ਗਾਜੀਪੁਰ ਕੈਟਲ ਪੌਂਡ ‘ਚ ਪਸ਼ੂਆਂ ਤੇ ਤੂੜੀ ਲਈ ਨਵੇਂ ਸ਼ੈਡ ਬਣਾਏ ਜਾਣਗੇ-ਸਚਿਨ ਸ਼ਰਮਾ

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਸਮਾਣਾ ਦੀ ਗਾਜੀਪੁਰ ਗਊਸ਼ਾਲਾ ਦਾ ਦੌਰਾ ਕਰਦੇ ਹੋਏ

ਸਮਾਣਾ/ਪਟਿਆਲਾ (ਅਰਵਿੰਦਰ ਸਿੰਘ)  ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਵੱਲੋਂ ਪੰਜਾਬ ਦੀਆਂ ਗਊਸ਼ਾਲਾਵਾਂ ਨੂੰ ਆਤਮ ਨਿਰਭਰ ਬਣਾਉਣ ‘ਤੇ ਦਿੱਤੇ ਜਾ ਰਹੇ ਜ਼ੋਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਮਾਣਾ ਦੇ ਗਾਜੀਪੁਰ ਸਰਕਾਰੀ ਕੈਟਲ ਪੌਂਡ (ਗਊਸ਼ਾਲਾ) ਲਈ ਇਸ ਦੀ ਸੁਸਾਇਟੀ ਨੂੰ 58 ਲੱਖ ਰੁਪਏ ਜਾਰੀ ਕੀਤੇ ਹਨ। ਚੇਅਰਮੈਨ ਸ੍ਰੀ ਸ਼ਰਮਾ ਨੇ ਇਸ ਕੈਟਲ ਪੌਂਡ ਦਾ ਦੌਰਾ ਕਰਦਿਆਂ ਇਹ ਜਾਣਕਾਰੀ ਦਿੱਤੀ ਕਿ ਇਸ ਰਾਸ਼ੀ ਨਾਲ ਪਸ਼ੂਆਂ ਲਈ ਨਵੇਂ ਸ਼ੈਡਾਂ ਅਤੇ ਤੂੜੀ ਲਈ ਨਵੇਂ ਸ਼ੈਡਾਂ ਦਾ ਨਿਰਮਾਣ ਕਰਵਾਇਆ ਜਾਵੇਗਾ। ਸ੍ਰੀ ਸ਼ਰਮਾ ਦੇ ਨਾਲ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ, ਜੋ ਕਿ ਕਮਿਸ਼ਨ ਦੇ ਮੈਂਬਰ ਸਕੱਤਰ ਵੀ ਹਨ ਸਮੇਤ ਐਸ.ਡੀ.ਐਮ. ਸਮਾਣਾ ਸ੍ਰੀ ਨਮਨ ਮੜਕਨ ਤੇ ਹੋਰ ਅਧਿਕਾਰੀ ਹਾਜ਼ਰ ਸਨ। ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਇਸ ਮੌਕੇ ਕੈਟਲ ਪੌਂਡ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਤੂੜੀ ਦਾ ਯੂਰੀਆ ਨਾਲ ਸੋਧਿਆ ਜਾਵੇ ਜਿਸ ਨਾਲ ਪਸ਼ੂਆਂ ‘ਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਹਰੇ ਚਾਰੇ ਦੀ ਕਮੀ ਨੂੰ ਪੂਰਾ ਕੀਤਾ ਜਾਵੇ। ਸ੍ਰੀ ਸ਼ਰਮਾ ਨੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੂੰ ਕੈਟਲ ਪੌਂਡ ਸੁਸਾਇਟੀ ਵੱਲੋਂ ਬਾਗਬਾਨੀ ਅਤੇ ਜੰਗਲਾਤ ਵਿਭਾਗਾਂ ਨਾਲ ਤਾਲਮੇਲ ਕਰਕੇ ਕੈਟਲ ਪੌਂਡ ਦੀ ਖਾਲੀ ਜਗ੍ਹਾ ‘ਚ ਬੂਟੇ ਲਗਾਉਣ ਅਤੇ ਨਰਸਰੀ ਤਿਆਰ ਕਰਨ ਦੀ ਤਜਵੀਜ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਿਨ੍ਹਾਂ ਪਸ਼ੂਆਂ ਦੇ ਗੋਹੇ ਤੋਂ ਖਾਦ ਤਿਆਰ ਕਰਨ ਦੀ ਤਜਵੀਜ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਕਿ ਹੋਰਨਾਂ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਗਾਜੀਪੁਰ ਕੈਟਲ ਪੌਂਡ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ। ਇਸੇ ਦੌਰਾਨ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬਜਟ ਵਿੱਚ ਪੰਜਾਬ ਦੀਆਂ ਗਊਸ਼ਾਲਾਵਾਂ ਲਈ 25 ਕਰੋੜ ਰੁਪਏ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਨਾਲ ਸਰਕਾਰੀ ਕੈਟਲ ਪੌਂਡਾਂ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ ਜਿਸ ਵਿਚ ਮੁੱਖ ਤੌਰ ‘ਤੇ ਸੂਬੇ ਦੇ ਕੈਟਲ ਪੌਂਡਾਂ ਵਿਚ ਨਵੇਂ ਸੈਂਡਾ ਦਾ ਨਿਰਮਾਣ ਕਰਕੇ ਉਨ੍ਹਾਂ ਦੀ ਸਮਰੱਥਾ ਵਧਾਈ ਜਾਵੇਗੀ। ਸ੍ਰੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਊਧਨ ਦੀ ਬਿਹਤਰੀ ਲਈ ਬਜਟ ਵਿੱਚ ਪੈਸਾ ਰੱਖਣਾ ਸਰਕਾਰ ਦਾ ਇਕ ਚੰਗਾ ਕਦਮ ਹੈ ਇਸ ਨਾਲ ਕੈਟਲ ਪੌਂਡਾਂ ਵਿੱਚ ਗਊ ਵੰਸ਼ ਦੀ ਸਾਂਭ-ਸੰਭਾਲ ਵਿਚ ਮਦਦ ਮਿਲੇਗੀ ਅਤੇ ਕੈਟਲ ਪੌਂਡਾਂ ਦੀ ਸਮਰੱਥਾ ਵਿਚ ਵੀ ਵਾਧਾ ਹੋਵੇਗਾ।

Share This :

Leave a Reply