ਕੇਂਦਰ ਸਰਕਾਰ ਨੇ ਇਸ ਸਾਲ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 1925 ਰੁਪਏ ਤੈਅ ਕੀਤਾ

55 ਮੰਡੀਆਂ ਤੇ 9 ਸ਼ੈਲਰਾਂ ਵਿਚ ਕੀਤੀ ਜਾਵੇਗੀ ਕਣਕ ਦੀ ਖਰੀਦ, ਆੜਤੀਏ ਦੇਣਗੇ ਕਿਸਾਨ ਨੂੰ ਕਣਕ ਲਿਆਉਣ ਲਈ ਕੂਪਨ

ਅੰਮ੍ਰਿਤਸਰ (ਏ-ਆਰ. ਆਰ. ਐੱਸ. ਸੰਧੂ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਜ਼ਿਲੇ ਵਿਚ ਕਣਕ ਦੀ ਨਿਰਵਿਘਨ ਅਤੇ ਸੁਰੱਖਿਅਤ ਖਰੀਦ ਯਕੀਨੀ ਬਨਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ 15 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ। ਉਕਤ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਮਾਲ ਰੋਡ ਸਕੂਲ ਦੇ ਹਾਲ ਵਿਚ ਕਣਕ ਦੀ ਖਰੀਦ ਵਿਚ ਕੰਮ ਕਰਨ ਵਾਲੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਵਿਸਥਾਰਤ ਮੀਟਿੰਗ ਮਗਰੋਂ ਕੀਤਾ। ਉਨਾਂ ਕਿਹਾ ਕਣਕ ਦਾ ਇਕ-ਇਕ ਦਾਣਾ ਖਰੀਦਣ ਲਈ ਸਾਡੇ ਸਾਰੇ ਪ੍ਰਬੰਧ ਹੋ ਚੁੱਕੇ ਹਨ ਅਤੇ ਇਸ ਲਈ 55 ਮੰਡੀਆਂ ਦੇ ਨਾਲ-ਨਾਲ 9 ਸ਼ੈਲਰਾਂ ਨੂੰ ਵੀ ਮੰਡੀ ਵਜੋਂ ਆਰਜ਼ੀ ਤੌਰ ਉਤੇ ਵਰਤਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਵੀ ਜੇਕਰ ਸਾਨੂੰ ਲੋੜ ਮਹਿਸੂਸ ਹੋਈ ਤਾਂ ਅਸੀਂ ਹੋਰ ਮੰਡੀਆਂ ਦਾ ਪ੍ਰਬੰਧ ਕਰ ਲਵਾਂਗੇ, ਪਰ ਕਣਕ ਦੀ ਖਰੀਦ ਮੌਕੇ ਕੋਵਿਡ 19 ਦੇ ਸਬੰਧ ਵਿਚ ਸਿਹਤ ਵਿਭਾਗ ਵੱਲੋਂ ਦਿੱਤੀਆਂ ਸਾਵਧਾਨੀਆਂ ਦਾ ਪਾਲਣ ਕਰਨਾ ਯਕੀਨੀ ਬਣਾਇਆ ਜਾਵੇਗਾ। ਉਨਾਂ ਦੱਸਿਆ ਕਿ ਜਿਲੇ ਦੀਆਂ ਮੰਡੀਆਂ ਵਿੱਚ 6.5 ਲੱਖ ਮੀਟਰਕ ਟਨ ਕਣਕ ਪਹੁੰਚਣ ਦੀ ਉਮੀਦ ਹੈ ਅਤੇ ਇਸ ਲਈ ਸਰਕਾਰੀ ਖਰੀਦ ਏਜੰਸੀਆਂ ਪਨਸਪ, ਮਾਰਕਫੈਡ, ਪਨਗਰੇਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ, ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਬਾਰਦਾਨੇ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਸਾਲ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 