ਅੰਮ੍ਰਿਤਸਰ (ਮੀਡੀਆ ਬਿਊਰੋ ) ਕੋਵਿਡ 19 ਦੇ ਚੱਲਦੇ ਪੰਜਾਬ ਦੇ ਕਿਸਾਨਾਂ ਵੱਲੋਂ ਵਿਖਾਈ ਗਈ ਜਾਗਰੂਕਤਾ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਅੱਗ ਨਾਲ ਖੇਤਾਂ ਵਿਚ ਹੋਣ ਵਾਲੇ ਨੁਕਸਾਨ ਪ੍ਰਤੀ ਜਾਣੂੰ ਕਰਵਾਉਣ ਸਦਕਾ ਇਲਾਕੇ ਵਿਚ ਕਣਕ ਦੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਵੱਡੇ ਪੱਧਰ ਉਤੇ ਕਮੀ ਦਰਜ ਕੀਤੀ ਗਈ ਹੈ। ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਸ. ਹਰਪਾਲ ਸਿੰਘ ਨੇ ਦੱਸਿਆ ਕਿ ਜਿਲਾ ਅੰਮ੍ਰਿਤਸਰ ਤੇ ਤਰਨਤਾਰਨ ਵਿਚ ਪਿਛਲੇ ਸਾਲ ਦੇ ਮੁਕਾਬਲੇ ਅੱਗ ਲਗਾਉਣ ਦੀਆਂ ਘਟਨਾਵਾਂ ਵਿਚ 60 ਫੀਸਦੀ ਕਮੀ ਅੱਜ ਤੱਕ ਦਰਜ ਕੀਤੀ ਗਈ ਹੈ, ਜੋ ਕਿ ਬਹੁਤ ਵੱਡੀ ਪ੍ਰਾਪਤ ਹੈ।
ਉਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਵਾਤਾਵਰਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਪ੍ਰਤੀ ਜਾਗਰੂਕ ਹੋਇਆ ਹੈ, ਜਿਸਦੇ ਸਿੱਟੇ ਵਜੋਂ ਹੀ ਇਹ ਸੰਭਵ ਹੋ ਸਕਿਆ ਹੈ। ਉਨਾਂ ਕਿਹਾ ਕਿ ਭਾਵੇਂ ਕਿ ਜਿਲਾ ਪ੍ਰਸ਼ਾਸ਼ਨ ਵੱਲੋਂ ਮਾਲ ਵਿਭਾਗ ਦੀ ਅਗਵਾਈ ਹੇਠ ਅੱਗ ਨੂੰ ਰੋਕਣ ਲਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਪਰ ਟੀਮਾਂ ਨੂੰ ਚਲਾਨ ਕੱਟਣ ਦੀ ਲੋੜ ਬਹੁਤ ਘੱਟ ਪਈ ਹੈ। ਉਨਾਂ ਦੱਸਿਆ ਕਿ ਹੁਣ ਤੱਕ ਦੋਵਾਂ ਜਿਲਿਆਂ ਵਿਚ 15 ਚਲਾਨ ਹੀ ਕੀਤੇ ਗਏ ਹਨ ਅਤੇ ਰਿਮੋਟ ਸੈਂਸਿਗ ਦਾ ਡਾਟਾ ਵੀ ਇਹ ਵਿਖਾ ਰਿਹਾ ਹੈ ਕਿ ਕਿਸਾਨਾਂ ਵੱਲੋਂ ਬਹੁਤ ਘੱਟ ਅੱਗ ਆਪਣੇ ਖੇਤਾਂ ਵਿਚ ਲਗਾਈ ਗਈ ਹੈ। ਐਸ ਡੀ ਓ ਸ੍ਰੀ ਰਾਜੇਸ਼ ਸ਼ਰਮਾ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਧਰਤੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਅਤੇ ਕੋਵਿਡ 19 ਦੇ ਟਾਕਰੇ ਲਈ ਆਪਣੇ ਸਰੀਰ ਨੂੰ ਤੰਦਰੁਸਤ ਹਵਾ ਦੀ ਨਿਰੰਤਰ ਸਪਲਾਈ ਜਾਰੀ ਰੱਖਣ ਲਈ ਨਾੜ ਨੂੰ ਅੱਗ ਨਾ ਲਗਾਉਣ, ਸਗੋਂ ਤੂੜੀ ਬਣਾ ਕੇ ਇਸ ਤੋਂ ਕਮਾਈ ਕਰਨ।