ਕੈਪਟਨ ਨੇ 1300 ਦੇ ਕਰੀਬ ਪੁਲਿਸ ਕਰਮੀਆਂ ਨੂੰ ਵੀ.ਵੀ.ਆਈ.ਪੀਜ਼ ਡਿਊਟੀ ਤੋਂ ਬੁਲਾਇਆ ਵਾਪਿਸ

ਲੌਕਡਾਊਨ ਨੂੰ ਲਾਗੂ ਕਰਵਾਉਣ ਲਈ ਫੀਲਡ ਵਿੱਚ ਕੀਤਾ ਜਾਵੇਗਾ ਤਾਇਨਾਤ

ਚੰਡੀਗੜ –  ਡੀ.ਜੀ.ਪੀ. ਦਿਨਕਰ ਗੁਪਤਾ ਦੇ ਦੱਸਣ ਮੁਤਾਬਿਕ ਪੁਲੀਸ ਟੀਮਾਂ ਰਾਹਤ ਕਾਰਜਾਂ ਵਿੱਚ ਵੀ ਨਿਰੰਤਰ ਜੁਟੀਆਂ ਹੋਈਆਂ ਹਨ ਅਤੇ ਲੋੜਵੰਦਾਂ ਅਤੇ ਗਰੀਬਾਂ ਤੱਕ ਰਾਸ਼ਨ ਤੇ ਹੋਰ ਜ਼ਰੂਰੀ ਵਸਤਾਂ ਪਹੁੰਚਾ ਰਹੀਆਂ ਹਨ। ਹੁਣ ਤੱਕ 1.42 ਕਰੋੜ ਤਿਆਰ ਤੇ ਸੁੱਕਾ ਭੋਜਨ ਪਰਵਾਸੀ ਮਜ਼ਦੂਰਾਂ, ਉਸਾਰੀ ਕਿਰਤੀਆਂ, ਦਿਹਾੜੀਦਾਰਾਂ ਅਤੇ ਇਸ ਔਖੀ ਘੜੀ ਵਿੱਚ ਵਸੀਲਿਆਂ ਤੋਂ ਮੁਥਾਜ ਹੋਰ ਲੋਕਾਂ ਨੂੰ ਵੰਡਿਆ ਜਾ ਚੁੱਕਾ ਹੈ।

ਇਸ ਦੇ ਨਾਲ ਹੀ ਸੂਬੇ ਵਿੱਚ ਲੱਗੇ ਕਰਫਿਊ/ਲੌਕਡਾਊਨ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸੇਵਾ ਮੁਕਤ ਹੋਣ ਜਾ ਰਹੇ ਪੰਜਾਬ ਪੁਲਿਸ ਅਤੇ ਹੋਮ ਗਾਰਡਜ਼ ਦੇ ਕਰਮੀਆਂ ਦੇ ਸੇਵਾ ਕਾਲ ਵਿੱਚ ਦੋ ਮਹੀਨੇ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਜ਼ਮੀਨੀ ਪੱਧਰ ‘ਤੇ ਲੋਕਾਂ ਦੀ ਮੱਦਦ ਲਈ ਲੱਗੇ ਪ੍ਰਬੰਧਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਫੀਲਡ ਵਿੱਚ ਕਰਫਿਊ ਦੀਆਂ ਬੰਦਸ਼ਾਂ ਕਾਰਨ ਜੰਗੀ ਪੱਧਰ ‘ਤੇ ਕੰਮ ਕਰਨ ਵਿੱਚ ਜੁਟੇ 44, 546 ਪੁਲਿਸ ਫੋਰਸ ‘ਤੇ ਦਬਾਅ ਘਟਾਉਂਦਿਆਂ 1300 ਦੇ ਕਰੀਬ ਪੁਲਿਸ ਕਰਮੀਆਂ ਨੂੰ ਵੀ.ਵੀ.ਆਈ.ਪੀਜ਼ ਡਿਊਟੀ ਤੋਂ ਵਾਪਸ ਬੁਲਾ ਲਿਆ ਗਿਆ ਜਿਨ੍ਹਾਂ ਵਿੱਚ ਮੁੱਖ ਮੰਤਰੀ ਸੁਰੱਖਿਆ ਵਿੱਚ ਤਾਇਨਾਤ ਅਮਲੇ ਦੀ ਵੀ ਚੋਖੀ ਗਿਣਤੀ ਸ਼ਾਮਲ ਹੈ। ਇਹ ਵਾਪਸ ਬੁਲਾਏ ਕਰਮੀ ਕੋਵਿਡ-19 ਕਾਰਨ ਲੱਗੇ ਲੌਕਡਾਊਨ ਨੂੰ ਲਾਗੂ ਕਰਵਾਉਣ ਲਈ ਫੀਲਡ ਵਿੱਚ ਤਾਇਨਾਤ ਕੀਤੇ ਜਾਣਗੇ।

