ਕੋਰੋਨਾਵਾਇਰਸ ਨਾਲ ਅਮਰੀਕਾ ਵਿਚ 26000 ਤੋਂ ਵਧ ਮੌਤਾਂ

ਸਿਹਤ ਵਰਕਰ ਵੀ ਬੁਰੀ ਤਰਾਂ ਪ੍ਰਭਾਵਿਤ * ਅਰਥ ਵਿਵਸਥਾ ਖੋਲਣ ਬਾਰੇ ਵਿਵਾਦ ਡੂੰਘਾ ਹੋਇਆ

ਰਾਸ਼ਟਰਪਤੀ ਵੱਲੋਂ ਵਿਸ਼ਵ ਸਿਹਤ ਸੰਗਠਨ ਨੂੰ ਦਿੱਤੇ ਜਾਂਦੇ ਫੰਡ ਉਪਰ ਰੋਕ  ਲਾਉਣ ਦਾ ਐਲਾਨ

ਰਾਸ਼ਟਰਪਤੀ ਡੋਨਾਲਡ ਟਰੰਪ ਵ੍ਹਾਈਟ ਹਾਉਸ ਵਿਖੇ ਪ੍ਰੈਸ ਬ੍ਰੀਫਿੰਗ ਰੂਮ ਵਿਚ ਖਜ਼ਾਨਾ ਸਕੱਤਰ ਸਟੀਵਨ ਮਨੂਚਿਨ ਦੇ ਕੋਰੋਨਾਵਾਇਰਸ ਬਾਰੇ ਬੋਲਦਿਆਂ ਨੂੰ ਸੁਣਦੇ ਹੋਏ।

ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਵਿਸ਼ਵ ਭਰ ਵਿਚ ਭਿਆਨਕ ਹੁੰਦੀ ਜਾ ਰਹੀ ਕੋਰੋਨਾ ਬਿਮਾਰੀ ਦੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ  (ਡਬਲਯੂ ਐਚ ਓ) ਨੂੰ ਦਿੱਤੇ ਜਾਂਦੇ ਫੰਡ ਉਪਰ ਰੋਕ ਲਾ ਦਿੱਤੀ ਹੈ। ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਦਾ ਪ੍ਰਸ਼ਾਸਨ ਅਮਰੀਕਾ ਵੱਲੋਂ ਵਿਸ਼ਵ ਸਿਹਤ ਸੰਗਠਨ ਨੂੰ ਦਿੱਤੇ ਜਾਂਦੇ ਫੰਡ ਰੋਕ ਦੇਵੇਗਾ ਕਿਉਂਕਿ ਇਹ ਸੰਗਠਨ ਕੋਰੋਨਾਵਾਇਰਸ ਬਾਰੇ ਜਾਣਕਾਰੀ ਸਮੇਂ ਸਿਰ ਪਾਰਦਰਸ਼ੀ ਢੰਗ ਨਾਲ ਸਾਂਝੀ ਕਰਨ ਵਿਚ ਅਸਫਲ ਰਿਹਾ ਹੈ।

ਜੌਹਨਜ਼ ਹੋਪਕਿਨਜ ਯੁਨੀਵਰਸਿਟੀ ਅਨੁਸਾਰ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 26064 ਹੋ ਗਈ ਹੈ ਜਦ ਕਿ ਪੀੜਤਾਂ ਦੀ ਗਿਣਤੀ 614212 ਹੈ। ਪੀੜਤਾਂ ਵਿਚ 9000 ਤੋਂ ਵਧ ਸਿਹਤ ਸੰਭਾਲ ਵਰਕਰ ਸ਼ਾਮਿਲ ਹਨ। 13473 ਪੀੜਤ ਨਾਜ਼ਕ ਜਾਂ ਅੱਤ ਨਾਜ਼ਕ ਹਨ। ਪਿਛਲੇ 24 ਘੰਟਿਆਂ ਦੌਰਾਨ 2200 ਤੋਂ ਵਧ ਮੌਤਾਂ ਹੋਈਆਂਹਨ।  ਇਸ ਤੋਂ ਪਹਿਲਾਂ ਇਕ ਦਿਨ ਵਿਚ ਸਭ ਤੋਂ ਵਧ ਮੌਤਾਂ ਲੰਘੇ ਸ਼ੁੱਕਰਵਾਰ 2108 ਹੋਈਆਂ ਸਨ। ਯੁਨੀਵਰਸਿਟੀ ਅਨੁਸਾਰ ਨਿਊਯਾਰਕ ਵਿਚ ਮੌਤਾਂ ਦੀ ਗਿਣਤੀ ਦਾ ਢੰਗ ਤਰੀਕਾ ਬਦਲਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧੀ ਹੈ। ਇਨਾਂ ਵਿਚ ਉਨਾਂ ਲੋਕਾਂ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ ਜੋ ਬਿਨਾਂ ਕਿਸੇ ਟੈਸਟ ਤੋਂ ਸੰਭਾਵੀ ਤੌਰ ਤੇ ਕੋਰੋਨਾਵਾਇਰਸ ਨਾਲ ਮਰੇ ਹੋ ਸਕਦੇ ਹਨ। ਹੈਲਥ ਕਮਿਸ਼ਨਰ ਡਾ ਓਕਸੀਰਸ ਬਰਬੋਕ ਨੇ ਕਿਹਾ ਹੈ ਕਿ ‘ਹਰੇਕ ਮੌਤ ਪਿਛੇ ਕੋਈ ਮਿਤਰ ਹੈ ਜਾਂ ਪਰਿਵਾਰਕ ਮੈਂਬਰ ਹੈ। ਅਸੀਂ ਹਰ ਉਸ ਮ੍ਰਿਤਕ ਨੂੰ ਗਿਣਤੀ ਵਿਚ ਸ਼ਾਮਿਲ ਕਰਨਾ ਚਹੁੰਦੇ ਹਾਂ ਜਿਸ ਦੀ ਮੌਤ ਕੋਰੋਨਾਵਾਇਰਸ ਕਾਰਨ ਹੋਈ ਹੈ। ਯੁਨੀਵਰਸਿਟੀ ਅਨੁਸਾਰ ਵਿਸ਼ਵ ਭਰ ਵਿਚ ਕੋਰੋਨਾ ਕਾਰਨ 125000 ਮੌਤਾਂ ਹੋ ਚੁੱਕੀਆਂ ਹਨ ਤੇ ਤਕਰੀਬਨ 20 ਲੱਖ ਲੋਕ ਇਸ ਭਿਆਨਕ ਬਿਮਾਰੀ ਨਾਲ ਪੀੜਤ ਹਨ। ਇਕ ਰਿਪੋਰਟ ਅਨੁਸਾਰ ਅਮਰੀਕਾ ਦੇ ਗਰੌਸਰੀ ਸਟੋਰਾਂ ਵਿਚ 30 ਵਰਕਰਾਂ ਦੀ ਮੌਤ ਕੋਰੋਨਾਵਾਇਰਸ ਨਾਲ ਹੋ ਚੁੱਕੀ ਹੈ।

