ਕਰੋਨਾ ਵਾਇਰਸ ਨੂੰ ਮਾਤ ਦੇਣ ਵਾਲੇ ਸੰਤ ਬਾਬਾ ਗੁਰਬਚਨ ਸਿੰਘ ਤੇ ਹੋਰਾਂ ਨਾਲ ਵਿਧਾਇਕ ਅੰਗਦ ਸਿੰਘ ਵੱਲੋ ਹਸਪਤਾਲ ਵਿਚ ਮੁਲਾਕਾਤ

ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ ਨੇ ਅੱਜ ਜ਼ਿਲ੍ਹਾ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਕੋਵਿਡ-19 ਆਈਸੋਲੇਸ਼ਨ ਵਾਰਡ ’ਚੋਂ ਸਿਹਤਯਾਬ ਹੋ ਕੇ ਬਾਹਰ ਆਏ ਸੰਤ ਬਾਬਾ ਗੁਰਬਚਨ ਸਿੰਘ ਪਠਲਾਵਾ, ਬਾਬਾ ਦਲਜਿੰਦਰ ਸਿੰਘ ਲਧਾਣਾ ਝਿੱਕਾ ਅਤੇ ਸਵ. ਬਾਬਾ ਬਲਦੇਵ ਸਿੰਘ ਪਠਲਾਵਾ ਦੇ ਸਪੁੱਤਰ ਫ਼ਤਿਹ ਸਿੰਘ ਨਾਲ ਮੁਲਾਕਾਤ ਕੀਤੀ । ਉਨ੍ਹਾਂ ਨੂੰ ਇਸ ਮਹਾਂਮਾਰੀ ਦਾ ਦਲੇਰੀ ਅਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਟਾਕਰਾ ਕਰਨ ਲਈ ਵਧਾਈ ਦਿੱਤੀ ਅਤੇ ਇਸ ਮੌਕੇ ਸਿਹਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਵੱਲੋਂ ਇਨ੍ਹਾਂ ਸਮੂਹ ਸਿਹਤਯਾਬ ਹੋਏ ਵਿਅਕਤੀਆਂ ਨੂੰ ਦਿੱਤਾ ਵਧਾਈ ਦਾ ਸੁਨੇਹਾ ਵੀ ਪਹੁੰਚਾਇਆ।

ਸੰਤ ਬਾਬਾ ਗੁਰਬਚਨ ਸਿੰਘ ਪਠਲਾਵਾ ਨੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਮਿਲੀਆਂ ਸਹੂਲਤਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਵਿਧਾਇਕ ਅੰਗਦ ਸਿੰਘ ਨੇ ਕੋਰੋਨਾ ਪੀੜਤ ਮ੍ਰਿਤਕ ਬਾਬਾ ਬਲਦੇਵ ਸਿੰਘ ਪਠਲਾਵਾ ਦੇ ਸਪੁੱਤਰ ਫ਼ਤਿਹ ਸਿੰਘ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ। ਵਿਧਾਇਕ ਵੱਲੋਂ ਇਸ ਮੌਕੇ ਹਸਪਤਾਲ ਦੇ ਕੋਵਿਡ-19 ਆਈਸੋਲੇਸ਼ਨ ਵਾਰਡ ’ਚ ਦਾਖਲ ਮਰੀਜ਼ਾਂ ਦਾ ਇਲਾਜ ਕਰਨ ਵਾਲੀ ਡਾਕਟਰੀ ਟੀਮ, ਸਟਾਫ਼ ਨਰਸਾਂ, ਸੇਵਾਦਾਰਾਂ ਅਤੇ ਸਫ਼ਾਈ ਆਦਿ ਦਾ ਖਿਆਲ ਰੱਖਣ ਵਾਲੇ ਕਰਮਚਾਰੀਆਂ ਨੂੰ ਕੋਰੋਨਾ ਖ਼ਿਲਾਫ਼ ਯੁੱਧ ਦੇ ਅਸਲ ਨਾਇਕ ਕਰਾਰ ਦਿੰਦਿਆਂ ਉਨ੍ਹਾਂ ਵੱਲੋਂ ਮਾਨਵਤਾ ਦੀ ਕੀਤੀ ਜਾ ਰਹੀ ਸੇਵਾ ਦੀ ਭਾਰੀ ਸ਼ਲਾਘਾ ਕੀਤੀ। ਇਸ ਮੌਕੇ ਸਮੂਹ ਮੈਡੀਕਲ ਸਟਾਫ਼, ਡਾ. ਹਰਵਿੰਦਰ ਸਿੰਘ ਐਸ ਐਮ ਓ, ਡਾ. ਗੁਰਪਾਲ ਕਟਾਰੀਆ, ਮਾਈਕ੍ਰੋ ਬਾਇਓਲੋਜਿਸਟ ਰੁਪਿੰਦਰ ਸਿੰਘ, ਨਰਸਿੰਗ ਸਿਸਟਰ ਰਾਜ ਰਾਣੀ, ਗੁਰਪ੍ਰੀਤ ਕੌਰ ਸਟਾਫ਼ ਨਰਸ, ਪੂਨਮ ਬਾਲਾ ਸਟਾਫ਼ ਨਰਸ ਤੇ ਸਫ਼ਾਈ ਕਰਮਚਾਰੀ ਬਾਦਲ ਅਤੇ ਮੌਕੇ ’ਤੇ ਤਾਇਨਾਤ ਪੁਲਿਸ ਗਾਰਦ ਦਾ ਕਰੋਨਾ ਵਾਇਰਸ ਮਰੀਜ਼ਾਂ ਦਾ ਚੰਗਾ ਇਲਾਜ ਕਰਨ ਅਤੇ ਵਧੀਆ ਧਿਆਨ ਰੱਖਣ ਲਈ ਹਾਰਦਿਕ ਧੰਨਵਾਦ ਕੀਤਾ।

Share This :

Leave a Reply