ਫ਼ਤਹਿਗੜ੍ਹ ਸਾਹਿਬ ( ਸੂਦ ) ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਨੇ ਕੌਮੀ ਸਫਾਈ ਕਰਮਚਾਰੀ ਕਮਿਸ਼ਨ, ਨਵੀਂ ਦਿੱਲੀ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਫਰੰਟ ਲਾਈਨ ‘ਤੇ ਡਿਊਟੀ ਨਿਭਾ ਰਹੇ ਸਫਾਈ ਕਰਮਚਾਰੀਆਂ ਨੂੰ ਕੇਂਦਰ ਸਰਕਾਰ ਵੱਲੋਂ ਪੀ.ਪੀ.ਈ. ਕਿੱਟਾਂ ਮੁਹੱਈਆ ਕਰਵਾਈਆਂ ਜਾਣ ਉਨ੍ਹਾਂ ਕਿਹਾ ਹੈ ਕਿ ਸਫਾਈ ਕਰਮਚਾਰੀ ਕੋਰੋਨਾ ਵਾਇਰਸ ਵਰਗੀ ਖਤਰਨਾਕ ਮਹਾਂਮਾਰੀ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਬਹਾਦਰੀ ਨਾਲ ਡਿਊਟੀ ਨਿਭਾ ਰਹੇ ਹਨ ਅਤੇ
ਉਨ੍ਹਾਂ ਦੀ ਸਿਹਤਯਾਬੀ ਲਈ ਉਨ੍ਹਾਂ ਨੂੰ ਵੀ ਪੀ.ਪੀ.ਈ. ਕਿੱਟਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ ਸ਼੍ਰੀ ਗੇਜਾ ਰਾਮ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਸਫਾਈ ਕਰਮਚਾਰੀਆਂ ਨੂੰ ਵੀ ਇਹ ਕਿੱਟਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਉਹ ਜਿਥੇ ਆਪ ਇਸ ਮਹਾਂਮਾਰੀ ਤੋਂ ਬਚੇ ਰਹਿਣ, ਉਥੇ ਹੀ ਉਨ੍ਹਾਂ ਦੇ ਪਰਿਵਾਰ ਵੀ ਤੰਦਰੁਸਤ ਰਹਿਣ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਸਫਾਈ ਕਰਮਚਾਰੀਆਂ ਨੇ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਹਨ ਅਤੇ ਕੇਂਦਰ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਕੋਰੋਨਾ ਖਿਲਾਫ ਲੜੀ ਜਾ ਰਹੀ ਇਸ ਜੰਗ ਵਿੱਚ ਆਪਣਾ ਅਹਿਮ ਯੋਗਦਾਨ ਦੇਣ ਵਾਲੇ ਸਫਾਈ ਕਰਮਚਾਰੀਆਂ ਦੀ ਸਿਹਤ ਦਾ ਵਿਸ਼ੇਸ਼ ਤੌਰ ‘ਤੇ ਧਿਆਨ ਰੱਖਿਆ ਜਾਵੇ