ਅਰਥਵਿਵਸਥਾ ਮੁੜ ਖੋਲਣ ਬਾਰੇ ਵਿਵਾਦ ਗਹਿਰਾਇਆ- ਰਾਸ਼ਟਰਪਤੀ ਟਰੰਪ ਵੱਲੋਂ ਅਰਥ ਵਿਵਸਥਾ ਮੁੜ ਖੋਲਣ ਬਾਰੇ ਆਪਣੇ ਆਪ ਨੂੰ ਮੁਕੰਮਲ ਅਥਾਰਿਟੀ ਐਲਾਨੇ ਜਾਣ ਤੋਂ ਬਾਅਦ ਰਾਜਾਂ ਦੇ ਗਵਰਨਰ ਮੈਦਾਨ ਵਿਚ ਆ ਗਏ ਹਨ। ਰਾਜਾਂ ਦੇ ਗਵਰਨਰਾਂ, ਦੋਨਾਂ ਪਾਰਟੀਆਂ ਰਿਪਬਲਿਕਨ ਤੇ ਡੈਮੋਕਰੈਟਿਕ ਦੇ ਸੰਸਦ ਮੈਂਬਰਾਂ ਤੇ ਸੰਵਿਧਾਨਕ ਮਾਹਿਰਾਂ ਨੇ ਰਾਸ਼ਟਰਪਤੀ ਦੀ ਸਖਤ ਅਲੋਚਨਾ ਕੀਤੀ ਹੈ। ਇਸ ਦਰਮਿਆਨ ਰਾਸ਼ਟਰਪਤੀ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਨੂੰ ਮੁੜ ਖੋਲਣ ਬਾਰੇ ਉਹ ਗਵਰਨਰਾਂ ਉਪਰ ਕਿਸੇ ਤਰਾਂ ਦਾ ਦਬਾਅ ਨਹੀਂ ਪਾਉਣਗੇ। ਉਨਾਂ ਕਿਹਾ ਹੈ ਕਿ ਗਵਰਨਰ ਵਿਅਕਤੀਗਤ ਤੌਰ ਤੇ ਆਪਣੇ ਰਾਜਾਂ ਨੂੰ ਚਲਾ ਰਹੇ ਹਨ। ਕੁਝ ਕਹਿਣਗੇ ਕਿ ਨਹੀਂ ਇਸ ਸਮੇਂ ਅਰਥਵਿਵਸਥਾ ਨਹੀਂ ਖੋਲ ਸਕਦੇ ਤੇ ਕੁਝ ਹੋਰ ਸਾਡੇ ਨਾਲੋਂ ਵੀ ਜਿਆਦਾ ਸਮਾਂ ਅਰਥਵਿਵਸਥਾ ਨਹੀਂ ਖੋਲਣਗੇ। ਮੈਂ ਰਾਜਾਂ ਉਪਰ ਕਿਸੇ ਵੀ ਤਰਾਂ ਦਾ ਦਬਾਅ ਨਹੀਂ ਪਾਵਾਂਗਾ।

Share This :

Leave a Reply