ਕੋਰੋਨਾ ਦੇ ਸਾਏ ’ਚ ਵੀ ਬੇਖੌਫ਼ ਹੋ ਕੇ ਆਪਣੀ ਡਿਊਟੀ ਕਰ ਰਹੇ ਨੇ ਜ਼ਿਲ੍ਹੇ ਦੀਆਂ 4 ਨਗਰ ਕੌਂਸਲਾਂ ਦੇ 284 ਸਫ਼ਾਈ ਸੇਵਕ

ਰਾਹੋਂ ਨਗਰ ਕੌਂਸਲ ਇਲਾਕੇ ’ਚ ਇੱਕ ਕਰਮਚਾਰੀ ਸੈਨੇਟਾਈਜ਼ਰ ਦਾ ਛਿੜਕਾਅ ਕਰਦਾ ਹੋਇਆ।
ਨਵਾਂਸ਼ਹਿਰ ਦੇ ਮੁਹੱਲਿਆਂ ’ਚ ਘਰ-ਘਰ ਤੋਂ ਕੂੜਾ ਇਕੱਠਾ ਕਰਨ ਦੀ ਡਿਊਟੀ ’ਤੇ ਲੱਗੇ ਸਫ਼ਾਈ ਸੇਵਕ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ ਕੋਰੋਨਾ ਦੀ ਦਹਿਸ਼ਤ ਨਾਲ ਜੂਝ ਰਹੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਰੋਜ਼ਾਨਾ ਲੋਕਾਂ ਦਾ ਕੂੜਾ ਇਕੱਠਾ ਕਰਨ ਆਉਂਦੇ ਸਫ਼ਾਈ ਸੇਵਕਾਂ ਨੇ ਲੋਕਾਂ ਦੀਆਂ ਨਜ਼ਰਾਂ ’ਚ ਆਪਣੀ ਵਿੱਲਖਣ ਜਗ੍ਹਾ ਬਣਾ ਲਈ ਹੈ। ਇਹ ਸਫ਼ਾਈ ਸੇਵਕ ਕੋਰੋਨਾ ਦੇ ਸਾਏ ’ਚ ਵੀ ਬੇਖੌਫ਼ ਹੋ ਕੇ ਆਪਣੀ ਡਿਊਟੀ ਰੋਜ਼ਾਨਾ ਸਵੇਰੇ 6 ਤੋਂ ਦਿਨ ਦੇ 11 ਵਜੇ ਅਤੇ ਦੁਪਹਿਰ ਨੂੰ 2 ਵਜੇ ਤੋਂ ਸ਼ਾਮ 5 ਵਜੇ ਤੱਕ ਦੋ ਸਿਫ਼ਟਾਂ ਵਿਚ ਕਰ ਰਹੇ ਹਨ। ਨਗਰ ਕੌਂਸਲ ਨਵਾਂਸ਼ਹਿਰ ਦੇ ਈ ਓ ਜਗਜੀਤ ਸਿੰਘ ਅਨੁਸਾਰ ਉਨ੍ਹਾਂ ਵੱਲੋਂ ਨਵਾਂਸ਼ਹਿਰ ’ਚ ਕੰਮ ਕਰਦੇ ਇਨ੍ਹਾਂ 130 ਕਰਮਚਾਰੀਆਂ ਨੂੰ ਮਾਸਕ, ਦਸਤਾਨੇ ਅਤੇ ਸੈਨੇਟਾਈਜ਼ਰ ਮੁਹੱਈਆ ਕਰਵਾਏ ਹਨ ਤਾਂ ਜੋ ਇਨ੍ਹਾਂ ਨੂੰ ਕੋਈ ਨੁਕਸਾਨ ਨਾ ਪੁੱਜੇ। ਰਾਹੋਂ ਦੇ ਈ ਓ ਰਾਜੀਵ ਸਰੀਨ ਅਨੁਸਾਰ ਉਨ੍ਹਾਂ ਕੋਲ 23 ਸਫ਼ਾਈ ਸੇਵਕ ਡਿਊਟੀ ਕਰ ਰਹੇ ਹਨ।

