ਏ.ਐਸ.ਆਈ. ਦਾ ਕੱਟਿਆ ਹੱਥ ਜੋੜਨ ਲਈ ਪੀ.ਜੀ.ਆਈ. ਦੇ ਡਾਕਟਰਾਂ ਵੱਲੋਂ ਸਾਢੇ ਸੱਤ ਘੰਟੇ ਲਾ ਕੇ ਕੀਤਾ ਸਫ਼ਲ ਉਪਰੇਸ਼ਨ-ਸਿੱਧੂ –

ਪਟਿਆਲਾ ( ਅਰਵਿੰਦਰ ਸਿੰਘ ) ਪਟਿਆਲਾ ਪੁਲਿਸ ਦੇ ਏ.ਐਸ.ਆਈ. ਹਰਜੀਤ ਸਿੰਘ, ਜਿਸ ਦਾ ਹੱਥ ਅੱਜ ਸਬਜ਼ੀ ਮੰਡੀ ਵਿਖੇ ਹੋਏ ਘਾਤਕ ਹਮਲੇ ‘ਚ ਕੱਟਿਆ ਗਿਆ ਸੀ, ਦਾ ਪੀ.ਜੀ.ਆਈ. ਦੇ ਪਲਾਸਟਿਕ ਸਰਜਰੀ ਵਿਭਾਗ ਦੇ ਡਾਕਟਰਾਂ ਨੇ ਸਾਢੇ ਸੱਤ ਘੰਟਿਆਂ ਦੇ ਸਫ਼ਲ ਉਪਰੇਸ਼ਨ ਮਗਰੋਂ ਜੋੜ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਪੀ.ਜੀ.ਆਈ. ਦੇ ਡਾਕਟਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।
ਸ. ਸਿੱਧੂ ਨੇ ਦੱਸਿਆ ਕਿ ਪੀ.ਜੀ.ਆਈ. ਦੇ ਡਾਕਟਰਾਂ ਨੇ ਏ.ਐਸ.ਆਈ. ਸ. ਹਰਜੀਤ ਸਿੰਘ ਦਾ ਕੱਟਿਆ ਹੱਥ ਜੋੜਨ ਲਈ ਸਵੇਰੇ 10 ਤੋਂ ਸ਼ਾਮ ਸਾਢੇ 5 ਵਜੇ ਤੱਕ ਲਗਾਤਾਰ ਸਾਢੇ 7 ਘੰਟੇ ਉਪਰੇਸ਼ਨ ਕੀਤਾ ਅਤੇ ਇਹ ਉਪਰੇਸ਼ਨ ਕਾਮਯਾਬ ਰਿਹਾ ਹੈ। ਸ. ਸਿੱਧੂ ਨੇ ਦੱਸਿਆ ਕਿ ਪੁਲਿਸ ਦਾ ਇਹ ਜਾਂਬਾਜ ਅਧਿਕਾਰੀ ਹੌਂਸਲੇ ਵਿੱਚ ਹੈ ਅਤੇ ਇਸ ਦੀ ਅਸਲ ਸਥਿਤੀ ਦਾ 5 ਦਿਨਾਂ ਬਾਅਦ ਪਤਾ ਲੱਗ ਸਕੇਗਾ।


ਇਸੇ ਦੌਰਾਨ ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਪਟਿਆਲਾ ਵਿਖੇ ਕਰਫਿਊ ਅਤੇ ਰਾਹਤ ਕਾਰਜਾਂ ‘ਚ ਲੱਗੀ ਪੁਲਿਸ ਉਪਰ ਹਮਲੇ ਨੇ ਪੰਜਾਬ ਤੇ ਪੰਜਾਬੀਅਤ ਨੂੰ ਸ਼ਰਮਸ਼ਾਰ ਕੀਤਾ ਹੈ। ਐਸ.ਐਸ.ਪੀ. ਨੇ ਕਿਹਾ ਕਿ ਇਹ ਬਹੁਤ ਅਫ਼ਸੋਸਨਾਕ ਵਰਤਾਰਾ ਹੈ ਜਦੋਂ ਪੁਲਿਸ ਦੇ ਉਸ ਹੱਥ ਨੂੰ ਹੀ ਵੱਢ ਦਿੱਤਾ ਗਿਆ, ਜਿਹੜੇ ਆਪਣੀ ਡਿਊਟੀ ਦੇ ਨਾਲ-ਨਾਲ ਲੋੜਵੰਦਾਂ ਦੀ ਮਦਦ ਕਰਦੇ ਹੋਏ ਕਰਫਿਊ ਦੇ ਸ਼ੁਰੂ ਤੋਂ ਹੀ ਲੰਗਰ ਅਤੇ ਰਾਸ਼ਨ ਵੰਡ ਰਹੇ ਸਨ।
ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਹ ਵਿਅਕਤੀ, ਜਿਹੜੇ ਕਿ ਨਿਹੰਗਾਂ ਦੇ ਬਾਣੇ ਵਿੱਚ ਸਨ, ਨੇ ਬਾਣੇ ਦਾ ਵੀ ਨਿਰਾਦਰ ਕੀਤਾ ਹੈ ਅਤੇ ਇਸ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਉਹ ਥੋੜੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਨੇ ਜ਼ਿਲ੍ਹੇ ਵਿੱਚ ਜਿੱਥੇ ਸੰਕਟ ਦੀ ਇਸ ਘੜੀ ਵਿੱਚ ਆਮ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਅਤੇ ਕਰਫਿਊ ਨੂੰ ਲਾਗੂ ਕਰਨ ਲਈ ਦਿਨ ਰਾਤ ਇੱਕ ਕੀਤਾ ਹੈ, ਉਥੇ ਹੀ ਪੁਲਿਸ ਨੇ ਲੋੜਵੰਦਾਂ ਨੂੰ ਵੀ ਲੰਗਰ ਤੇ ਰਾਸ਼ਨ ਪਹੁੰਚਾਉਂਦੇ ਹੋਏ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਉਪਰ ਹਮਲਾ ਕਰਨ ਵਾਲੇ ਅਨਸਰਾਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ ਅਤੇ ਕਿਸੇ ਨੂੰ ਵੀ ਕਾਨੂੰਨ ਨੂੰ ਹੱਥਾਂ ‘ਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗਾ

Share This :

Leave a Reply