ਨਾਭਾ ( ਤਰੁਣ ਮਹਿਤਾ) ਕਰਫਿਉ ਦੀ ਉਲੰਘਨਾਂ ਕਰਦੇ ਹੋਏ ਨਾਭਾ ਦੇ ਰਣਜੀਤ ਨਗਰ ਨੇੜੇ ਰੇਲਵੇ ਫਾਟਕ ਵਿਖੇ ਬੀਤੀ ਰਾਤ ਤਕਰੀਬਨ 11ਵਜੇ ਸ਼ਰਾਬ ਦਾ ਠੇਕਾ ਖੁਲਾ ਪਾਇਆ ਗਿਆ ਅਤੇ ਠੇਕੇ ਦਾ ਕਰਿੰਦਾ ਠੇਕੇ ਦੇ ਅੰਦਰ ਮੋਜੂਦ ਸੀ। ਇਸ ਮੌਕੇ ਤੇ ਸਖਤ ਕਾਰਵਾਈ ਕਰਦਿਆਂ ਸੂਬਾ ਸਿੰਘ ਉਪ ਮੰਡਲ ਮੈਜਿਸਟ੍ਰੇਟ ਨਾਭਾ ਵੱਲੋਂ ਐਸ.ਐਚ.ਓ ਕੋਤਵਾਲੀ ਨਾਭਾ ਅਤੇ ਸਬੰਧਤ ਆਬਕਾਰੀ ਇੰਸਪੈਕਟਰ ਜਸਪ੍ਰੀਤ ਸਿੰਘ ਮੱਲੀ ਨੂੰ ਮੌਕੇਂ ਤੇ ਬੁਲਾਇਆ ਗਿਆ।
ਨਿਯਮਾਂ ਅਨੁਸਾਰ ਸਾਰੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਵੱਲੋਂ ਠੇਕੇ ਦੇ ਕਰਿੰਦੇ ਨੂੰ ਠੇਕੇ ਦੇ ਅੰਦਰੋਂ ਬਕਾਇਦਾ ਬਰਾਮਦ ਕੀਤਾਂ ਗਿਆ ਅਤੇ ਸੇਲ ਕੀਤੀ ਸ਼ਰਾਬ ਨਾਲ ਸਬੰਧਿਤ ਤਕਰੀਬਨ 13-14 ਹਜ਼ਾਰ ਰੁਪਏ ਵੀ ਗੱਲੇ ਵਿਚੋਂ ਬਰਾਮਦ ਕੀਤੇ ਗਏ। ਸਬੰਧਤ ਠੇਕੇਦਾਰ ਵੱਲੋਂ ਕਰਫਿਊ ਦੋਰਾਨ ਨਿਯਮਾਂ ਦੀ ਉਲੰਘਨਾਂ ਦੇ ਮੱਦੇਨਜ਼ਰ ਉਸ ਵਿਰੁੱਧ ਐਫ.ਆਈ.ਆਰ. ਨੰਬਰ 53 ਮਿਤੀ 4.4.2020 ਅ/ਧ 188 ਆਈ.ਪੀ.ਸੀ.ਥਾਣਾ ਕੋਤਵਾਲੀ ਨਾਭਾ ਵਿਖੇ ਦਰਜ਼ ਕੀਤੀ ਗਈ ਹੈ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਨਾਭਾ ਸੂਬਾ ਸਿੰਘ ਨੇ ਕਿਹਾ ਕਿ ਕਰਫਿਊ ਦੋਰਾਨ ਕਿਸੇ ਨੂੰ ਵੀ ਨਿਯਮਾਂ ਦੀ ਉਲੰਘਨਾਂ ਨਹੀਂ ਕਰਨ ਦਿੱਤੀ ਜਾਵੇਗੀ।