ਇਨ੍ਹਾਂ ਸਫ਼ਾਈ ਕਰਮਚਾਰੀਆਂ ਵੱਲੋਂ ਮੌਜੂਦਾ ਸੰਕਟਕਾਲੀਨ ਦਿਨਾਂ ’ਚ ਵੀ ਆਪਣੀ ਡਿਊਟੀ ਬਿਨਾਂ ਨਾਗਾ ਕਰਨ ਨਾਲ ਲੋਕਾਂ ’ਚ ਇਨ੍ਹਾਂ ਦਾ ਮਾਣ-ਸਨਮਾਨ ਹੋਰ ਵੀ ਵਧ ਗਿਆ ਹੈ। ਉਹ ਦੱਸਦੇ ਹਨ ਕਿ ਕਲ੍ਹ ਨਵਾਂਸ਼ਹਿਰ ਦੇ ਐਸ ਡੀ ਐਮ ਜਗਦੀਸ਼ ਸਿੰਘ ਜੌਹਲ ਇਨ੍ਹਾਂ ਸਭਨਾਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਕਰਮਚਾਰੀਆਂ ਦੇ ਗਲਾਂ ’ਚ ਫੁੱਲਾਂ ਦੇ ਹਾਰ ਪਾ ਕੇ ਅਤੇ ਬੂਟਾਂ ਦੇ ਜੋੜੇ ਪ੍ਰਦਾਨ ਕਰਕੇ ਸਨਮਾਨ ਕੀਤਾ ਹੈ। ਬਲਾਚੌਰ ਦੇ ਈ ਓ ਘੁਰਬਰਨ ਸ਼ਰਮਾ ਅਨੁਸਾਰ ਸ਼ਹਿਰ ਦੇ 15 ਵਾਰਡਾਂ ’ਚ 60 ਸਫ਼ਾਈ ਸੇਵਕ ਕੰਮ ਕਰ ਰਹੇ ਹਨ। ਬੰਗਾ ਦੇ ਈ ਓ ਰਾਜੀਵ ਉਬਰਾਏ ਅਨੁਸਾਰ ਸ਼ਹਿਰ ’ਚ 71 ਸਫ਼ਾਈ ਸੇਵਕ ਸਰਗਰਮੀ ਨਾਲ ਸਫ਼ਾਈ ਕਰ ਰਹੇ ਹਨ। ਵਿਸ਼ੇਸ਼ ਗੱਲ ਇਹ ਹੈ ਕਿ ਇਨ੍ਹਾਂ ਦਿਨਾਂ ’ਚ ਸਾਰੇ ਸਫ਼ਾਈ ਕਰਮਚਾਰੀ ਆਪਣੀ ਡਿਊਟੀ ਬਿਨਾਂ ਕਿਸੇ ਡਰ-ਸੰਕੋਚ ਦੇ ਸੇਵਾ ਸਮਝ ਕੇ ਕਰਨ ਲੱਗੇ ਹੋਏ ਹਨ ਸਵੇਰੇ ਤੇ ਸ਼ਾਮ ਦੀਆਂ ਆਪਣੀਆਂ ਸ਼ਿਫ਼ਟਾਂ ’ਚ ਕੰਮ ਕਰਨ ਵਾਲੇ ਇਹ ਯੋਧੇ ਬਿਨਾਂ ਕਿਸੇ ਤੋਂ ਕਹਾਏ ਆਪਣੇ-ਆਪ ਹਰੇਕ ਮੁੱਹਲੇ ’ਚੋਂ ਘਰ-ਘਰ ’ਚੋਂ ਕੂੜਾ ਇਕੱਠਾ ਕਰਦੇ ਹਨ। ਨਵਾਂਸ਼ਹਿਰ ਦੇ ਵਿਕਾਸ ਨਗਰ ’ਚੋਂ ਘਰਾਂ ’ਚੋਂ ਕੂੜਾ ਇਕੱਠਾ ਕਰਨ ਵਾਲੇ ਸਫ਼ਾਈ ਸੇਵਕ ਮਨਦੀਪ, ਸ਼ੰਮੀ ਤੇ ਧਰਮਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇੱਕੋ-ਇੱਕ ਟੀਚਾ ਸ਼ਹਿਰ ’ਚ ਸਫ਼ਾਈ ਦੀ ਘਾਟ ਨਾ ਆਉਣ ਦੇਣਾ ਹੈ। ਉਹ ਆਪਣੀ ਡਿਊਟੀ ਨੂੰ ਬਿਨਾਂ ਕਿਸੇ ਡਰ ਦੇ, ਪੂਰੀ ਸਾਵਧਾਨੀ ਨਾਲ ਕਰ ਰਹੇ ਹਨ ਅਤੇ ਲੋਕਾਂ ਵੱਲੋਂ ਇਨ੍ਹਾਂ ਦਿਨਾਂ ’ਚ ਪਿਆਰ ਅਤੇ ਮਾਣ-ਸਨਮਾਨ ਵੀ ਬਹੁਤ ਮਿਲ ਰਿਹਾ ਹੈ।
ਵਰਨਣਯੋਗ ਹੈ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਚਾਰਾਂ ਨਗਰ ਕੌਂਸਲਾਂ ’ਚ ਕੁੱਲ 92 ਵਾਰਡ ਹਨ, ਜਿਨ੍ਹਾਂ ’ਚ ਰੈਗੂਲਰ ਅਤੇ ਠੇਕਾ ਆਧਾਰਿਤ 284 ਸਫ਼ਾਈ ਸੇਵਕ ਕੰਮ ਕਰ ਰਹੇ ਹਨ। ਇਨ੍ਹਾਂ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ ਅਨੁਸਾਰ ਉਨ੍ਹਾਂ ਵੱਲੋਂ ਸਫ਼ਾਈ ਦੇ ਨਾਲ-ਨਾਲ ਸ਼ਹਿਰੀ ਇਲਾਕਿਆਂ ’ਚ ਸੈਨੇਟਾਈਜ਼ੇਸ਼ਨ ਲਈ ‘ਰੋਗਾਣੂ ਨਾਸ਼ਕ ਦਵਾਈ’ ਦੇ ਛਿੜਕਾਅ ਵੀ ਕਰਵਾਏ ਜਾ ਰਹੇ ਹਨ, ਜਿਸ ਲਈ ਬਾਕਾਇਦਾ ਟੀਮਾਂ ਬਣਾ ਕੇ, ਉਨ੍ਹਾਂ ਨੂੰ ਸਪਰੇਅ ਪੰਪ ਦਿੱਤੇ ਗਏ ਹਨ।

Share This :

Leave a Reply