
ਹੁਸ਼ਿਆਰਪੁਰ (ਮੀਡੀਆ ਬਿਊਰੋ) ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਣਕ ਦੀ ਕਟਾਈ ਦੇ ਮੱਦੇਨਜ਼ਰ ਤੂੜੀ ਬਣਾਉਣ ਲਈ ਰੀਪਰ ਦੀ ਵਰਤੋਂ ਕਰਨ ਦੀ ਛੋਟ ਦਿੱਤੀ ਹੈ, ਤਾਂ ਜੋ ਕਣਕ ਦੀ ਫ਼ਸਲ ਅਤੇ ਨਾੜ ਨੂੰ ਅੱਗ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਕੰਮ ਦੌਰਾਨ ਮੌਜੂਦਾ ਵਿਅਕਤੀ ਆਪਸੀ ਦੋ ਮੀਟਰ ਦੀ ਦੂਰੀ ਬਰਕਰਾਰ ਰੱਖਣ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਆਦੇਸ਼ ਵਿੱਚ ਸਪੱਸ਼ਟ ਕੀਤਾ ਹੈ ਕਿ ਕਣਕ ਦੀ ਕਟਾਈ ਦੇ ਸਮੇਂ ਕਿਸਾਨਾਂ ਵਲੋਂ ਜੇਕਰ ਹੱਥ ਨਾਲ ਕਟਾਈ ਦਾ ਕੰਮ ਕੀਤਾ ਜਾਵੇਗਾ, ਤਾਂ ਉਹ ਉਸ ਸਮੇਂ 10 ਤੋਂ ਵੱਧ ਵਿਅਕਤੀ ਮੌਜੂਦ ਨਹੀਂ ਹੋਣਗੇ ਅਤੇ ਆਪਸ ਵਿੱਚ ਘੱਟੋ-ਘੱਟ 2 ਮੀਟਰ ਦੀ ਦੂਰੀ ਬਣਾ ਕੇ ਰੱਖਣਗੇ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਇਸ ਦੌਰਾਨ ਕਿਸਾਨ ਤੇ ਮਜ਼ਦੂਰ ਮਾਸਕ ਪਹਿਨਣਾ, ਹੱਥਾਂ ਦੀ ਸਾਫ-ਸਫਾਈ ਅਤੇ ਸੈਨੇਟਾਈਜਰ ਦਾ ਪ੍ਰਯੋਗ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਖੇਤੀ ਦੇ ਕੰਮਾਂ ਲਈ ਕਰਫ਼ਿਊ/ਲੋਕਡਾਊਨ ਪਾਸ ਜਾਰੀ ਕਰਨ ਦਾ ਅਧਿਕਾਰ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ 7 ਅਪ੍ਰੈਲ ਤੋਂ ਜਾਰੀ ਕੀਤੇ ਕਣਕ ਦੀ ਕਟਾਈ ਸਬੰਧੀ ਜਾਰੀ ਕੀਤੇ ਆਦੇਸ਼ਾਂ ਦੀ ਲਗਾਤਾਰਤਾ ਵਿੱਚ ਇਸ ਛੋਟ ਵਿੱਚ ਵਾਧਾ ਕੀਤਾ ਗਿਆ ਹੈ।




















