ਅੰਮ੍ਰਿਤਸਰ, (ਮੀਡੀਆ ਬਿਊਰੋ ) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਮਹਾਂਮਾਰੀ ਨੂੰ ਰੋਕਣ ਲਈ ਜਿਲੇ ਵਿੱਚ ਬਾਹਰੋਂ ਆਏ ਹਰੇਕ ਵਿਅਕਤੀ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਲਈ ਜਿਲੇ ਵਿੱਚ ਬਾਹਰੋਂ ਆਏ ਵਿਅਕਤੀਆਂ ਦੀ ਸੂਚਨਾ ਦੇਣ ਲਈ ਨੰਬਰਦਾਰ, ਸਰਪੰਚ ਅਤੇ ਕੌਂਸਲਰ ਪਾਬੰਦ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਕੋਵਿਡ-19 ਮਹਾਂਮਰੀ ਨੂੰ ਰੋਕਣ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਤਹਿਤ ਸਪੰਰਚ ਅਤੇ ਨੰਬਰਦਾਰ ਆਪਣੇ ਪਿੰਡ ਵਿੱਚ ਬਾਹਰੋਂ ਆਏ ਵਿਅਕਤੀਆਂ ਦੀ ਜਾਣਕਾਰੀ ਬੀ:ਡੀ:ਪੀ:ਓ/ਤਹਿਸੀਲਦਾਰ ਅਤੇ ਸ਼ਹਿਰਾਂ ਵਿੱਚ ਆਏ ਵਿਅਕਤੀ ਦੀ ਜਾਣਕਾਰੀ ਕੌਂਸਲਰਾਂ ਵੱਲੋਂ ਜਾਇੰਟ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਨੂੰ ਦੇਣੀ ਯਕੀਨੀ ਬਣਾਈ ਜਾਵੇਗੀ । ਉਨਾਂ ਦੱਸਿਆ ਕਿ ਇਹ ਜਾਣਕਾਰੀ ਮਿਲਣ ਤੇ ਰੈਪਿਡ ਰਿਸਪੌਂਸ ਟੀਮ ਆਪਣੇ ਖੇਤਰਾਂ ਵਿੱਚ ਪੈਂਦੇ ਵਿਅਕਤੀਆਂ ਦੀ ਸਕਰੀਨਿੰਗ ਕਰੇਗੀ ਅਤੇ ਸ਼ੱਕੀ ਵਿਅਕਤੀਆਂ ਦੇ ਤੁਰੰਤ ਟੈਸਟ ਵੀ ਕੀਤੇ ਜਾਣਗੇ। ਸ੍ਰ ਢਿਲੋਂ ਨੇ ਦੱਸਿਆ ਕਿ ਹਰੇਕ ਸੈਕਟਰ ਮੈਜਿਸਟਰੇਟ ਯਕੀਨੀ ਬਣਾਏਗਾ ਕਿ ਬਾਹਰੋਂ ਆਏ ਵਿਅਕਤੀਆਂ ਦੀ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਾਂਚ ਕੀਤੀ ਜਾਵੇ ਅਤੇ ਹਰੇਕ ਐਸ:ਡੀ:ਐਮ ਆਪਣੇ ਸਬ ਡਵੀਜਨ ਦੀ ਜਾਣਕਾਰੀ ਰੋਜਾਨਾ ਦੇਣਗੇ।





















