ਪਟਿਆਲਾ ( ਅਰਵਿੰਦਰ ਸਿੰਘ ) ਕੋਰੋਨਾ ਨੂੰ ਮਾਤ ਦੇਣ ਵਾਲੇ ਜ਼ਿਲ੍ਹੇ ਦੇ ਪਹਿਲੇ ਕੋਵਿਡ ਪਾਜ਼ੀਟਿਵ ਨੌਜਵਾਨ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੈਸ਼ਨ ਵਾਰਡ ਵਿਚੋਂ ਛੁੱਟੀ ਕਰਕੇ ਘਰ ਭੇਜ ਦਿੱਤਾ ਗਿਆ ਹੈ । ਇਹ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ 31 ਸਾਲਾ ਨੌਜਵਾਨ ਜੋ ਕਿ ਦੁਬਈ ਦੀ ਵਿਦੇਸ਼ ਯਾਤਰਾ ਤੋਂ ਵਾਪਸ ਆਉਣ ’ਤੇ 30 ਮਾਰਚ ਨੂੰ ਖਾਂਸੀ, ਬੁਖਾਰ ਆਦਿ ਦੇ ਲੱਛਣ ਹੋਣ ’ਤੇ ਰਾਜਿੰਦਰਾ ਹਸਪਤਾਲ ਵਿਚ ਕੋਵਿਡ ਪਾਜ਼ੀਟਿਵ ਆਇਆ ਸੀ, ਦੇ ਆਈ.ਸੀ.ਐਮ.ਆਰ.ਗਾਈਡ ਲਾਈਨਜ਼ ਅਨੁਸਾਰ 14 ਦਿਨਾਂ ਬਾਅਦ ਦੋਨੋ ਕੋਵਿਡ ਟੈਸਟ ਨੈਗੇਟਿਵ ਆਉਣ ’ਤੇ ਉਸ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚੋਂ ਸ਼ਾਮ 5.30 ਵਜੇ ਛੁੱਟੀ ਕਰਕੇ ਸਰਕਾਰੀ ਐਂਬੂਲੈਂਸ ਰਾਹੀ ਉਸ ਦੇ ਆਪਣੇ ਘਰ ਭੇਜ ਦਿੱਤਾ ਗਿਆ ਹੈ ਅਤੇ ਅਗਲੇ 14 ਦਿਨ ਘਰ ਵਿਚ ਹੀ ਕੁਆਰਨਟੀਨ ਰਹਿਣ ਲਈ ਕਿਹਾ।
ਛੁੱਟੀ ਹੋਣ ਵੇਲੇ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ, ਕਮਿਸ਼ਨਰ ਨਗਰ ਨਿਗਮ ਪੂਨਮਦੀਪ ਕੋਰ, ਵਧੀਕ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਸਿਵਲ ਸਰਜਨ ਡਾ. ਪ੍ਰੀਤੀ ਯਾਦਵ, ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਹਰਜਿੰਦਰ ਸਿੰਘ, ਮੈਡੀਕਲ ਸੁਪਰਡੈਂਟ ਡਾ.ਪਾਰਸ ਪਾਂਡਵ, ਨੋਡਲ ਅਫ਼ਸਰ ਡਾ. ਸੁਮੀਤ ਸਿੰਘ, ਡਾ. ਯੁਵਰਾਜ ਨਾਰੰਗ, ਡਾ. ਰਮਿੰਦਰਪਾਲ ਸਿੰਘ ਸੀਬੀਆ, ਡਾ. ਸਚਿਨ ਕੌਸ਼ਲ, ਸਮੂਹ ਡਾਕਟਰ, ਸਟਾਫ਼ ਨਰਸ ਅਤੇ ਪੈਰਾ ਮੈਡੀਕਲ ਸਟਾਫ਼ ਵੱਲੋਂ ਨੌਜਵਾਨ ਦਾ ਕੋਰੋਨਾ ਵਾਰਡ ਵਿਚੋਂ ਬਾਹਰ ਆਉਣ ਤੇ ਸਵਾਗਤ ਕੀਤਾ ਅਤੇ ਉਸ ਦੀ ਸਿਹਤਮੰਦ ਰਹਿਣ ਦੀ ਕਾਮਨਾ ਕੀਤੀ।
