ਨਾਭਾ/ਪਟਿਆਲਾ ( ਤਰੁਣ ਮਹਿਤਾ ) ਕੈਬਨਿਟ ਮੰਤਰੀ ਪੰਜਾਬ ਸ. ਸਾਧੂ ਸਿੰਘ ਧਰਮਸੋਤ ਨੇ ਕੋਰੋਨਾ ਵਾਇਰਸ (ਕੋਵਿਡ-19) ਤੋਂ ਆਮ ਲੋਕਾਂ ਨੂੰ ਬਚਾਉਣ ਲਈ ਲਗਾਏ ਕਰਫ਼ਿਊ ਦੌਰਾਨ ਨਾਭਾ ਖੇਤਰ ‘ਚ ਪੈਂਦੀਆਂ ਬਸਤੀਆਂ ਦੇ ਲੋਕਾਂ ਨੂੰ ਅੱਜ ਜ਼ਰੂਰਤ ਦਾ ਸਾਮਾਨ ਵੰਡਿਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਕਰਫ਼ਿਊ ਦੌਰਾਨ ਲੋਕਾਂ ਨੂੰ ਰਾਸ਼ਨ ਘਰਾਂ ‘ਚ ਹੀ ਪੁੱਜਦਾ ਕਰਨ ਲਈ ਸੂਬਾ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੋੜਵੰਦ ਲੋਕਾਂ ਨੂੰ ਵੀ ਰਾਸ਼ਨ ਪਹੁੰਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਤਹਿਤ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ।
ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਨਾਭਾ ਖੇਤਰ ‘ਚ ਪੈਂਦੀਆਂ ਬਸਤੀਆਂ ਖ਼ਾਸ ਤੌਰ ‘ਤੇ ਝੁੱਗੀਆਂ ਵਿੱਚ ਰਹਿਣ ਵਾਲੇ ਦਿਹਾੜੀਦਾਰਾਂ ਕੋਲ ਖ਼ੁਦ ਪਹੁੰਚ ਕੇ ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਬਾਹਰ ਬੁਲਾਕੇ ਰਾਸ਼ਨ ਦੀ ਸਮਗਰੀ ਦੇ ਪੈਕਟ ਦਿੱਤੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਇਹ ਟੀਚਾ ਹੈ ਕਿ ਕਰਫ਼ਿਊ ਦੌਰਾਨ ਕੋਈ ਵੀ ਪਰਿਵਾਰ ਭੁੱਖਾ ਨਾ ਰਹੇ ਅਤੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਬੁਨਿਆਦੀ ਜ਼ਰੂਰਤਾਂ ਅਨੁਸਾਰ ਪੈਕਟ ਬਣਾਏ ਗਏ ਹਨ ਜਿਸ ਵਿੱਚ ਆਟਾ, ਨਮਕ ਅਤੇ ਦਾਲਾਂ ਸ਼ਾਮਲ ਹੈ ਇਸ ਪੈਕਟ ਵਿੱਚ ਇਕ ਪਰਿਵਾਰ ਲਈ ਦੱਸ ਦਿਨਾਂ ਦਾ ਰਾਸ਼ਨ ਸ਼ਾਮਲ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਰਾਸ਼ਨ ਵੰਡਦੇ ਸਮੇਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਰੂਰੀ ਤੇ ਧਿਆਨ ਦੇਣਯੋਗ ਗੱਲਾਂ ਬਾਰੇ ਵੀ ਲੋਕਾਂ ਨੂੰ ਦੱਸਦਿਆ ਕਿਹਾ ਕਿ ਕਰਫ਼ਿਊ ਲਗਾਉਣ ਦਾ ਮੁੱਖ ਮਕਸਦ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਮਾਜਿਕ ਦੂਰੀ ਬਣਾਉਣਾ ਹੈ ਇਸ ਲਈ ਜਦ ਵੀ ਕੋਈ ਵਿਅਕਤੀ ਰਾਸ਼ਨ ਜਾ ਹੋਰ ਸਮਾਨ ਦੇਣ ਆਉਂਦਾ ਹੈ ਤਾਂ ਇਕੱਠ ਕਰਨ ਤੋਂ ਪਰਹੇਜ਼ ਕੀਤਾ ਜਾਵੇ ਅਤੇ ਸੈਨੇਟਾਈਜੇਸਨ ਦਾ ਖਾਸ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡਾ ਪਰਹੇਜ਼ ਹੀ ਸਾਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਾਅ ਸਕਦਾ ਹੈ।
ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਇਸ ਸੰਕਟ ਦੇ ਸਮੇਂ ਸਾਨੂੰ ਸਮਝਦਾਰੀ ਨਾਲ ਕੰਮ ਲੈਣ ਦੀ ਜ਼ਰੂਰਤ ਹੈ ਅਤੇ ਸੂਬਾ ਸਰਕਾਰ ਆਪਣੇ ਨਾਗਰਿਕਾਂ ਨੂੰ ਇਸ ਸਮੇਂ ਹਰੇਕ ਬੁਨਿਆਦੀ ਸਹੂਲਤ ਦੇਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਸਮੇਂ-ਸਮੇਂ ‘ਤੇ ਸਰਕਾਰ ਵੱਲੋਂ ਪਹੁੰਚਾਇਆ ਜਾਵੇਗਾ।
ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਨੇ ਕਿਹਾ ਕਿ ਮੰਤਰੀ ਸ. ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਗਰੀਬ ਪਰਿਵਾਰਾਂ ਲਈਰਾਸ਼ਨ ਦੇ ਪੈਕਟ ਘਰਾਂ ਤੱਕ ਪਹੁੰਚਾਏ ਗਏ ਹਨ ਅਤੇ ਉਨਾਂ ਦੀ ਟੀਮ 24 ਘੰਟੇ ਲੋੜਵੰਦਾਂ ਦੀ ਮਦਦ ਲਈ ਹਾਜ਼ਰ ਹੈ।