ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪਟਿਆਲਾ ‘ਚ ਘਰ-ਘਰ ਸਕਰੀਨਿੰਗ ਸ਼ੁਰੂ

ਪਟਿਆਲਾ ਵਿਖੇ ਘਰ-ਘਰ ਜਾ ਕੇ ਸ਼ਹਿਰ ਨਿਵਾਸੀਆਂ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕਰਦੀਆਂ ਹੋਈਆਂ ਆਂਗਣਵਾੜੀ ਵਰਕਰ ਤੇ ਸਹਾਇਕ।

ਪਟਿਆਲਾ (ਅਰਵਿੰਦਰ ਸਿੰਘ) ਬੀਤੇ ਦਿਨ ਪਟਿਆਲਾ ਸ਼ਹਿਰ ਵਿੱਚੋਂ ਕੋਰੋਨਾ ਦੇ 3 ਹੋਰ ਪਾਜ਼ੀਟਿਵ ਕੇਸ ਮਿਲਣ ਕਾਰਨ ਤੁਰੰਤ ਪ੍ਰਭਾਵ ਤੋਂ ਮਿਊਂਸੀਪਲ ਹੱਦ ਵਿੱਚ ਰਹਿੰਦੇ ਸਾਰੇ ਲੋਕਾਂ ਦੀ ਸਕਰੀਨਿੰਗ ਕਰਨ ਸਬੰਧੀਂ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਹੁਕਮਾਂ ‘ਤੇ ਅਮਲ ਕਰਦਿਆਂ ਸਿਹਤ ਵਿਭਾਗ ਤੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਵੱਖ-ਵੱਖ ਟੀਮਾਂ ਨੇ ਕੋਵਿਡ-19 ਦੇ ਲੱਛਣਾਂ ਬਾਰੇ ਸਕਰੀਨਿੰਗ ਸ਼ੁਰੂ ਕੀਤੀ। ਇਨ੍ਹਾਂ ਟੀਮਾਂ ਨੇ ਸਿਹਤ ਵਿਭਾਗ ਵੱਲੋਂ ਜਾਰੀ ਪ੍ਰਸ਼ਨਾਵਲੀ ਮੁਤਾਬਕ ਸ਼ਹਿਰ ਵਾਸੀਆਂ ਤੋਂ ਪ੍ਰਸ਼ਨ ਪੁੱਛੇ ਅਤੇ ਸਮੁੱਚੀ ਜਾਣਕਾਰੀ ਰਜਿਸਟਰਾਂ ਵਿੱਚ ਦਰਜ ਕੀਤੀ।


ਇਸ ਸਬੰਧੀਂ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਜ਼ਿਲ੍ਹ੍ਹਾ ਇਕਾਈ ਵੱਲੋਂ ਪਟਿਆਲਾ ਸ਼ਹਿਰੀ ਤੇ ਪਟਿਆਲਾ ਦਿਹਾਤੀ ਬਲਾਕਾਂ ਦੇ ਸਾਰੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਪ੍ਰਸ਼ਨਾਵਲੀ ਦੇ ਕੇ ਘਰ-ਘਰ ਸਕਰੀਨਿੰਗ ਲਈ ਭੇਜਿਆ ਗਿਆ।
ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਿਹਤ ਵਿਭਾਗ ਅਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਟੀਮਾਂ ਨੂੰ ਸਹਿਯੋਗ ਦਿੰਦੇ ਹੋਏ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਸਿਹਤ ਬਾਰੇ ਪੁੱਛੇ ਗਏ ਪ੍ਰਸ਼ਨਾਂ ਦੇ ਉਤਰ ਦੇ ਕੇ ਮੁਕੰਮਲ ਜਾਣਕਾਰੀ ਪ੍ਰਦਾਨ ਕਰਨ ਤਾਂ ਕਿ ਸ਼ਹਿਰ ਨੂੰ ਕੋਵਿਡ-19 ਦੀ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਾਰੀ ਸਕਰੀਨਿੰਗ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੀ ਨਿਗਰਾਨੀ ਹੇਠ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੁਧਾ ਗਰੋਵਰ, ਐਸ.ਐਮ.ਓ. ਮਾਡਲ ਟਾਊਨ ਡਾ. ਨਵਜਿੰਦਰ ਸੋਢੀ, ਐਸ.ਐਮ.ਓ. ਤ੍ਰਿਪੜੀ ਡਾ. ਅੰਜਨਾ ਗੁਪਤਾ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਗੁਲਬਹਾਰ ਸਿੰਘ ਤੂਰ ਵੱਲੋਂ ਕਰਵਾਈ ਜਾ ਰਹੀ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਦਿਹਾਤੀ ਤੇ ਦਿਹਾਤੀ ਇਲਾਕੇ ਵਿੱਚ ਅੱਜ ਵਿਕਾਸ ਨਗਰ, ਰਣਜੀਤ ਨਗਰ, ਅਨੰਦ ਨਗਰ, ਤ੍ਰਿਪੜੀ, ਧੀਰੂ ਕੀ ਮਾਜਰੀ, ਮਾਡਲ ਟਾਊਨ, ਬਿਸ਼ਨ ਨਗਰ, ਗੋਬਿੰਦ ਨਗਰ, ਰਾਘੋਮਾਜਰਾ, ਘੇਰ ਸੋਢੀਆਂ, ਬੀ ਟੈਂਕ, ਅਰਜਨ ਨਗਰ, ਬਾਲਮਿਕੀ ਬਸਤੀ, ਆਰਿਆ ਸਮਾਜ, ਨਾਭਾ ਗੇਟ, ਮੋਤੀ ਬਾਗ, ਵਿਰਕ ਕਲੋਨੀ, ਦਾਰੂ ਕੁਟੀਆ, ਨਿਊ ਯਾਦਵਿੰਦਰਾ ਕਲੋਨੀ ਆਦਿ ਇਲਾਕਿਆਂ ਵਿੱਚ ਘਰ-ਘਰ ਜਾ ਕੇ ਸਕਰੀਨਿੰਗ ਕੀਤੀ ਗਈ। ਇੱਕ-ਇੱਕ ਵਰਕਰ ਵੱਲੋਂ ਤਕਰੀਬਨ 50 ਤੋਂ 60 ਘਰਾਂ ਦਾ ਸਰਵੇ ਕੀਤਾ ਜਾ ਰਿਹਾ ਹੈ।

Share This :

Leave a Reply