ਡਿਪਟੀ ਕਮਿਸ਼ਨਰ ਅਤੇ ਮੌਜੂਦ ਸਾਰੇ ਅਧਿਕਾਰੀਆਂ ਵੱਲੋਂ ਮਰੀਜ਼ ਦਾ ਇਲਾਜ ਅਤੇ ਚੰਗੀ ਦੇਖਭਾਲ ਕਰਨ ਤੇ ਸਮੁੱਚੀ ਡਾਕਟਰੀ ਅਤੇ ਪੈਰਾ ਮੈਡੀਕਲ ਟੀਮ ਦਾ ਤਾੜੀਆਂ ਵਜਾ ਕੇ ਹੌਸਲਾ ਅਫਜਾਈ ਕੀਤੀ। ਨੌਜਵਾਨ ਵੱਲੋਂ ਵੀ ਛੁੱਟੀ ਮਿਲਣ ਅਤੇ ਉਸ ਨੂੰ ਸਿਹਤਯਾਬ ਕਰਨ ’ਤੇ ਉਸ ਨੇ ਸਮੂਹ ਡਾਕਟਰੀ ਅਤੇ ਪੈਰਾਮੈਡੀਕਲ ਅਮਲੇ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਬਲਕਿ ਬਿਮਾਰੀ ਦਾ ਟਾਕਰਾ ਕਰਨ ਲਈ ਦਵਾਈਆਂ ਦੇ ਨਾਲ ਨਾਲ ਹੌਸਲਾ ਅਤੇ ਆਤਮਿਕ ਸ਼ਕਤੀ ਨੂੰ ਮਜ਼ਬੂਤ ਰੱਖਣ ਦੀ ਜ਼ਰੂਰਤ ਹੈ।
ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਸਿਵਲ ਲਾਈਨ ਏਰੀਏ ਦਾ ਜ਼ਿਲ੍ਹੇ ਦਾ ਦੂਜਾ ਪਾਜ਼ੀਟਿਵ ਕੇਸ ਜੋ ਕਿ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਹੈ, ਵੀ ਠੀਕ ਠਾਕ ਹੈ ਅਤੇ ਸਿਹਤ ਯਾਬੀ ਵੱਲ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਪ੍ਰਾਪਤ ਨਵੀਆਂ ਹਦਾਇਤਾਂ ਅਨੁਸਾਰ ਸੇਨੇਟਾਈਜੇਸ਼ਨ ਚੈਂਬਰ ਜਾਂ ਟੱਨਲ ਬਣਾਉਣ ਦਾ ਕੋਈ ਫ਼ਾਇਦਾ ਨਹੀਂ, ਕਿਉਂਕਿ ਇਸ ਨਾਲ ਲੋਕਾਂ ਵਿਚ ਇਹ ਭਰਮ ਪੈਦਾ ਹੋ ਸਕਦਾ ਹੈ ਕਿ ਇਸ ਵਿਚੋਂ ਗੁਜਰ ਕੇ ਵਾਇਰਸ ਖਤਮ ਹੋ ਜਾਵੇਗਾ ਅਤੇ ਹੋ ਸਕਦਾ ਹੈ ਕਿ ਲੋਕ ਬੁਨਿਆਦੀ ਬਚਾਅ ਦੇ ਤਰੀਕੇ ਜਿਵੇਂ ਕਿ ਮਾਸਕ ਦੀ ਵਰਤ,ਹੱਥ ਧੋਣ ਵਿਚ ਢਿੱਲ ਕਰ ਜਾਣ ਨਾਲ ਹੀ ਵਰਤਿਆ ਜਾਣ ਵਾਲਾ ਡਿਸਇਨਫੈਕਟੈਂਟ ਕੈਮੀਕਲ ਅੱਖਾਂ ਅਤੇ ਸਰੀਰ ਦੇ ਕੋਮਲ ਅੰਗਾਂ ਲਈ ਨੁਕਸਾਨਦਾਈ ਹੋ ਸਕਦਾ ਹੈ।
ਜ਼ਿਲ੍ਹੇ ਵਿਚ ਕੋਵਿਡ ਦੇ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆਂ ਕਿ ਹੁਣ ਤੱਕ ਕੋਰੋਨਾ ਜਾਂਚ ਲਈ ਲਏ ਜ਼ਿਲ੍ਹੇ ਦੇ 137 ਸੈਂਪਲਾਂ ਵਿਚੋਂ ਦੋ ਪਾਜ਼ੀਟਿਵ ਅਤੇ 132 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਅਤੇ 03 ਦੀ ਰਿਪੋਰਟ ਆਉਣੀ ਬਾਕੀ ਹੈ।ਉਨ੍ਹਾਂ ਦੱਸਿਆ ਕਿ ਇਹਨਾਂ ਵਿਚੋਂ ਇੱਕ ਮਰੀਜ਼ ਅੱਜ ਠੀਕ ਹੋਕੇ ਆਪਣੇ ਘਰ ਚਲਾ ਗਿਆ ਹੈ।