ਖੱਬੇ ਪੱਖੀ ‘ਅੰਟੀਫਾ’  ਨੂੰ ਅੱਤਵਾਦੀ ਜਥੇਬੰਦੀ ਐਲਾਨਿਆ ਜਾਵੇਗਾ- ਟਰੰਪ

ਲੁੱਟਮਾਰ, ਅਗਜ਼ਨੀ ਤੇ ਹਿੰਸਾ ਦੀਆਂ ਘਟਨਾਵਾਂ ਦਾ ਸਿਲਸਿਲਾ ਜਾਰੀ, 15 ਹੋਰ ਸ਼ਹਿਰਾਂ ਵਿਚ ਕਰਫ਼ਿਊ ਲਾਗੂ।

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਐਲਾਨ ਕੀਤਾ ਹੈ ਕਿ ਉਸ ਦਾ ਵਿਚਾਰ ਹੈ ਕਿ ਮਿਨੀਏਪੋਲਿਸ ਵਿਖੇ ਪੁਲਿਸ ਹਿਰਾਸਤ ਵਿਚ ਕਾਲੇ ਵਿਅਕਤੀ ਜਾਰਜ ਫਲਾਇਡ ਦੀ ਹੋਈ ਮੌਤ ਤੋਂ ਬਾਅਦ ਹੋ ਰਹੀ ਹਿੰਸਾ ਪਿੱਛੇ ਖੱਬੇ ਪੱਖੀ ਗਰੁੱਪ ‘ਅੰਟੀਫਾ’ ਦਾ ਹੱਥ ਹੈ। ਉਹ ‘ਅੰਟੀਫਾ’ ਨੂੰ ਅੱਤਵਾਦੀ ਜਥੇਬੰਦੀ ਕਰਾਰ ਦੇ ਦੇਣਗੇ। ‘ਅੰਟੀਫਾ’ ਜਿਸ ਨੂੰ ‘ਐਂਟੀ ਫਾਸਿਸ਼ਟ’ ਗਰੁੱਪ ਵਜੋਂ ਜਾਣਿਆ ਜਾਂਦਾ ਹੈ, ਪਿਛਲੇ ਸਾਲਾਂ ਦੌਰਾਨ ਕੁਝ ਹਿੰਸਕ ਝੜਪਾਂ ਵਿਚ ਸ਼ਾਮਿਲ ਰਿਹਾ ਹੈ। ਇਸ ਤੋਂ ਪਹਿਲਾਂ ਕੈਨੇਡੀ ਸਪੇਸ ਸੈਂਟਰ ਵਿਚ ਰਾਸ਼ਟਰਪਤੀ ਨੇ ਕਿਹਾ ਸੀ ਕਿ ਹਿੰਸਾ ਫੈਲਾਉਣ ਦੀ ਅਗਵਾਈ ‘ਅੰਟੀਫਾ’ ਤੇ ਹੋਰ ਖੱਬੇ ਪੱਖੀ ਗਰੁੱਪ ਕਰ ਰਹੇ ਹਨ। ਇਹ ਗੁਰੱਪ ਲੋਕਾਂ ਵਿਚ ਡਰ ਪੈਦਾ ਕਰ ਰਹੇ ਹਨ, ਨੌਕਰੀਆਂ ਖਤਮ ਕਰ ਰਹੇ ਹਨ,ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਤੇ ਸਾੜਫੂਕ ਕਰ ਰਹੇ ਹਨ। ਇਨਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ।


