ਵੱਖ-ਵੱਖ ਮਾਰਕਿਆਂ ਦੀ ਜਾਅਲੀ ਹਜ਼ਾਰਾਂ ਲੀਟਰ ਸ਼ਰਾਬ, ਲੱਖਾਂ ਦੀ ਨਗਦੀ ਸਮੇਤ ਮਸ਼ੀਨੀਰੀ ਬਰਾਮਦ
ਖੰਨਾ (ਪਰਮਜੀਤ ਸਿੰਘ ਧੀਮਾਨ) ਪੁਲਸ ਜ਼ਿਲ੍ਹਾ ਖੰਨਾ ਵੱਲੋਂ ਸ਼ਰਾਬ ਸਮੇਤ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਨੇੜਲੇ ਪਿੰਡ ਬਾਹੋਮਾਜਰਾ ਵਿਖੇ ਨਜ਼ਾਇਜ਼ ਸ਼ਰਾਬ ਬਣਾਉਣ ਵਾਲੀ ਫੈਕਟਰੀ ‘ਤੇ ਛਾਪਾਮਾਰੀ ਕਰਕੇ ਵੱਖ-ਵੱਖ ਮਾਰਕਿਆਂ ਦੀ ਸ਼ਰਾਬ ਤਿਆਰ ਕਰਨ ਵਾਲਾ ਸਮਾਨ ਤੇ ਹਜ਼ਾਰਾਂ ਲੀਟਰ ਸ਼ਰਾਬ, ਨਗਦੀ ਅਤੇ ਮਸ਼ੀਨਰੀ ਬਰਾਮਦ ਕੀਤੀ ਹੈ। ਅੱਜ ਦੇਰ ਸ਼ਾਮੀਂ ਪੁਲਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਚਲਾਈ ਮੁਹਿੰਮ ਦੌਰਾਨ ਐਸ. ਪੀ. (ਆਈ.) ਜਗਵਿੰਦਰ ਸਿੰਘ ਚੀਮਾ ਦੀ ਨਿਗਰਾਨੀ ਅਤੇ ਡੀ. ਐਸ. ਪੀ. (ਆਈ.) ਤਰਲੋਚਨ ਸਿੰਘ, ਸਬ ਡਵੀਜ਼ਨ ਖੰਨਾ ਦੇ ਡੀ. ਐਸ. ਪੀ. ਰਾਜਨ ਪ੍ਰਮਿੰਦਰ ਸਿੰਘ ਦੀ ਅਗਵਾਈ ਹੇਠਾਂ ਸੀ. ਆਈ. ਏ. ਸਟਾਫ਼ ਖੰਨਾ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਅਤੇ ਥਾਣਾ ਸਦਰ ਖੰਨਾ ਦੇ ਐਸ. ਐਚ. ਓ. ਇੰਸਪੈਕਟਰ ਜਸਪਾਲ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਵੱਲੋ ਲਾਕਡਾਊਨ (ਕਰਫਿਊ) ਦੌਰਾਨ ਟੀ-ਪੁਆਇੰਟ ਜੀ.ਟੀ. ਰੋਡ ਬਾਹੱਦ ਪਿੰਡ ਕੌੜੀ ਵਿਖੇ ਜੁਆਇੰਟ ਨਾਕਾਬੰਦੀ ਕੀਤੀ ਹੋਈ ਸੀ, ਕਿ ਇਸ ਦੌਰਾਨ ਪੁਲਸ ਪਾਰਟੀ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਾਜੀਵ ਗੁਪਤਾ ਪੁੱਤਰ ਸੁਭਾਸ਼ ਚੰਦ ਵਾਸੀ ਮਕਾਨ ਨੰਬਰ 2631, ਫੇਜ਼-01 ਦੁੱਗਰੀ (ਲੁਧਿਆਣਾ) ਦੇ ਪਿੰਡ ਬਾਹੋਮਾਜਰੇ ਵਾਲੇ ਗੋਦਾਮ ਵਿੱਚ ਹਰਵਿੰਦਰ ਸਿੰਘ ਉਰਫ ਮੰਗਾ ਚੱਢਾ ਪੁੱਤਰ ਪਿਆਰਾ ਸਿੰਘ, ਚੰਦਰ ਪ੍ਰਕਾਸ਼ ਉਰਫ ਵਿੱਕੀ ਮਿੱਡਾ ਪੁੱਤਰ ਸੁਰਿੰਦਰ ਕੁਮਾਰ, ਜਤਿੰਦਰ ਕੁਮਾਰ ਪੁੱਤਰ ਮਨੋਹਰ ਲਾਲ, ਜਤਿੰਦਰਪਾਲ ਸਿੰਘ ਪੁੱਤਰ ਸ਼ੀਤਲ ਸਿੰਘ, ਮਨਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਅਤੇ ਇੱਕ ਹੋਰ ਵਿਅਕਤੀ ਨੇ ਜਾਅਲੀ ਸ਼ਰਾਬ ਤਿਆਰ ਕਰਨ ਦੀ ਫੈਕਟਰੀ ਲਗਾਈ ਹੋਈ ਹੈ, ਜਿੱਥੇ ਕਿ ਅੱਜ ਇਹ ਸਾਰੇ ਵਿਅਕਤੀ ਮਸ਼ੀਨਾਂ ਰਾਹੀਂ ਜਾਅਲੀ ਸ਼ਰਾਬ ਤਿਆਰ ਕਰਕੇ ਵੱਖ-ਵੱਖ ਮਾਰਕੇ ਦੀ ਸ਼ਰਾਬ ਦੇ ਲੇਬਲ ਅਤੇ ਲੋਗੋ ਲਗਾ ਕੇ ਵੱਡੀ ਮਾਤਰਾ ਵਿੱਚ ਗੱਡੀਆਂ ਰਾਹੀਂ ਵੱਖ-ਵੱਖ ਇਲਾਕਿਆਂ ਵਿੱਚ ਸਪਾਲਈ ਕਰ ਰਹੇ ਹਨ। ਅੱਜ ਵੀ ਇਹ ਉਕਤ ਸਾਰੇ ਜਣੇ ਇਕੱਠੇ ਹੋ ਕੇ ਉਕਤ ਗੋਦਾਮ ਵਿੱਚ ਬਣਾਈ ਡਿਸਟਿਲਰੀ ਵਿੱਚ ਸ਼ਰਾਬ ਤਿਆਰ ਕਰ ਰਹੇ ਹਨ। ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਉਕਤ ਸਾਰੇ ਜਾਣੇ ਜਾਅਲੀ ਸ਼ਰਾਬ ਅਤੇ ਸ਼ਰਾਬ ਤਿਆਰ ਕਰਨ ਵਾਲੇ ਸਾਜੋ ਸਮਾਨ ਸਮੇਤ ਕਾਬੂ ਆ ਸਕਦੇ ਹਨ।
ਐਸ. ਐਸ. ਪੀ. ਹਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪੁਲਸ ਦੇ ਐਸ. ਪੀ. (ਆਈ) ਜਗਵਿੰਦਰ ਸਿੰਘ ਚੀਮਾ ਨੇ ਕਾਰਵਾਈ ਕਰਦਿਆਂ ਸਮੇਤ ਪੁਲਿਸ ਪਾਰਟੀ ਵੱਲੋ ਆਬਕਾਰੀ ਵਿਭਾਗ ਦੀਆਂ ਟੀਮਾਂ ਨੂੰ ਬੁਲਾ ਕੇ ਉਕਤ ਗੋਦਾਮ ਵਿੱਚ ਬਣੀ ਕਥਿਤ ਡਿਸਟਿਲਰੀ ‘ਤੇ ਜੁਆਇੰਟ ਰੇਡ ਕੀਤਾ ਗਿਆ। ਜਿਸ ‘ਤੇ ਪੁਲਸ ਪਾਰਟੀ ਨੂੰ ਹਰਵਿੰਦਰ ਸਿੰਘ ਉਰਫ ਮੰਗਾ ਚੱਢਾ ਪੁੱਤਰ ਪਿਆਰਾ ਸਿੰਘ, ਚੰਦਰ ਪ੍ਰਕਾਸ਼ ਉਰਫ ਵਿੱਕੀ ਮਿੱਡਾ ਪੁੱਤਰ ਸੁਰਿੰਦਰ ਕੁਮਾਰ, ਜਤਿੰਦਰ ਕੁਮਾਰ ਪੁੱਤਰ ਮਨੋਹਰ ਲਾਲ, ਜਤਿੰਦਰਪਾਲ ਸਿੰਘ ਪੁੱਤਰ ਸ਼ੀਤਲ ਸਿੰਘ, ਮਨਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਨੂੰ ਮੌਕੇ ‘ਤੇ ਕਾਬੂ ਕਰ ਲਿਆ ਜਦੋਂ ਕਿ ਇੱਕ ਹੋਰ ਵਿਅਕਤੀ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ।
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਦੇ ਕਬਜੇ ਵਿਚੋਂ ਉਕਤ ਗੋਦਾਮ ਵਿੱਚ ਚੱਲ ਰਹੀ ਜਾਅਲੀ ਡਿਸਟਿਲਰੀ (ਜਾਅਲੀ ਸ਼ਰਾਬ ਦੀ ਫੈਕਟਰੀ) ਵਿੱਚੋਂ ਮਾਰਕਾ ਫਸਟ ਚੁਆਇਸ ਦੀਆਂ 320 ਪੇਟੀਆ, ਮਾਰਕਾ 999 ਵਿਸਕੀ ਦੀਆ 93 ਪੇਟੀਆਂ, ਕੁੱਲ 413 ਪੇਟੀਆਂ ਸ਼ਰਾਬ, ਈ. ਐਨ. ਏ ਸਪਿਲਟ ਦੇ 19 ਡਰੰਮ (ਹਰੇਕ ਡਰੰਮ ਵਿੱਚ 200/200 ਲੀਟਰ ਕੁੱਲ 3800 ਲੀਟਰ) ਜਿਸ ਨਾਲ 950 ਪੇਟੀਆ ਸ਼ਰਾਬ ਦੀਆਂ ਹੋਰ ਤਿਆਰ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਕਰੀਬ 1444 ਪੇਟੀਆਂ ਦੀ ਸ਼ਰਾਬ ਤਿਆਰ ਕਰਕੇ ਡਰੰਮਾਂ ਵਿੱਚ ਪਾਈ ਹੋਈ ਸੀ, ਜੋ ਕਿ ਬੋਤਲਾਂ ਵਿੱਚ ਭਰਨੀ ਬਾਕੀ ਸੀ ਅਤੇ ਕੁੱਲ 8000 ਖਾਲੀ ਬੋਤਲਾਂ ਅਤੇ 80 ਬੈਗ ਬੋਤਲਾਂ ਵਾਲੇ ਢੱਕਣ, ਕਰੀਬ 250 ਲੀਟਰ ਸੈਂਟ ਅਤੇ ਸੰਤਰੀ ਰੰਗ, ਸ਼ਰਾਬ ਤਿਆਰ ਕਰਨ ਵਾਲੀਆਂ 02 ਵੱਡੀਆਂ ਅਤੇ ਬਾਕੀ ਛੋਟੀਆਂ ਮਸ਼ੀਨਾਂ, ਪੂਰਾ ਡਿਸਟਿਲਰੀ ਪਲਾਟ ਦੇ ਸਮਾਨ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ, ਇਸ ਤੋਂ ਇਲਾਵਾ ਮੌਕਾ ‘ਤੋਂ ਇੱਕ ਇਨੋਵਾ ਗੱਡੀ, ਇੱਕ ਕੈਂਟਰ, ਇੱਕ ਟਰੈਕਟਰ ਟਰਾਲੀ ਅਤੇ 5,82,000/- ਰੁਪਏ ਵੀ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ਼ ਥਾਣਾ ਸਦਰ ਖੰਨਾ ਵਿਖੇ ਮੁਕੱਦਮਾ ਨੰਬਰ 50/ਮਿਤੀ 2 ਅਪ੍ਰੈਲ 2020 ਭਾਰਤੀ ਦੰਡਾਵਲੀ ਦੀ ਧਾਰਾ 420/465/ 468/ 471/269 ਅਤੇ ਆਬਕਾਰੀ ਐਕਟ ਦੀ ਧਾਰਾ 61-01-41 ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ 2005 ਅਧੀਨ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਤੋਂ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਕਥਿਤ ਦੋਸ਼ੀਆਨ ਪਿਛਲੇ 05-06 ਮਹੀਨਿਆਂ ਤੋਂ ਇਹ ਗੌਰਖਧੰਦਾ ਕਰਦੇ ਆ ਰਹੇ ਹਨ ਅਤੇ ਵੱਖ-ਵੱਖ ਥਾਵਾਂ ਤੋਂ ਸਪਿਲਟ, ਗੱਤਾ-ਡੱਬੇ, ਲੋਗੋ, ਖਾਲੀ ਬੋਤਲਾਂ ਆਦਿ ਖਰੀਦ ਕਰਕੇ ਉਕਤ ਡਿਸਟਿਲਰੀ (ਸ਼ਰਾਬ ਦੀ ਫੈਕਟਰੀ) ਵਿੱਚ ਰੋਜਾਨਾ ਸ਼ਰਾਬ ਦੀਆਂ 1000 ਪੇਟੀਆਂ ਤਿਆਰ ਕਰਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ਵਿੱਚ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਕੀਤੀ ਜਾ ਰਹੀ ਡੂੰਘਾਈ ਨਾਲ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।