ਇੰਗਲੈਂਡ ਤੇ ਸਕਾਟਲੈਂਡ ਦੇ ਖਾਣਾ, ਰੈਸਟੋਰੈਂਟ ਤੇ ਹੋਟਲ ਸਨਅਤ ਨੂੰ ਵੀ ਹੋਇਆ ਕੋਰੋਨਾ

ਪ੍ਰਸਿੱਧ ਕਾਰੋਬਾਰੀ ਸੋਹਣ ਸਿੰਘ ਰੰਧਾਵਾ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਸਰਕਾਰ ਦੇ ਬੁਲਾਰੇ ਅਨੁਸਾਰ ਪੀੜਤਾਂ ਦੀ ਗਿਣਤੀ ਸਾਹਮਣੇ ਦਿਸ ਰਹੇ ਅੰਕੜਿਆਂ ਤੋਂ ਕਿਤੇ ਵਧੇਰੇ ਹੋ ਸਕਦੀ ਹੈ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਰਕਾਰ ਵੱਲੋਂ ਵੱਡੇ ਇਕੱਠਾਂ ‘ਤੇ ਪਾਬੰਦੀ ਲਾਉਣ ਕਰਕੇ ਵੱਖ ਵੱਖ ਸਮਾਗਮ ਹੀ ਰੱਦ ਨਹੀਂ ਹੋਏ ਸਗੋਂ ਇਸ ਨਾਲ ਖਾਣਾ ਉਦਯੋਗ, ਰੈਸਟੋਰੈਂਟ ਤੇ ਹੋਟਲ ਸਨਅਤ ਵੀ ਵੱਡੀ ਪੱਧਰ ‘ਤੇ ਪ੍ਰਭਾਵਿਤ ਹੋ ਰਹੀ ਹੈ। ਲੋਕਾਂ ਵੱਲੋਂ ਹੋਟਲਾਂ ਰੈਸਟੋਰੈਂਟਾਂ ਦੀ ਬੁਕਿੰੰਗ ਰੱਦ ਕੀਤੀ ਜਾ ਰਹੀ ਹੈ। ਬਾਹਰ ਖਾਣਾ ਖਾਣ ਜਾਣ ਜਾਂ ਛੁੱਟੀਆਂ ਬਿਤਾਉਣ ਦੀ ਤਰਜੀਹ ਘਟ ਕੇ ਘਰ ਦੇ ਕਮਰਿਆਂ ਅੰਦਰ ਬੰਦ ਹੋ ਕੇ ਰਹਿ ਗਈ ਹੈ। ਇਸ ਸੰਬੰਧੀ ਸਕਾਟਲੈਂਡ ਵਿੱਚ ਰੈਸਟੋਰੈਂਟ ਤੇ ਹੋਟਲ ਕਾਰੋਬਾਰ ਵਿੱਚ ਸਥਾਪਿਤ ਕਾਰੋਬਾਰੀ ਸੋਹਣ ਸਿੰਘ ਰੰਧਾਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ “ਬੇਸ਼ੱਕ ਕਾਰੋਬਾਰਾਂ ਨੂੰ ਮਾਰਾਂ ਪੈਂਦੀਆਂ ਰਹਿੰਦੀਆਂ ਹਨ, ਪਰ ਕੋਰੋਨਾਵਾਇਰਸ ਦੇ ਸਹਿਮ ਕਾਰਨ ਹਰ ਕਾਰੋਬਾਰੀ ਸਹਿਮ ਦੇ ਮਾਹੌਲ ਵਿੱਚ ਹੈ। ਲੋਕਾਂ ਨੇ ਬਾਹਰ ਜਾ ਕੇ ਖਾਣਾ ਤਾਂ ਦੂਰ ਸਗੋਂ ਡਲਿਵਰੀ ਸਰਵਿਸ ਨੂੰ ਵੀ ਨਕਾਰ ਦਿੱਤਾ ਹੈ। ਇਹੀ ਵਜ੍ਹਾ ਹੈ ਕਿ ਲੋਕ ਖਾਣ ਵਾਲੀਆਂ ਵਸਤਾਂ ਨੂੰ ਇੱਕੋ ਹੱਲੇ ਖਰੀਦ ਕੇ ਲੰਮੇ ਸਮੇਂ ਤੱਕ ਘਰ ਰਹਿ ਕੇ ਹੀ ਵਰਤਣ ਦਾ ਮਨ ਬਣਾਈ ਬੈਠੇ ਹਨ।” ਪੰਜਾਬੀ ਮੀਡੀਆ ਵੱਲੋਂ ਕੀਤੇ ਸਰਵੇਖਣ ਅਨੁਸਾਰ ਅਜੋਕੇ ਹਾਲਾਤਾਂ ਦਾ ਵੱਡਾ ਖਮਿਆਜ਼ਾ ਚਾਈਨੀਜ਼ ਰੈਸਟੋਰੈਂਟਾਂ ਤੇ ਟੇਕ ਅਵੇਆਂ ਨੂੰ ਭੁਗਤਣਾ ਪੈ ਰਿਹਾ ਹੈ। ਜਿੱਥੇ ਲੋਕ ਕਤਾਰਾਂ ਬੰਨ੍ਹ ਕੇ ਭੋਜਨ ਖਰੀਦਦੇ ਸਨ, ਉਹਨਾਂ ਟੇਕ ਅਵੇਅ ਦੁਕਾਨਾਂ ‘ਤੇ ਸੁੰਨਸਾਨ ਵਰਤ ਰਹੀ ਹੈ।

Share This :

Leave a Reply