1925 ਰੁਪਏ ਤੈਅ ਕੀਤਾ ਹੈ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭੀੜ ਤੋਂ ਬਚਣ ਅਤੇ ਸੁਖਾਲੀ ਖਰੀਦ ਯਕੀਨੀ ਬਣਾਉਣ ਲਈ ਆੜਤੀਆ ਦੁਆਰਾ ਕਿਸਾਨਾਂ ਨੂੰ ਹੋਲੋਗ੍ਰਾਮ ਨਾਲ ਕੂਪਨ ਜਾਰੀ ਕਰਕੇ ਮੰਡੀਆਂ ਵਿੱਚ ਫਸਲ ਦੀ ਖਿੰਡਵੀਂ ਆਮਦ ਵਾਸਤੇ ਵਿਸਥਾਰਤ ਕਾਰਜ ਯੋਜਨਾ ਬਣਾਈ ਗਈ ਹੈ। ਹਰੇਕ ਕੂਪਨ ਰਾਹੀਂ ਕਿਸਾਨ 50 ਤੋਂ 70 ਕੁਇੰਟਲ ਤੱਕ ਕਣਕ ਦੀ ਟਰਾਲੀ ਲਿਆਉਣ ਦਾ ਹੱਕਦਾਰ ਹੋਵੇਗਾ। ਮੰਡੀਆਂ ਵਿੱਚ ਭੀੜ ਤੋਂ ਬਚਣ ਲਈ ਹਰੇਕ ਕਿਸਾਨ ਹਰੇਕ ਦਿਨ ਜਾਂ ਵੱਖ-ਵੱਖ ਦਿਨਾਂ ਵਿੱਚ ਖਰੀਦ ਕੇਂਦਰਾਂ ਵਿੱਚ ਜਗਾਂ ਦੇ ਆਧਾਰ ‘ਤੇ ਇਕ ਤੋਂ ਵੱਧ ਕੂਪਨਾਂ ਲਈ ਵੀ ਹੱਕਦਾਰ ਹੋਵੇਗਾ। ਉਨਾਂ ਕਿਹਾ ਕਿ ਕੂਪਨ ਮਾਰਕੀਟ ਕਮੇਟੀਆਂ ਵੱਲੋਂ ਆੜਤੀਆ ਨੂੰ ਜਾਰੀ ਕੀਤੇ ਜਾਣਗੇ। ਉਨਾਂ ਦੱਸਿਆ ਕਿ ਕੋਰੋਨਾਵਾਇਰਸ ਦੇ ਖ਼ਤਰੇ ਨੂੰ ਰੋਕਣ ਲਈ ਲੋੜੀਂਦੀਆਂ ਸਾਰੀਆਂ ਸੁਰੱਖਿਆ ਵਿਧੀਆਂ, ਸਫਾਈ ਦੇ ਪ੍ਰੋਟੋਕਲ, ਸਮਾਜਿਕ ਦੂਰੀ ਦੇ ਨਿਯਮਾਂ, ਮਾਸਕ ਪਾਉਣ ਤੇ ਸੈਨੀਟਾਈਜ਼ਰਾਂ ਦੀ ਵਰਤੋਂ ਸਖਤੀ ਨਾਲ ਲਾਗੂ ਕਰਨੀ ਯਕੀਨੀ ਬਣਾਇਆ ਜਾਵੇ। ਉਨਾਂ ਦੱਸਿਆ ਕਿ ਮੰਡੀਆਂ ਵਿੱਚ ਸਾਫ ਪੀਣ ਵਾਲੇ ਪਾਣੀ, ਸਫਾਈ ਤੇ ਕੀਟਾਣੂੰ ਰਹਿਤ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਸਹਾਇਕ ਕਮਿਸ਼ਨਰ ਸ. ਅੰਕੁਰਜੀਤ ਸਿੰਘ, ਐਸ ਡੀ ਐਮ ਸ੍ਰੀਮਤੀ ਸੁਮਿਤ ਮੁੱਧ, ਐਸ ਡੀ ਐਮ ਸ੍ਰੀਮਤੀ ਅਲਕਾ ਕਾਲੀਆ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਐਸ ਡੀ ਐਮ ਸ੍ਰੀ ਸਿਵਰਾਜ ਸਿੰਘ ਬੱਲ, ਐਸ ਡੀ ਐਮ ਸ੍ਰੀ ਦੀਪਕ ਭਾਟੀਆ, ਜਿਲਾ ਖੁਰਾਕ ਸਪਲਾਈ ਕੰਟਰੋਲਰ ਸ. ਲਖਵਿੰਦਰ ਸਿੰਘ, ਮੰਡੀ ਅਫਸਰ ਸ੍ਰੀ ਜਸਵਿੰਦਰ ਸਿੰਘ ਧਾਲੀਵਾਲ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਜਿਲਾ ਮੈਨੇਜਰ ਹਾਜ਼ਰ ਸਨ।

Share This :

Leave a Reply