
ਨਵਾਂਸ਼ਹਿਰ/ਬੰਗਾ (ਏ-ਆਰ. ਆਰ. ਐੱਸ. ਸੰਧੂ) ਕੋਵਿਡ ਦੇ ਪ੍ਰਭਾਵ ਹੇਠ ਆਏ ਪੰਜਾਬ ਦੇ ਸਭ ਤੋਂ ਪਹਿਲੇ ਪਿੰਡ ਪਠਲਾਵਾ ’ਚ ਹਾਲਾਤ ਆਮ ਵਰਗੇ ਹੋ ਗਏ ਹਨ। ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਖੁਦ ਪਿੰਡ ’ਚ ਪੁੱਜ ਕੇ, ਦੋ ਮਹੀਨੇ ਪਹਿਲਾਂ ਪਿੰਡ ’ਤੇ ‘ਕੰਨਟੇਨਮੈਂਟ ਜ਼ੋਨ’ ਤਹਿਤ ਲਾਈਆਂ ਗਈਆਂ ਪਾਬੰਦੀਆਂ ਨੂੰ ਖਤਮ ਕਰਨ ਦਾ ਐਲਾਨ ਕੀਤਾ। ਉਨ੍ਹਾਂ ਇਸ ਮੌਕੇ ਪਿੰਡ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਬਾਅਦ ਜ਼ਿਲ੍ਹੇ ਦੇ ਸਮੂਹ ਹਸਪਤਾਲਾਂ, ਬੈਂਕਾਂ ਅਤੇ ਹੋਰ ਅਦਾਰਿਆਂ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਸੇਵਾਵਾਂ ਲਈ ਉਨ੍ਹਾਂ ਕੋਲ ਆਉਣ ’ਤੇ ਇਨ੍ਹਾਂ ਪਿੰਡਾਂ ਦੇ ਲੋਕਾਂ ਨਾਲ ਆਮ ਵਾਂਗ ਵਰਤੋਂ-ਵਿਹਾਰ ਕਰਨ ਅਤੇ ਉਨ੍ਹਾਂ ਪ੍ਰਤੀ ਕੋਈ ਝਿਜਕ ਨਾ ਦਿਖਾਉਣ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸੰਤ ਬਾਬਾ ਗੁਰਬਚਨ ਸਿੰਘ ਪਠਲਾਵਾ ਦੀ ਧਾਰਮਿਕ ਤੇ ਉੱਚੀ ਸੁੱਚੀ ਸਖਸ਼ੀਅਤ ਦਾ ਧੰਨਵਾਦ ਕਰਦਿਆਂ ਆਖਿਆ ਕਿ ਬਾਬਾ ਜੀ ਵੱਲੋਂ ਕੀਤੇ ਨਾਮ-ਬਾਣੀ ਦੇ ਸਿਮਰਨ ਸਦਕਾ ਹੀ ਪਠਲਾਵਾ ਦੀਆਂ ਸੰਗਤਾਂ ਇਸ ਬਿਮਾਰੀ ਦਾ ਦਲੇਰੀ ਨਾਲ ਟਾਕਰਾ ਕਰਕੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ’ਚੋਂ ਸਿਹਤਯਾਬ ਹੋ ਕੇ ਪਿੰਡ ਮੁੜੀਆਂ। ਉਨ੍ਹਾਂ ਕਿਹਾ ਕਿ ਇੱਕ ਪਿੰਡ ਨਾਲ ਹੀ ਸਬੰਧਤ 15 ਮਰੀਜ਼ਾਂ ਦਾ ਕੋਵਿਡ ਮਰੀਜ਼ਾਂ ਦਾ ਹੋਣਾ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਲਈ ਵੱਡੇ ਖਤਰੇ ਵਾਲੀ ਗੱਲ ਸੀ ਜਿਸ ਨੂੰ ਧਿਆਨ ’ਚ ਰੱਖਦਿਆਂ ਹੀ ਪਠਲਾਵਾ ਤੇ ਇਸ ਦੇ ਨਾਲ ਦੇ ਪਿੰਡਾਂ ਨੂੰ ਸਖਤ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਪਠਲਾਵਾ ਨਾਲ ਸਬੰਧਤ ਆਖਰੀ ਮਰੀਜ਼ ਦੇ 21 ਅਪਰੈਲ ਨੂੰ ਨੈਗੇਟਿਵ ਪਾਏ ਜਾਣ ਬਾਅਦ ਅਤੇ ਉਸ ਤੋਂ ਬਾਅਦ ਪਿੰਡ ’ਚੋਂ ਕੋਈ ਵੀ ਕੋਵਿਡ ਮਾਮਲਾ ਨਾ ਆਉਣ ਬਾਅਦ, ਸਿਹਤ ਵਿਭਾਗ ਦੀਆਂ ਸਿਫ਼ਾਰਸ਼ਾਂ ’ਤੇ 28 ਦਿਨਾਂ ਦੇ ਨਿਰਧਾਰਿਤ ਸਮੇਂ ਦੇ ਪੂਰਾ ਹੋਣ ਬਾਅਦ ਇਸ ਪਿੰਡ ਨੂੰ ਖੋਲ੍ਹਿਆ ਗਿਆ ਹੈ। ਉਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਪਾਬੰਦੀਆਂ ਬਾਅਦ ਵੀ ਕੋਵਿਡ-19 ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਸੁਝਾਈਆਂ ਸਾਵਧਾਨੀਆਂ ਦਾ ਪੂਰਾ ਧਿਆਨ ਰੱਖਣ ਲਈ ਅਪੀਲ ਕੀਤੀ। ਅੱਜ ਡਿਪਟੀ ਕਮਿਸ਼ਨਰ ਨੇ ਪਿੰਡ ਵੱਲੋਂ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਦਰਬਾਰ ਸਾਹਿਬ ਅਮਿ੍ਰਤਸਰ ਲਈ ਤਿੰਨ ਗੱਡੀਆਂ ਰਸਦ ਦੀਆਂ ਭੇਜੇ ਜਾਣ ਮੌਕੇ ਬਾਬਾ ਗੁਰਬਚਨ ਸਿੰਘ ਪਠਲਾਵਾ ਵੱਲੋਂ ਕੀਤੀ ਅਰਦਾਸ ’ਚ ਸ਼ਮੂਲੀਅਤ ਕੀਤੀ ਅਤੇ ਪਿੰਡ ਦੇ ਵਸਨੀਕਾਂ ਵੱਲੋਂ ਇਨ੍ਹਾਂ ਪਾਬੰਦੀਆਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਬਾਅਦ ਵਿੱਚ ਡਿਪਟੀ ਕਮਿਸ਼ਨਰ ਨੇ ਏਕ ਨੂਰ ਸੰਸਥਾ ਦੇ ਦਫ਼ਤਰ ਵਿਖੇ ਲੋਕਾਂ ਦੀ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਸੰਸਥਾ ਵੱਲੋਂ ਸੰਤ ਬਾਬਾ ਗੁਰਬਚਨ ਸਿੰਘ ਪਠਲਾਵਾ ਦੀ ਸਰਪ੍ਰਸਤੀ ’ਚ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੂੰ ਸਨਮਾਨਿਆ ਗਿਆ ਅਤੇ ਉਨ੍ਹਾਂ ਵੱਲੋਂ ਪਿੰਡ ’ਤੇ ਆਈ ਸੰਕਟ ਦੀ ਘੜੀ ਦੌਰਾਨ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਸਤਬੀਰ ਸਿੰਘ ਪੱਲੀ ਝਿੱਕੀ, ਤਹਿਸੀਲਦਾਰ ਬੰਗਾ ਅਜੀਤਪਾਲ ਸਿੰਘ, ਜ. ਸਵਰਨਜੀਤ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ, ਸਰਪੰਚ ਹਰਪਾਲ ਸਿੰਘ ਏਕ ਨੂਰ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਤੇ ਪਿੰਡ ਦੇ ਪਤਵੰਤੇ ਵੀ ਮੌਜੂਦ ਸਨ।