕ ਕਿਸਾਨਾਂ ਦੀ ਜਿਣਸ ਦੀ ਸਟਾਕ ਦੀ ਇੰਸ਼ੋਰੈਂਸ ਕਰਨ ਅਤੇ ਕਿਸਾਨਾਂ ਨੂੰ ਲੋੜੀਦਾ ਪੈਸਾ ਦੇਣ ਤੇ ਹੌਲੀ-ਹੋਲੀ ਉਹ ਕਣਕ ਜਿਹੜੀ ਹੈ ਉਹ ਸਰਕਾਰ ਆਪਣੀਆਂ ਏਜੰਸੀਆਂ ਰਾਹੀਂ ਗੋਦਾਮਾਂ ਵਿਚ ਲੈ ਕੇ ਜਾਵੇ। ਤੀਜਾ ਸੁਝਾਅ ਜਿਹੜਾ ਪ੍ਰੈਕਟੀਕਲ ਹੈ, ਮਹੱਤਪੂਰਨ ਹੈ ਤੇ ਜਿਹੜਾ ਮੈਂ ਸਮਝਦਾ ਬੜਾ ਸੌਖਾ ਵੀ ਹੈ ਅਤੇ ਇੱਕੋ-ਇੱਕ ਰਾਹ ਮੈਨੂੰ ਅੱਜ ਦੀਆਂ ਸਥਿਤੀਆਂ ਵਿਚ ਲੱਗ ਰਿਹਾ ਹੈ ਜਿਹੜਾ ਮੇਰੀ ਸੋਚ ਮੁਤਾਬਕ ਹੈ। ਉਹ ਇਹ ਹੈ ਕਿ ਕਿਸਾਨ ਮੰਡੀਆਂ ਵਿਚ ਕਣਕ ਟਰਾਲੀਆਂ ਵਿਚ ਲੈ ਕੇ ਆਉਣ, ਮੰਡੀ ਦੇ ਗੇਟ ਉਤੇ ਕੰਡਾ ਲੱਗਿਆ ਹੋਵੇ ਅਤੇ ਉਸ ਕੰਡੇ ਉਤੇ ਤੋਲਾ ਹੋ ਜਾਵੇ, ਤੋਲੇ ਦੀ ਪਰਚੀ ਆੜ੍ਹਤੀ ਤੇ ਕਿਸਾਨ ਕੋਲ ਹੋਵੇ, ਆੜ੍ਹਤੀ ਆਪਣੇ ਫੜ ਦੇ ਵਿਚ ਕਣਕ ਦਾ ਢੇਰ ਲਾ ਲਵੇ ਅਤੇ ਇੱਕ ਕੁਇੰਟਲ ਕਣਕ ਪਿੱਛੇ ਇੱਕ ਕਿੱਲੋ ਕਾਟ ਲਾ ਲਵੇ। ਉਹੋ ਜਿਹੜੀ ਝਾਰੇ ਵਿਚ ਜਾਂ ਪੱਖਾ ਲੱਗਣ ਵਿਚ ਜਾਂ ਨਮੀ ਦੂਰ ਹੋਣ ਵਿਚ ਜਿਹੜੀ ਘਾਟ ਆਏਗੀ ਕੁੱਲ ਭਾਰ ਵਿਚ ਤਾਂ ਇੱਕ ਕਿਲੋ ਕੁਇੰਟਲ ਪਿੱਛੇ ਕੱਟ ਲੱਗ ਜਾਵੇ। ਜਿਵੇਂ ਅਸੀਂ ਗੰਨੇ ਦੀਆਂ ਟਰਾਲੀਆਂ ਦੇ ਵਿਚ ਵੀ ਕੱਟ ਲਾਉਂਦੇ ਹਾਂ। ਕਿਸਾਨ ਤੇ ਆੜ੍ਹਤੀਆਂ ਮਿਲ ਕੇ ਇਹ ਆਪਸ ਵਿਚ ਵੀ ਫੈਸਲਾ ਕਰ ਸਕਦੇ ਹਨ। ਪੰਜ ਮਿੰਟਾਂ ਵਿਚ ਕਿਸਾਨ ਵਿਹਲਾ ਹੋ ਕੇ ਮੰਡੀਆਂ ਵਿਚੋਂ ਆਪਣੇ ਘਰ ਪਹੁੰਚੇਗਾ ਅਤੇ ਆੜ੍ਹਤੀਆ ਹੌਲੀ-ਹੌਲੀ ਆਪਣੇ ਸਮਰੱਥਾ ਅਨੁਸਾਰ ਸਰਕਾਰੀ ਏਜੰਸੀਆਂ ਦੇ ਹਵਾਲੇ ਆਪਣੇ ਲੱਗੇ ਕਣਕ ਦੇ ਲੱਗੇ ਢੇਰ ਵਿਚੋਂ ਸੌਂਪਦਾ ਰਹੇਗਾ। ਇਸਦੇ ਨਾਲ ਲੇਬਰ ਦੀ ਸਮੱਸਿਆ ਵੀ ਖ਼ਤਮ ਹੋਏਗੀ, ਖੱਲਜਗਨ ਵੀ ਖ਼ਤਮ ਹੋਏਗੀ, ਮੰਡੀਆਂ ਵਿਚ ਕਿਸਾਨ ਦੀ ਪ੍ਰੇਸ਼ਾਨੀ ਵੀ ਖ਼ਤਮ ਹੋਏਗੀ ਅਤੇ ਸਰਕਾਰ ਦੇ ਅਮਲੇ ਫੈਲੇ ਉਤੋਂ ਵਾਧੂ ਬੋਝ ਵੀ ਖ਼ਤਮ ਹੋਏਗਾ। ਉਨ੍ਹਾਂ ਕਿਹਾ ਕਿ ਇਹ ਸਭ ਤੋਂ ਸੌਖਾ ਤੇ ਪ੍ਰੈਕਟੀਕਲ ਤਰੀਕਾ ਅੱਜ ਦੀਆਂ ਸਥਿਤੀਆਂ ਵਿਚ ਮੈਨੂੰ ਨਜ਼ਰ ਆਉਂਦਾ ਹੈ ਅਤੇ ਮੈਂ ਸਮਝਦਾ ਹਾਂ ਕਿ ਜੇਕਰ ਸਰਕਾਰ ਇਸ ਸੁਝਾਅ ਵੱਲ ਧਿਆਨ ਦੇਵੇ ਤਾਂ ਅਸੀਂ ਇਹ ਜਿਹੜੀ ਬਹੁਤ ਵੱਡੀ ਚੁਣੌਤੀ ਹੈ ਕਣਕ ਦੀ ਖ਼ਰੀਦ ਦੀ ਕਰੋਨਾ ਵਾਇਰਸ ਮੌਕੇ, ਇਸ ਵਿਚੋਂ ਨਿਕਲ ਸਕਦੇ ਹਾਂ।

Share This :

Leave a Reply