ਅੰਮ੍ਰਿਤਸਰ (ਮੀਡੀਆ ਬਿਊਰੋ ) ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਸਿਹਤ ਕੇਂਦਰਾਂ ਵਿੱਚ ਟੈਲੀਮੇਡਿਸਨ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ, ਤਾਂ ਜੋ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਵਿਆਪਕ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਇਸ ਸਬੰਧੀ ਵੇਰਵੇ ਦਿੰਦਿਆਂ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਦੱਸਿਆ ਕਿ ਫਿਲਹਾਲ ਜਨਰਲ ਬਿਮਾਰੀਆਂ ਦੀ ਦਵਾਈ ਮੈਡੀਸਨ ਦੇ ਡਾਕਟਰਾਂ ਵੱਲੋਂ ਦਿੱਤੀ ਜਾ ਰਹੀ ਹੈ ਅਤੇ ਛੇਤੀ ਹੀ ਅਗਲੇ ਪੜਾਅ ਵਿਚ ਇਸ ਦਾ ਮੁਲਾਂਕਣ ਕਰਨ ਤੋਂ ਬਾਅਦ ਵਿਸ਼ੇਸ਼ ਬਿਮਾਰੀਆਂ ਦਾ ਇਲਾਜ ਵੀ ਇਸ ਵਿਧੀ ਰਾਹੀਂ ਸ਼ੁਰੂ ਕਰ ਦਿੱਤਾ ਜਾਵੇਗਾ।
ਉਨਾਂ ਦੱਸਿਆ ਕਿ ਇਸ ਪਹਿਲਕਦਮੀ ਤਹਿਤ ਕਮਿਊਨਿਟੀ ਸਿਹਤ ਅਧਿਕਾਰੀ ਸਿਹਤ ਕੇਂਦਰਾਂ ਵਿੱਚ ਵੀਡੀਓ ਕਾਲਿੰਗ ਜ਼ਰੀਏ ਹੱਬ ਦੇ ਮੈਡੀਕਲ ਅਧਿਕਾਰੀਆਂ ਨਾਲ ਸੰਪਰਕ ਕਰਦੇ ਹਨ ਅਤੇ ਫਿਰ ਸੀਐਚਓ ਮੈਡੀਕਲ ਅਧਿਕਾਰੀ ਤੋਂ ਈ-ਸੰਜੀਵਨੀ ਐਪ ਰਾਹੀਂ ਪ੍ਰਾਪਤ ਨਿਰਦੇਸ਼ਾਂ ਮੁਤਾਬਕ ਮਰੀਜਾਂ ਨੂੰ ਦਵਾਈਆਂ ਦਿੰਦੇ ਹਨ। ਇਨਾਂ ਕੇਂਦਰਾਂ ਵਿਖੇ ਵਧੀਆ ਸੇਵਾਵਾਂ ਦੇਣ ਲਈ 27 ਜ਼ਰੂਰੀ ਦਵਾਈਆਂ ਅਤੇ 6 ਡਾਇਗਨੋਸਟਿਕ ਟੈਸਟ ਉਪਲਬਧ ਕਰਵਾਏ ਗਏ ਹਨ। ਉਨਾਂ ਅੱਗੇ ਕਿਹਾ ਕਿ ਇਨਾਂ ਕੇਂਦਰਾਂ ਤੋਂ ਲੰਬੀਆਂ ਚੱਲਣ ਵਾਲੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਦਵਾਈਆਂ ਲੈਣ ਲਈ ਲੰਬੀ ਦੂਰੀ ਤੈਅ ਨਾ ਕਰਨੀ ਪਵੇ।