ਇਸੇ ਦੌਰਾਨ ਜਾਰਜ ਫਲਾਇਡ ਦੀ ਮੌਤ ਲਈ ਜਿੰਮੇਵਾਰ 3 ਹੋਰ ਪੁਲਿਸ ਅਧਿਕਾਰੀਆਂ ਦੀ ਗ੍ਰਿਫਤਾਰੀ ਤੇ ਪੁਲਿਸ ਵਿਭਾਗ ਵਿਚ ਸੁਧਾਰਾਂ ਨੂੰ ਲੈ ਕੇ ਤਕਰੀਬਨ ਪੂਰੇ ਦੇਸ਼ ਵਿਚ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਰਿਹਾ। ਹਾਲਾਤ ਨੂੰ ਕਾਬੂ ਹੇਠ ਕਰਨ ਲਈ 15 ਹੋਰ ਸ਼ਹਿਰਾਂ ਵਿਚ ਕਰਫ਼ਿਊ ਲਾ ਦਿੱਤਾ ਗਿਆ ਹੈ। ਇਸ ਤਰਾਂ ਹੁਣ ਤੱਕ 40 ਸ਼ਹਿਰਾਂ ਕਰਫ਼ਿਊ ਹੇਠ ਆ ਗਏ ਹਨ। ਹਾਲਾਂ ਕਿ ਜਿਆਦਾਤਰ ਪ੍ਰਦਰਸ਼ਨ ਸ਼ਾਂਤਮਈ ਰਹੇ ਪਰ ਕਈ ਥਾਵਾਂ ‘ਤੇ ਵਾਹਣਾਂ ਨੂੰ ਸਾੜਨ ਤੇ ਲੁੱਟਮਾਰ ਦੀਆਂ ਘਟਨਾਵਾਂ ਵਾਪਰਨ ਉਪਰੰਤ ਪੁਲਿਸ ਨੇ ਭੀੜ ਉਪਰ ਕਾਬੂ ਪਾਉਣ ਲਈ ਅਥਰੂ ਗੈਸ ਦੇ ਗੋਲੇ ਛੱਡੇ ਤੇ ਲਾਠੀਚਾਰਜ ਕੀਤਾ। ਸ਼ਿਕਾਗੋ ਦੇ ਹੇਠਲੇ  ਖੇਤਰ ਵਿਚ ਹਜਾਰਾਂ ਲੋਕਾਂ ਨੇ ਪ੍ਰਦਰਸ਼ਨ ਵਿਚ ਹਿੱਸਾ ਲਿਆ। ਹਾਲਾਂ ਕਿ ਪ੍ਰਦਰਸ਼ਨ ਸ਼ਾਤਮਈ ਸ਼ੁਰੂ ਹੋਇਆ ਸੀ ਪਰ ਰਾਤ ਭਰ ਸ਼ਿਕਾਗੋ ਤੇ ਨਾਲ ਲੱਗਦੇ ਖੇਤਰਾਂ ਵਿਚ ਹਿੰਸਾ ਤੇ ਭੰਨਤੋੜ ਦਾ ਸਿਲਸਿਲਾ ਚਲਦਾ ਰਿਹਾ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵਾਹਣਾਂ ਨੂੰ ਅੱਗਾਂ ਲਾਈਆਂ ਤੇ ਕਾਰੋਬਾਰੀ ਬਿਲਡਿੰਗਾਂ ਦੇ ਸ਼ੀਸ਼ੇ ਤੇ ਖਿੜਕੀਆਂ ਤੋੜ ਦਿੱਤੀਆਂ। ਭੀੜ ਉਪਰ ਕਾਬੂ ਪਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ। ਸਾਂਤਾ ਮੋਨੀਕਾ (ਕੈਲੀਫੋਰਨੀਆ) ,  ਲਾਸ ਏਂਜਲਸ , ਸਾਵਾਨਾਹ (ਜਾਰਜੀਆ), ਫਿਲਾਡੈਲਫੀਆ ਤੇ ਹੋਰ ਥਾਵਾਂ ‘ਤੇ ਹਿੰਸਾ ਤੇ ਲੁੱਟਖੋਹ ਦੀਆਂ ਘਟਨਾਵਾਂ ਹੋਈਆਂ ਹਾਲਾਂ ਕਿ ਮੌਕੇ ਉਪਰ ਪੁਲਿਸ ਤੇ ਹੋਰ ਸੁਰੱਖਿਆ ਜਵਾਨ ਮੌਜੂਦ ਸਨ।  ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ ਜਾਰਜ ਫਲਾਇਡ ਦੀ ਮੌਤ ਦੇ ਮਾਮਲੇ ‘ਚ ਤਿੰਨ ਹੋਰ ਪੁਲਿਸ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤੇ ਉਨਾਂ ਵਿਰੁੱਧ ਸਖਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ।

Share This :

Leave a Reply