“ਕੋਵਿਡਸੇਫ” ਸੰਪਰਕ ਟਰੇਸਿੰਗ ਐਪ ਨੂੰ ਪਹਿਲ
ਬ੍ਰਿਸਬੇਨ (ਹਰਜੀਤ ਲਸਾੜਾ) ਇੱਥੇ ਫੈਡਰਲ ਸਰਕਾਰ ਨੇ ਕੋਵਿਡ-19 ‘ਚ ਹੁੰਦੇ ਸੁਧਾਰ ਅਤੇ ਕੇਸਾਂ ਵਿੱਚ ਲਗਾਤਾਰ ਗਿਰਾਵਟ ਦੇ ਚੱਲਦਿਆਂ ਸਮੁੱਚੇ ਦੇਸ਼ ਵਿੱਚ ਕੁੱਝ ਸੁਝਾਵਾਂ ਨਾਲ਼ ਵਪਾਰਾਂ ਨੂੰ ਦੁਬਾਰਾ ਖੋਲ੍ਹਣ ਦੇ ਸੰਕੇਤ ਦਿੱਤੇ ਹਨ। ਇਹ ਪ੍ਰਗਟਾਵਾ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਰੁਜ਼ਗਾਰ ਮੰਤਰੀ ਮਾਈਕਲਿਆ ਕੈਸ਼ ਨੇ ਸਾਂਝੇ ਤੌਰ ‘ਤੇ ਰਾਸ਼ਟਰੀ ਸੰਬੋਧਨ ਵਿੱਚ ਕੀਤਾ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਲਾਨ ਕਰਦਿਆਂ ਕਿਹਾ ਕਿ ਆਸਟਰੇਲਿਆਈ ਲੋਕਾਂ ਨੇ ਕਰੋਨਾਵਾਇਰਸ ਵਿਰੁੱਧ ਲੜਾਈ ਵਿਚ ‘ਛੇਤੀ ਕਮਾਈ ਕਰ ਲਈ ਹੈ।’ ਜਿਸਦੇ ਫਲਸਰੂਪ ਆਵਾਜਾਈ ਅਤੇ ਕਾਰੋਬਾਰ ‘ਤੇ ਦੇਸ਼ ਵਿਆਪੀ ਪਾਬੰਦੀਆਂ ਅਗਲੇ ਹਫਤੇ ਤੋਂ ਜਲਦੀ ਦੂਰ ਕੀਤੀਆਂ ਜਾ ਸਕਦੀਆਂ ਹਨ।
ਉਨ੍ਹਾਂ ਹੋਰ ਕਿਹਾ ਕਿ, “ਸਾਨੂੰ ਆਪਣੀ ਆਰਥਿਕਤਾ ਨੂੰ ਮੁੜ ਚਾਲੂ ਕਰਨ ਦੀ ਲੋੜ ਹੈ। ਅਸੀਂ ਉਨ੍ਹਾਂ ਸਾਰੇ ਮਸਲਿਆਂ ‘ਤੇ ਨਜ਼ਰ ਮਾਰਾਂਗੇ ਜੋ ਇਸ ਸਮੇਂ ਪਾਬੰਦੀਆਂ ਦੇ ਅਧੀਨ ਹਨ ਅਤੇ ਅਸੀਂ ਇਸ ‘ਤੇ ਨਜ਼ਰਸਾਨੀ ਕਰਾਂਗੇ ਅਤੇ ਫੈਸਲਾ ਲੈਵਾਂਗੇ ਕਿ ਅਸੀਂ ਕਿਹੜੇ ਕਦਮ ਚੁੱਕ ਸਕਦੇ ਹਾਂ।” ਉਹਨਾਂ ਦੇਸ਼ ਵਾਸੀਆਂ ਨੂੰ “ਕੋਵਿਡਸੇਫ” ਸੰਪਰਕ ਟਰੇਸਿੰਗ ਐਪ ਨੂੰ ਡਾਨਲੋਡ ਕਰਨ ਦੀ ਵੀ ਅਪੀਲ ਵੀ ਕੀਤੀ ਹੈ ਤਾਂ ਜੋ ਆਵਾਮ ਦੀ ਸਿਹਤ ‘ਤੇ ਨਿਗਰਾਨੀ ਰੱਖੀ ਜਾ ਸਕੇ। ਰੁਜ਼ਗਾਰ ਮੰਤਰੀ ਕੈਸ਼ ਨੇ ਸਨਰਾਈਜ਼ ਉੱਤੇ ਕਿਹਾ, “ਹਰੇਕ ਕੰਮ ਵਾਲੀ ਥਾਂ ਨੂੰ ਆਪਣੇ ਵਿਅਕਤੀਗਤ ਹਾਲਾਤਾਂ ਨੂੰ ਵੇਖਣ ਦੀ ਜ਼ਰੂਰਤ ਹੁੰਦੀ ਹੈ ਕਿ ਅਸੀਂ ਜਿਸ ਨਵੇਂ ਵਾਤਾਵਰਣ ਵਿੱਚ ਰਹਿੰਦੇ ਹਾਂ, ਉਸ ਵਿੱਚ ਕੀ ਹੋਵੇਗਾ। ਵਾਇਰਸ ਅਜੇ ਵੀ ਸਾਡੇ ਨਾਲ ਰਹੇਗਾ, ਪਰ ਜੇ ਅਸੀਂ ਇਸ ਪ੍ਰਸਾਰ ਨੂੰ ਨਿਯੰਤਰਿਤ ਕਰ ਸਕਦੇ ਹਾਂ ਤਾਂ ਅਸੀਂ ਆਰਥਿਕਤਾ ਨੂੰ ਮੁੜ ਚਾਲੂ ਕਰ ਸਕਦੇ ਹਾਂ।” ਉਹਨਾਂ ਹੋਰ ਕਿਹਾ ਕਿ ਅਸੀਂ ਪ੍ਰਚੂਨ, ਪਰਾਹੁਣਚਾਰੀ ਅਤੇ ਤੰਦਰੁਸਤੀ ਦੇ ਉਦਯੋਗਾਂ ਵਿੱਚ ਬਹੁਤ ਸਾਰੇ ਕਾਰੋਬਾਰ ਅਗਲੇ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਕੁਝ ਸੁਝਾਵਾਂ ਨਾਲ਼ ਦੁਬਾਰਾ ਖੋਲ੍ਹਣ ਲਈ ਤਿਆਰੀ ਕਰ ਸਕਦੇ ਹਾਂ। ਇਹਨਾਂ ਸੁਝਾਵਾਂ ਵਿੱਚ ਕਿਸੇ ਵੀ ਸਮੇਂ ਵਿਚ ਸਟੋਰ ਵਿਚ ਲੋਕਾਂ ਦੀ ਗਿਣਤੀ ਨੂੰ ਸੀਮਤ ਕਰਨਾ, ਜਿਥੇ ਵੀ ਸੰਭਵ ਹੋਵੇ ਗਾਹਕਾਂ ਨੂੰ ਇਕੱਲੇ ਦੁਕਾਨਾਂ ਲਈ ਉਤਸ਼ਾਹਤ ਕਰਨਾ, ਭੀੜ ਤੋਂ ਬਚਣ ਲਈ ਸਪੁਰਦਗੀ ਦਾ ਸਮਾਂ ਤਹਿ ਕਰਨਾ, ਦਰਵਾਜ਼ਿਆਂ ਦੇ ਹੈਂਡਲਜ਼, ਲਿਫਟ ਬਟਨ, ਹੱਥ ਦੀਆਂ ਰੇਲਾਂ ਅਤੇ ਹੋਰ ਉੱਚ-ਛੂਹਣ ਵਾਲੀਆਂ ਵਸਤੂਆਂ ਅਤੇ ਖੇਤਰਾਂ ਨੂੰ ਨਿਯਮਤ ਰੂਪ ਵਿਚ ਸਾਫ਼ ਕਰਨਾ, ਡੇਢ (1.5) ਮੀਟਰ ਦੀ ਦੂਰੀ ਬਣਾਈ ਰੱਖਣ ਲਈ ਗਾਹਕਾਂ ਨੂੰ ਯਾਦ ਦਿਵਾਉਣ ਲਈ ਫਲੋਰ (ਫ਼ਰਸ਼) ਮਾਰਕਿੰਗ, ਅਤੇ ਇਹ ਸੁਨਿਸ਼ਚਿਤ ਕਰਨਾ ਕਿ ਗਾਹਕਾਂ ਨੇ “ਕੋਵਿਡਸੇਫ” ਸੰਪਰਕ ਟਰੇਸਿੰਗ ਐਪ ਨੂੰ ਡਾਨਲੋਡ ਕੀਤਾ ਹੋਵੇ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ।