ਅੰਮ੍ਰਿਤਸਰ (ਮੀਡੀਆ ਬਿਊਰੋ ) ਕ੍ਰਿਸ਼ਨਾ ਨਗਰ ਅੰਮ੍ਰਿਤਸਰ ਨਿਵਾਸੀ ਬਲਬੀਰ ਸਿੰਘ, ਉਮਰ ਕਰੀਬ 67 ਸਾਲ, ਜਿੰਨਾ ਨੂੰ ਇਕ ਅਪ੍ਰੈਲ ਨੂੰ ਕੋਵਿਡ 19 ਤੋਂ ਪੀੜਤ ਹੋ ਜਾਣ ਕਾਰਨ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਚ ਦਾਖਲ ਕਰਵਾਇਆ ਗਿਆ ਸੀ, ਨੂੰ ਦੋ ਟੈਸਟ ਨੈਗੇਟਿਵ ਆਉਣ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਮੌਕੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਛੁੱਟੀ ਮਿਲਣ ਉਤੇ ਸ. ਬਲਬੀਰ ਸਿੰਘ ਨਾਲ ਫੋਨ ਉਤੇ ਗੱਲਬਾਤ ਕੀਤੀ ਅਤੇ ਸ਼ੁਭ ਕਾਮਨਾਵਾਂ ਦਿੰਦੇ ਹੋਏ ਹਸਪਤਾਲ ਪ੍ਰਬੰਧਾਂ ਬਾਰੇ ਪੁੱਛਿਆ। ਜਿਸਦੇ ਉਤਰ ਵਿਚ ਬਲਬੀਰ ਸਿੰਘ ਨੇ ਦੱਸਿਆ ਕਿ ਮੈਂ ਕੋਰੋਨਾ ਦੇ ਲੱਛਣਾ ਕਾਰਨ ਆਪ ਹਸਪਤਾਲ ਦਾਖਲ ਹੋਇਆ ਸੀ ਅਤੇ ਇੱਥੇ ਆ ਕੇ ਹੀ ਬਿਮਾਰੀ ਦੀ ਪੁਸ਼ਟੀ ਹੋਈ ਸੀ।
ਉਨਾਂ ਦੱਸਿਆ ਕਿ ਮੈਨੂੰ ਹਸਪਤਾਲ ਵਿਚ ਚੰਗਾ ਇਲਾਜ ਤੇ ਸਾਰੇ ਸਟਾਫ ਵੱਲੋਂ ਬਹੁਤ ਹਮਦਰਦੀ ਭਰਿਆ ਮਾਹੌਲ ਦਿੱਤਾ ਗਿਆ, ਜਿਸ ਸਦਕਾ ਮੈਂ ਬਿਮਾਰੀ ਨੂੰ ਮਾਤ ਦੇ ਕੇ ਆਪਣੇ ਘਰ ਪਰਤ ਰਿਹਾ ਹਾਂ। ਇਸ ਮੌਕੇ ਸ. ਬਲਬੀਰ ਸਿੰਘ ਨੇ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦੌਰਾਨ ਘਰਾਂ ਵਿਚ ਰਹਿਣ ਅਤੇ ਜੇਕਰ ਕਿਸੇ ਨੂੰ ਕੋਰੋਨਾ ਬਿਮਾਰੀ ਵਰਗੇ ਲੱਛਣ ਮਹਿਸੂਸ ਹੋਣ ਤਾਂ ਘਬਰਾਉਣ ਨਾ ਸਗੋਂ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਸੰਪਰਕ ਕਰਨ, ਜਿੱਥੇ ਕਿ ਬਿਮਾਰੀ ਦਾ ਇਲਾਜ ਬਿਨਾਂ ਕਿਸੇ ਖਰਚ ਦੇ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਸੁਜਾਤਾ ਸ਼ਰਮਾ ਨੇ ਦੱਸਿਆ ਕਿ 1 ਅਪ੍ਰੈਲ ਨੂੰ ਸ. ਬਲਬੀਰ ਸਿੰਘ ਨੂੰ ਇੰਨਾਂ ਦੀ ਰਿਪੋਰਟ ਪਾਜ਼ਿਟਵ ਆਉਣ ਮਗਰੋਂ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ ਇੱਥੇ ਡਾਕਟਰਾਂ ਨੇ ਲਗਾਤਾਰ ਉਨਾਂ ਦਾ ਇਲਾਜ ਕੀਤਾ। ਹੁਣ 18 ਅਤੇ 19 ਅਪ੍ਰੈਲ ਨੂੰ ਇੰਨਾਂ ਦੀ ਰਿਪੋਰਟ ਦੁਬਾਰਾ ਲਈਆਂ ਗਈਆਂ, ਜੋ ਕਿ ਨੈਗੇਟਿਵ ਆਉਣ ਮਗਰੋਂ ਅੱਜ ਇੰਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਨਾਂ ਨੇ ਫੁੱਲ ਭੇਟ ਕਰਕੇ ਬਲਬੀਰ ਸਿੰਘ ਨੂੰ ਨਵੀਂ ਜਿੰਦਗੀ ਦੀ ਸ਼ੁਰੂਆਤ ਕਰਨ ਲਈ ਮੁਬਾਰਕਬਾਦ ਵੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ, ਸੁਪਰਡੈਂਟ ਸ੍ਰੀ ਰਮਨ ਸ਼ਰਮਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।