ਕੋਰੋਨਾ ਵਾਰਿਸ ਤੋਂ ਬਚਾਅ ਲਈ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵੱਲੋਂ ਆਨਲਾਈਨ ਪੜ੍ਹਾਈ ਦਾ ਫ਼ੈਸਲਾ

ਪਟਿਆਲਾ ( ਅਰਵਿੰਦਰ ਸਿੰਘ ) ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵੱਲੋਂ ਵਿਸ਼ਵ ਭਰ ਵਿੱਚ ਫੈਲੀ ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੇ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ 14 ਅਪ੍ਰੈਲ ਤੱਕ ਲਗਾਏ ਕਰਫਿਊ ਦੇ ਚਲਦਿਆਂ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਨਲਾਈਨ ਕਲਾਸਾਂ ਦਾ ਇੰਤਜ਼ਾਮ ਕਰਨ ਦਾ ਫ਼ੈਸਲਾ ਕੀਤਾ ਹੈ।  ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਦੁਆਰਾ ਅੱਜ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨਾਲ ਆਨਲਾਈਨ ਮੀਟਿੰਗ ਕੀਤੀ ਗਈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਮੀਡੀਆ ਇੰਚਾਰਜ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਦੇ ਨਿਰਦੇਸ਼ਾਂ ਮੁਤਾਬਕ ਵਿਦਿਆਰਥੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਮੂਹ ਅਧਿਆਪਕਾਂ ਨੂੰ ਇਸ ਸਬੰਧੀ ਆਨ-ਲਾਈਨ ਕਲਾਸਾਂ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਵਿਦਿਆਰਥੀ  ਗੂਗਲ ਕਲਾਸ ਰੂਮ ਜਾਂ ਜੂਮ ਐਪ ਰਾਹੀਂ ਸਿੱਧੇ ਤੌਰ ਉਪਰ ਅਧਿਆਪਕਾਂ ਦੇ ਰੂਬਰੂ ਹੋ ਕੇ ਵਿਦਿਆ ਹਾਸਲ ਕਰ ਸਕਦੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਵਿਸਾਂ ਮਾਹਿਰਾਂ ਦੇ ਲੈਕਚਰ ਡਾਊਨਲੋਡ ਕਰਕੇ ਅਤੇ ਪਾਵਰ ਪੁਆਇੰਟ ਰਾਹੀਂ ਸਲਾਈਡਾਂ ਬਣਾਕੇ ਵਿਦਿਆਰਥੀਆਂ ਦੇ ਵੱਟਸਐਪ ਗਰੁੱਪ ਬਣਾਕੇ ਉਹਨਾਂ ਦੇ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ।
ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਇਸ ਨਾਲ ਜਿਥੇ ਵਿਦਿਆਰਥੀਆਂ ਦੇ ਕੋਰੋਨਾ ਵਾਇਰਸ ਕਾਰਨ ਛੁੱਟੀਆਂ ਦੌਰਾਨ ਵਿਦਿਅਕ ਸੰਤੁਲਨ ਨੂੰ ਬਰਕਰਾਰ ਰੱਖਿਆ ਜਾਵੇਗਾ ਉਥੇ ਇਹ ਵਿਗਿਆਨ ਅਤੇ ਤਕਨਾਲੋਜੀ ਦੇ ਇਸ ਯੁੱਗ ਵਿੱਚ ਵਿਦਿਆਰਥੀਆਂ ਦੀ ਈ ਲਰਨਿੰਗ ਅਤੇ ਨਵੇਂ ਤਜਰਬਿਆਂ ਪ੍ਰਤੀ ਲਾਹੇਵੰਦ ਹੋਵੇਗਾ। ਸੂਬਾ ਪੱਧਰ ਉੱਪਰ ਵੀ ਸਮੂਹ ਪੌਲੀਟੈਕਨਿਕ ਕਾਲਜਾਂ ਦੇ ਵਿਦਿਆਰਥੀਆਂ ਦੇ ਭਵਿੱਖ ਪ੍ਰਤੀ ਵਚਨਵੱਧ ਹੁੰਦਿਆਂ ਈ-ਲਰਨਿੰਗ ਪ੍ਰੋਗਰਾਮ ਤਹਿਤ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਾਲਜ ਦੇ ਮੁਖੀ ਆਰਕੀਟੈਕਚਰ ਵਿਭਾਗ ਰਵਨੀਤ ਕੌਰ, ਜਗਦੇਵ ਸਿੰਘ ਕਾਲੇਕਾ ਮੁਖੀ ਇਲੈਕਟ੍ਰਾਨਿਕਸ ਵਿਭਾਗ ਅਤੇ ਬਹਾਦੁਰ ਸਿੰਘ ਮੁਖੀ ਫਾਰਮੇਸੀ ਵਿਭਾਗ ਨੂੰ ਈ-ਲਰਨਿੰਗ ਪ੍ਰੋਗਰਾਮ ਦੇ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।  ਇਸ ਸਮੇਂ ਕਾਲਜ ਵੱਲੋਂ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਸਰਕਾਰ ਦੇ ਇਸ ਮਹਾਂਮਾਰੀ ਵਿਰੁੱਧ ਜੰਗ ਵਿਚ ਘਰ ਵਿੱਚ ਰਹਿ ਕੇ ਜਿਲ੍ਹਾ ਪ੍ਰਸਾਸ਼ਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ।

Share This :

Leave a Reply