ਨਵਾਂਸ਼ਹਿਰ/ਬਲਾਚੌਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ ਹਲਕਾ ਬਲਾਚੌਰ ਦੇ ਐਮ ਐਲ ਏ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਦੱਸਿਆ ਕਿ ਬਲਾਚੌਰ ਦੀਆਂ ਮੰਡੀਆਂ ’ਚ ਕੋਵਿਡ ਕਰਫ਼ਿਊ ਕਾਰਨ ਕਿਸਾਨਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਬਲਕਿ ਇਸ ਸਾਲ ਪਿਛਲੇ ਸਾਲ ਦੀ ਨਾਮਾਤਰ ਆਮਦ ਦੇ ਮੁਕਾਬਲੇ ਹੁਣ ਤੱਕ 3007 ਮੀਟਿ੍ਰਕ ਟਨ ਕਣਕ ਆ ਚੁੱਕੀ ਹੈ।
ਉਨ੍ਹਾਂ ਸਕੱਤਰ ਮਾਰਕੀਟ ਕਮੇਟੀ ਅਤੇ ਚੇਅਰਮੈਨ ਮਾਰਕੀਟ ਕਮੇਟੀ ਨਾਲ ਖਰੀਦ ਸੀਜ਼ਨ ਦੀ ਪ੍ਰਗਤੀ ਸਬੰਧੀ ਮੀਟਿੰਗ ਕਰਨ ਬਾਅਦ ਦੱਸਿਆ ਕਿ ਜਿਸ ਤਰ੍ਹਾਂ ਦਾ ਖਦਸ਼ਾ ਸੀਜ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਬਣਿਆ ਸੀ ਕਿ ਸਰਕਾਰ ਵੱਲੋਂ ਕੋਵਿਡ ਦੇ ਮੱਦੇਨਜ਼ਰ ਕੀਤੇ ਪ੍ਰਬੰਧ ਅਤੇ ਸਖਤੀਆਂ ਜਿਮੀਂਦਾਰਾਂ ਲਈ ਮੁਸ਼ਕਿਲਾਂ ਖੜੀ ਕਰਨਗੀਆਂ, ਉਹ ਖਦਸ਼ੇ ਪੂਰੀ ਤਰ੍ਹਾਂ ਨਿਰਮੂਲ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਗਾਊਂ ਕੂਪਨ ਦੇਣ ਦੇ ਕੀਤੇ ਪ੍ਰਬੰਧਾਂ ਅਤੇ ਮੰਡੀਆਂ ’ਚ ਕਿਸਾਨਾਂ ਦੀ ਸੀਮਿਤ ਆਮਦ ਲਈ ਕੀਤੀ ਯੋਜਨਾਬੰਦੀ ਬਲਾਚੌਰ ਦੀਆਂ ਮੰਡੀਆਂ ’ਚ ਪੂਰੀ ਤਰ੍ਹਾ ਕਾਮਯਾਬ ਹੈ ਅਤੇ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਖਰੀਦ ਦਾ ਜਾਇਜ਼ਾ ਲੈ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਇਸ ਮੌਕੇ ਚੇਅਰਮੈਨ ਹਰਜੀਤ ਸਿੰਘ ਜਾਡਲੀ ਅਤੇ ਸਕੱਤਰ ਮਾਰਕੀਟ ਕਮੇਟੀ ਸੁਰਿੰਦਰ ਪਾਲ ਵੀ ਮੌਜੂਦ ਸਨ।