ਫਰੰਟਲਾਈਨ ‘ਤੇ ਡਟੇ ਵਰਕਰਾਂ ਦਾ ਮਨੋਬਲ ਵਧਾਉਣ ਲਈ ਵੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੀ ਦਿਨ ਵੇਲੇ ਡਾਕਟਰਾਂ, ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਨਿੱਜੀ ਤੌਰ ‘ਤੇ ਫੋਨ ਉਤੇ ਗੱਲਬਾਤ ਕੀਤੀ। ਉਨ੍ਹਾਂ ਗੱਲਬਾਤ ਦੌਰਾਨ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਇਸ ਅਣਕਿਆਸੇ ਸੰਕਟ ਖਿਲਾਫ ਲੜਾਈ ਵਿੱਚ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ।
ਇਸੇ ਦੌਰਾਨ ਵਿੱਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਉਪਜੀ ਸਥਿਤੀ ਦੇ ਮੱਦੇਨਜ਼ਰ ਯਕਮੁਸ਼ਤ ਕਦਮ ਦੇ ਤੌਰ ‘ਤੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਦੇ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਸਰਕਾਰ ਵਿੱਚ ਕੰਮ ਕਰਦੇ ਵਰਦੀਧਾਰੀ ਪੁਲੀਸ ਮੁਲਾਜ਼ਮ ਅਤੇ ਪੰਜਾਬ ਹੋਮ ਗਾਰਡਜ਼ ਆਪਣੀ ਸੇਵਾ-ਮੁਕਤੀ ਦੀ ਤਰੀਕ ਦੀ ਬਜਾਏ 31 ਮਈ 2020 ਤੱਕ ਕੰਮ ਕਰਦੇ ਹਨ। ਨੋਟੀਫਿਕੇਸ਼ਨ ਅਨੁਸਾਰ ਇਹ ਹੁਕਮ ਉਨ੍ਹਾਂ ਅਫਸਰਾਂ/ਕਰਮਚਾਰੀਆਂ ‘ਤੇ ਵੀ ਲਾਗੂ ਹੋਣਗੇ ਜਿਨ•ਾਂ ਦੀ ਸੇਵਾ-ਮੁਕਤੀ ਦੇ ਹੁਕਮ ਜਾਰੀ ਹੋ ਗਏ ਸਨ। ਇਸ ਨੋਟੀਫਿਕੇਸ਼ਨ ਮੁਤਾਬਕ ਵਾਧੇ ਦੇ ਸਮੇਂ ਦੌਰਾਨ ਇਹ ਮੁਲਾਜ਼ਮਾਂ ਕਿਸੇ ਵੀ ਤਰੱਕੀ ਜਾਂ ਵਾਧੂ ਭੱਤਿਆਂ ਲਈ ਯੋਗ ਨਹੀਂ ਹੋਣਗੇ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੋਵਿਡ-19 ਕਾਰਨ ਪੈਦਾ ਹੋਈ ਹੰਗਾਮੀ ਸਥਿਤੀ ਅਤੇ ਉਸ ਤੋਂ ਬਾਅਦ ਲੌਕਡਾਊਨ ਕਾਰਨ ਇਨ•ਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਜਾਰੀ ਰੱਖਣ ਦਾ ਕਦਮ ਚੁੱਕਣਾ ਜ਼ਰੂਰੀ ਬਣ ਗਿਆ ਸੀ। ਸੂਬਾ ਸਰਕਾਰ ਨੇ ਇਸ ਤੋਂ ਪਹਿਲਾਂ ਸੇਵਾ-ਮੁਕਤ ਹੋ ਰਹੇ ਡਾਕਟਰਾਂ ਤੇ ਸਿਹਤ ਅਮਲੇ ਦੇ ਨਾਲ-ਨਾਲ ਸੈਨੀਟੇਸ਼ਨ ਵਰਕਰਾਂ ਦੇ ਸੇਵਾਕਾਲ ਵਿੱਚ ਵੀ ਵਾਧਾ ਕੀਤਾ ਸੀ।
ਇਸੇ ਦੌਰਾਨ ਡੀ.ਜੀ.ਪੀ. ਦਿਨਕਰ ਗੁਪਤਾ ਮੁਤਾਬਕ ਕਰਫਿਊ/ਘਰ ‘ਚ ਏਕਾਂਤਵਾਸ ਦੀ ਉਲੰਘਣਾ ਕਰਨ ‘ਤੇ ਅੱਜ 107 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ 132 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡਿਊਟੀ ਨਿਭਾਅ ਰਹੇ ਪੁਲੀਸ ਮੁਲਾਜ਼ਮਾਂ ਨੂੰ ਸੰਵੇਦਨਸ਼ੀਲ ਢੰਗ ਨਾਲ ਬੰਦਸ਼ਾਂ ਦੀ ਪਾਲਣਾ ਕਰਵਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।

Share This :

Leave a Reply