ਖੰਨਾ (ਪਰਮਜੀਤ ਸਿੰਘ ਧੀਮਾਨ) : ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਜ਼ਿਲਾ ਪ੍ਰਧਾਨ ਸਤਵੀਰ ਸਿੰਘ ਰੌਣੀ, ਜਨਰਲ ਸਕੱਤਰ ਪਰਮਿੰਦਰ ਚੌਹਾਨ, ਸੂਬਾ ਮੀਤ ਪ੍ਰਧਾਨ ਸੁਖਦੇਵ ਬੈਨੀਪਾਲ, ਸੂਬਾ ਸਕੱਤਰ ਗੁਰਦੀਪ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਆਨਲਾਈਨ ਆਯੋਜਤ ਹੋਈ। ਮੀਟਿੰਗ ਦੌਰਾਨ ਜ਼ਿਲੇ ਦੇ ਸਿੱਖਿਆ ਅਧਿਕਾਰੀਆਂ ਵਲੋਂ ਅਧਿਆਪਕਾਂ ਨੂੰ ਸਕੂਲ ਖੋਲ ਕੇ ਦਾਖ਼ਲਾ ਕਰਨ ਅਤੇ ਮੀਟਿੰਗਾਂ ਕਰਕੇ ਬੇਲੋੜਾ ਦਬਾਅ ਬਣਾਉਣ, ਗਲਤ ਸ਼ਬਦਾਵਲੀ ਵਰਤਣ, ਪਹਿਲਾਂ ਸਕੂਲ ਜਾਣ ਦੇ ਆਦੇਸ਼ ਅਤੇ ਫਿਰ ਆਪਣੀ ਕਹੀ ਗੱਲ ਤੋਂ ਮੁਕਰਨ ਦੀ ਸਖ਼ਤ ਸ਼ਬਦਾਂ ‘ਚ ਆਲੋਚਨਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਪੰਜਾਬ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਘਰਾਂ ‘ਚ ਰਹਿਣ, ਸੋਸ਼ਲ ਡਿਸਟੈਂਸ ਦੀ ਪਾਲਣਾ ਕਰਨ ਲਈ ਅਪੀਲ ਕਰ ਰਹੇ ਹਨ, ਦੂਸਰੇ ਪਾਸੇ ਇਹ ਸਮਝ ਨਹੀਂ ਆ ਰਹੀ ਸਿੱਖਿਆ ਦੇ ਉਚ ਅਧਿਕਾਰੀ ਅਧਿਆਪਕਾਂ ‘ਤੇ ਬੇਲੋੜਾ ਦਬਾਅ ਬਣਾ ਕੇ ਦਾਖ਼ਲੇ ਵਧਾ ਕੇ ਕੀ ਸਿੱਧ ਕਰਨਾ ਚਾਹੁੰਦੇ ਹਨ?
ਉਨਾਂ ਕਿਹਾ ਕਿ ਇਸ ਮਹਾਮਾਰੀ ਕਾਰਨ ਪੰਜਾਬ ਦੇ ਹਜ਼ਾਰਾਂ ਅਧਿਆਪਕ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਅ ਰਹੇ ਹਨ ਅਤੇ ਬੱਚਿਆਂ ਨੂੰ ਆਨਲਾਇਨ ਸਿੱਖਿਆ ਨਾਲ ਵੀ ਜੋੜ ਰਹੇ ਹਨ, ਦੂਸਰੇ ਪਾਸੇ ਉਚ ਅਧਿਕਾਰੀ ਵਿਭਾਗੀ ਅੰਕੜਿਆਂ ਦੀ ਖੇਡ ‘ਚ ਉਲਝਾ ਰਹੇ ਹਨ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਸਿੱਖਿਆ ਅਧਿਕਾਰੀ ਮੀਟਿੰਗਾਂ ਕਰਕੇ ਅਧਿਆਪਕਾਂ ‘ਤੇ ਬੱਚਿਆਂ ਦਾ ਦਾਖਲਾ ਆਨਲਾਈਨ ਕਰਨ ਲਈ ਦਬਾਅ ਬਣਾ ਰਹੇ ਹਨ, ਪਿਛਲੇ ਸੈਸ਼ਨ ਤੋਂ ਬੱਚਿਆਂ ਦੀ ਗਿਣਤੀ 10 ਪ੍ਰਤੀਸ਼ਤ ਵਧਾਉਣ ਅਤੇ ਘਰ-ਘਰ ਜਾ ਕੇ ਬੱਚਿਆਂ ਨੂੰ ਮਿਡ-ਡੇਅ-ਮੀਲ ਵੰਡਣ ਅਤੇ ਦਾਖਲੇ ਲਈ ਕਹਿ ਰਹੇ ਹਨ। ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ‘ਚ ਇਹ ਵੀ ਕਨਸੋਆਂ ਮਿਲ ਰਹੀਆਂ ਹਨ ਕਿ ਕੁੱਝ ਸਿੱਖਿਆ ਅਧਿਕਾਰੀ ਆਪਣੇ ਇਕ ਪ੍ਰੋਜੈਕਟ ‘ਚ ਲੱਗੇ ਖਾਸ ਚਹੇਤਿਆਂ ਰਾਹੀਂ ਪ੍ਰਾਈਵੇਟ ਸਕੂਲਾਂ ਦਾ ਡਾਟਾ ਦੇ ਕੇ ਉਨਾਂ ਸਕੂਲਾਂ ਵਿਚੋਂ ਬੱਚੇ ਫੈਚ ਕਰਕੇ ਸਰਕਾਰੀ ਸਕੂਲਾਂ ‘ਚ ਬੱਚੇ ਵਧਾਉਣ ਲਈ ਵੀ ਅਧਿਆਪਕਾਂ ਨੂੰ ਕਹਿ ਰਹੇ ਹਨ । ਉਨਾਂ ਕਿਹਾ ਕਿ ਅਜਿਹੇ ਕਰੋਪੀ ਦੇ ਸਮੇਂ ਅਜਿਹੀਆਂ ਘਟੀਆ ਨੀਤੀਆਂ ਅਤੇ ਅਧਿਆਪਕਾਂ ਦੀ ਜਾਨ ਨੂੰ ਖਤਰੇ ‘ਚ ਪਾਉਣ ਵਾਲੇ ਸਿੱਖਿਆ ਅਧਿਕਾਰੀਆਂ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ । ਦੂਸਰੇ ਪਾਸੇ ਸਰਕਾਰੀ ਸਕੂਲਾਂ ‘ਚ 30 ਤੋਂ 40 ਫੀਸਦੀ ਬੱਚੇ ਪਰਵਾਸੀ ਮਜ਼ਦੂਰਾਂ ਦੇ ਪੜਦੇ ਹਨ ਜੋ ਵੱਡੇ ਪੱਧਰ ‘ਤੇ ਆਪਣੇ ਰਾਜਾਂ ਨੂੰ ਜਾ ਰਹੇ ਹਨ, ਸਕੂਲਾਂ ‘ਚ ਖੁੱਲਣ ‘ਤੇ ਕੀ ਹਾਲਾਤ ਹੋਣਗੇ, ਉਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਉਨਾਂ ਕਿਹਾ ਕਿ ਅਧਿਆਪਕ ਲਗਾਤਾਰ ਸ਼ੋਸਲ ਮੀਡੀਆ ਰਾਹੀਂ ਬੱਚਿਆਂ ਨੂੰ ਸਿੱਖਿਆ ਵੀ ਦੇ ਰਹੇ ਹਨ, ਪਰ ਵਿਭਾਗ ਫਿਰ ਵੀ ਉਨਾਂ ਦਾ ਮੋਬਾਇਲ ਭੱਤਾ ਕੱਟ ਰਿਹਾ ਹੈ, ਜਿਸ ਦਾ ਅਧਿਆਪਕ ਵਰਗ ਵਿਚ ਸਖ਼ਤ ਰੋਸ ਪਾਇਆ ਜਾ ਰਿਹਾ ਹੈ। ਮੀਟਿੰਗ ‘ਚ ਹਰਵਿੰਦਰ ਸਿੰਘ ਹੈਪੀ, ਜਗਰੂਪ ਸਿੰਘ ਢਿੱਲੋਂ, ਬਲਜਿੰਦਰ ਰੱਤੀਪੁਰ, ਜਗਮੋਹਣ ਘੁਡਾਣੀ, ਨਵਜੀਵਨ ਸਿਹੌੜਾ, ਹਰਪ੍ਰੀਤ ਸਿੰਘ ਜਰਗ, ਸੋਹਣ ਕਰੌਦੀਆਂ, ਸੰਦੀਪ ਸਿੰਘ ਜਰਗ, ਨਰਿੰਦਰ ਘੁਰਾਲਾ, ਗੁਰਭਗਤ ਸਿੰਘ, ਅਮਨਦੀਪ ਸਿੰਘ ਜਰਗ, ਦਵਿੰਦਰ ਸਿੰਘ, ਜਸਵੀਰ ਬੂਥਗੜ•, ਦਲਜੀਤ ਭੱਟੀ, ਜਗਤਾਰ ਹੋਲ, ਸ਼ਿੰਗਾਰਾ ਸਿੰਘ, ਧਰਮਿੰਦਰ ਚਕੋਹੀ, ਦਰਸ਼ਨ ਸਿੰਘ ਆਦਿ ਆਗੂ ਹਾਜ਼ਰ ਸਨ।