ਐਸ. ਐਸ. ਪੀ. ਹਰਪ੍ਰੀਤ ਸਿੰਘ ਦੀ ਅਗਵਾਈ ਹੇਠਾਂ ਸ਼ਹਿਰ ‘ਚ ਕੱਢਿਆ ਫਲੈਗ ਮਾਰਚ


ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ ਇੱਥੇ ਪੁਲਸ ਜ਼ਿਲਾਂ ਖੰਨਾ ਦੇ ਐਸ. ਐਸ. ਪੀ. ਹਰਪ੍ਰੀਤ ਸਿੰਘ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋ ਵਿਸ਼ਵ ਭਰ ਵਿਚ ਚੱਲ ਰਹੀ ਕੋਰੋਨਾ ਵਾਇਰਸ (ਕੋਵਿਡਾ-19) ਨਾਮੀਂ ਬਿਮਾਰੀ ਨਾਲ ਨਜਿੱਠਣ ਲਈ ਹਰ ਤਰਾਂ ਦੇ ਸੁਰੱਖਿਆ ਪ੍ਰਬੰਧ ਅਖਤਿਆਰ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਹਰ ਇਨਸਾਨ ਨੂੰ ਆਪਣੀ ਅਤੇ ਸਮਾਜ ਦੀ ਸੁਰੱਖਿਆ ਸਬੰਧੀ ਘਰਾਂ ਦੇ ਅੰਦਰ ਹੀ ਰਹਿਣ ਲਈ ਅਪੀਲ ਕੀਤੀ ਗਈ ਹੈ ਤਾਂ ਜੋ ਕੋਰੋਨਾ ਵਾਇਰਸ ਨੂੰ ਠੱਲ ਪਾਈ ਜਾ ਸਕੇ।

ਜਿਸ ਦੇ ਸਬੰਧ ਵਿਚ ‘ਕਰਫਿਊ/ਲਾਕਡਾਊਨ’ ਦੌਰਾਨ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਅਪੀਲ ਕਰਦਿਆਂ ਘਰੇਲੂ ਸਮਾਨ,ਖਾਣ-ਪੀਣ ਦੀਆਂ ਜਰੂਰੀ ਵਸਤੂਆਂ ਅਤੇ ਦਵਾਈਆਂ ਆਦਿ ਪੁਲਸ ਕਰਮਚਾਰੀਆਂ ਦੀਆਂ ਟੀਮਾਂ ਗਠਿਤ ਕਰਕੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਲੋੜਵੰਦਾਂ ਲਈ ਜ਼ਿਲਾਂ ਦਫ਼ਤਰ ਤੋਂ ਗਠਿਤ ਟੀਮਾਂ ਰਾਹੀਂ ਖਾਣ-ਪੀਣ ਦੀ ਸਮੱਗਰੀ ਵੰਡਣ ਲਈ ਰਵਾਨਾ ਕੀਤਾ ਗਿਆ। ਉਨਾਂ ਦੱਸਿਆ ਕਿ ਇਸੇ ਤਰਾਂ ਜੇਕਰ ਕਿਸੇ ਵੀ ਵਿਅਕਤੀ ਵੱਲੋਂ ਪੁਲਸ ਕੰਟਰੋਲ ਰੂਮ ‘ਤੇ ਕਿਸੇ ਵੀ ਸਮੱਸਿਆ ਸਬੰਧੀ ਕਾਲ/ਸੂਚਨਾ ਮਿਲਦੀ ਹੈ ਤਾਂ ਉਸਦੀ ਹਰ ਤਰਾਂ ਨਾਲ ਮਦਦ ਕੀਤੀ ਜਾਂਦੀ ਹੈ ਤਾਂ ਜੋ ‘ਕੋਰੋਨਾ ਵਾਇਰਸ’ ਦੀ ਚੇਨ ਨੂੰ ਤੋੜਿਆ ਜਾ ਸਕੇ।
ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲਾਂ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਕਰਫਿਊ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ। ਉਨਾਂ ਕਿਹਾ ਕਿ ਕਰਫਿਊ ਦੌਰਾਨ ਘਰਾਂ ਦੇ ਅੰਦਰ ਹੀ ਰਹਿਣ ਤਾਂ ਜੋ ਨਿਸ ਨਾਮੁਰਾਦ ਬਿਮਾਰੀ ‘ਤੇ ਕਾਬੂ ਪਾਇਆ ਜਾ ਸਕੇ। ਉਨਾਂ ਦੱਸਿਆ ਕਿ ਪੁਲਸ ਜ਼ਿਲਾਂ ਖੰਨਾ ਵਿਚ ਕਰੀਬ 10 ਹਜ਼ਾਰ ਲੋਕਾਂ ਨੂੰ ਰੋਜ਼ਾਨਾ ਸਵੇਰੇ ਸ਼ਾਮ ਖਾਣਾ ਤਿਆਰ ਕਰਕੇ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਦੇ ਵਾਲੰਟੀਅਰਜ਼ ਵੱਲੋਂ ਪੁੱਜਦਾ ਕੀਤਾ ਜਾ ਰਿਹਾ ਹੈ। ਇਸੇ ਤਰਾਂ ਹੀ ਲੋੜਵੰਦ ਲੋਕਾਂ ਨੂੰ ਸੁੱਕਾ ਰਾਸ਼ਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਪੁਲਸ ਜ਼ਿਲਾਂ ਖੰਨਾ ਵੱਲੋਂ ਲਗਾਤਾਰ ‘ਕਰਫਿਊ/ਲਾਕਡਾਊਨ’ ਸਬੰਧੀ ਲੋਕਾਂ ਨੂੰ ‘ਪਬਲਿਕ ਐਡਰੈੱਸ ਸਿਸਟਮ/ਸ਼ੋਸਲ ਨੈਟਵਰਕਿੰਗ ਰਾਹੀਂ ਸੂਚਿਤ ਕਰਨ ਦੇ ਬਾਵਜੂਦ ਵੀ ‘ਕਰਫਿਊ/ਲਾਕਡਾਊਨ’ ਦੀ ਉਲੰਘਣਾ ਕਰਨ ਵਾਲੇ ਵੱਖ-ਵੱਖ ਵਿਅਕਤੀਆਂ ਖਿਲਾਫ਼ 38 ਮਾਮਲੇ ਦਰਜ ਕੀਤੇ ਗਏ ਹਨ। ਉਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।
ਇਸੇ ਤਰਾਂ ਹੀ ਐਸ.ਪੀ. (ਆਈ.) ਜਗਵਿੰਦਰ ਸਿੰਘ ਚੀਮਾ ਵੱਲੋਂ ਕਰਤਾਰ ਨਗਰ, ਸਮਾਧੀ ਰੋਡ, ਲਲਹੇੜੀ ਰੋਡ, ਕ੍ਰਿਸ਼ਨਾ ਨਗਰ, ਨੇੜੇ ਥਾਣਾ ਸਿਟੀ-02 ਖੰਨਾ ਆਦਿ ਥਾਵਾਂ ‘ਤੇ ਲੋੜਵੰਦਾਂ ਅਤੇ ਲੋੜਵੰਦ ਲੋਕਾਂ ਨੂੰ ਅਨਾਜ, ਚਾਵਲ, ਦੁੱਧ, ਚੀਨੀ, ਦਵਾਈਆਂ ਆਦਿ ਘਰੇਲੂ ਵਸਤੂਆਂ ਅਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਗਿਆ।ਇਸੇ ਤਰਾਂ ਹੀ ਖੰਨਾ ਸ਼ਹਿਰ ਵਿਚ ਕਰੋਨਾ ਵਾਇਰਸ ਦੇ ਬਚਾਓ ਸਬੰਧੀ ਐਸ.ਪੀ. (ਐਚ.) ਤਜਿੰਦਰ ਸਿੰਘ ਸੰਧੂ, ਐਸ.ਪੀ. (ਆਈ.) ਜਗਵਿੰਦਰ ਸਿੰਘ ਚੀਮਾ ਦੀ ਨਿਗਰਾਨੀ ਹੇਠ ‘ਫਲੈਗ ਮਾਰਚ’ ਕੱਢਿਆ ਗਿਆ। ਇਹ ‘ਫਲੈਗ ਮਾਰਚ’ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਕੋਰੋਨਾ ਵਾਇਰਸ ਨਾਮੀਂ ਬਿਮਾਰੀ ਤੋਂ ਬਚਾਓ ਸਬੰਧੀ ਕੱਢਿਆ ਗਿਆ, ਇਸ ਦੌਰਾਨ ਲੋਕਾਂ ਨੂੰ ‘ਪਬਲਿਕ ਐਡਰਸ ਸਿਸਟਮ ਰਾਹੀਂ ਆਪੋ-ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ।




















