ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪ੍ਰਸ਼ਾਸਨ ਵੱਲੋਂ ਕੋਵਿਡ-19 ਹੈਲਪ ਵੈਬਸਾਈਟ ਪੰਜਾਬ ਅਤੇ ਸੇਵਾ ਕੇਂਦਰਾਂ ਰਾਹੀਂ ਆਪਣੇ ਰਾਜਾਂ ਨੂੰ ਜਾਣ ਦੇ ਚਾਹਵਾਨ 8704 ਪ੍ਰਵਾਸੀਆਂ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਮੈਡੀਕਲ ਕਰਨ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹੁਣ ਕੇਵਲ ਇਨ੍ਹਾਂ ਰਾਜਾਂ ਪਾਸੋਂ ਆਪਣੇ ਵਸਨੀਕਾਂ ਨੂੰ ਰਾਜ ’ਚ ਦਾਖਲ ਹੋਣ ਦੀ ਰਸਮੀ ਸਹਿਮਤੀ ਦੀ ਉਡੀਕ ਕੀਤੀ ਜਾ ਰਹੀ ਹੈ।
ਉਨ੍ਹਾਂ ਮਿਸਾਲ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ’ਚੋਂ ਉਤਰ ਪ੍ਰਦੇਸ਼ ਜਾਣ ਵਾਲੇ 20 ਵਿਅਕਤੀਆਂ ਦੀ ਉੱਥੋਂ ਦੇ ਨੋਡਲ ਅਫ਼ਸਰ ਕਮ ਵਧੀਕ ਮੁੱਖ ਸਕੱਤਰ (ਗ੍ਰਹਿ) ਸ੍ਰੀ ਅਵਨੀਸ਼ ਅਵਸਥੀ ਨੂੰ ਪੰਜਾਬ ਰਾਜ ਦੇ ਨੋਡਲ ਅਫ਼ਸਰ ਕਮ ਡਾਇਰੈਕਟਰ ਜਨਰਲ ਸਕੂਲ ਸਿਖਿਆ ਸ੍ਰੀ ਮੁਹੰਮਦ ਤਾਇਬ ਰਾਹੀਂ ਸੂਚਨਾ ਭੇਜੀ ਗਈ ਹੈ। ਕਿਉਂ ਜੋ ਇਹ ਵਿਅਕਤੀ ਆਪਣੇ ਨਿੱਜੀ ਵਾਹਨਾਂ ’ਤੇ ਜਾਣਾ ਚਾਹੁੰਦੇ ਹਨ, ਇਸ ਲਈ ਸਬੰਧਤ ਰਾਜ ਵੱਲੋਂ ਮਨਜੂਰੀ ਦੇਣ ’ਤੇ ਹੀ ਇੱਥੋਂ ਜਾ ਸਕਦੇ ਹਨ। ਇਸੇ ਤਰ੍ਹਾਂ ਉਤਰਾਖੰਡ ਨਾਲ ਸਬੰਧਤ ਦੋ ਵਿਅਕਤੀਆਂ ਦੇ ਵੀ ਆਪਣੇ ਨਿੱਜੀ ਵਾਹਨ ’ਤੇ ਜਾਣ ਸਬੰਧੀ ਉੱਥੋਂ ਦੇ ਨੋਡਲ ਅਫ਼ਸਰ ਕਮ ਸਕੱਤਰ ਆਵਾਜਾਈ ਸ਼ੈਲੇਸ਼ ਬਗੌਲੀ ਨੂੰ ਵੀ ਰਾਜ ਦੇ ਨੋਡਲ ਅਫ਼ਸਰ ਰਾਹੀਂ ਲਿਖਿਆ ਗਿਆ ਹੈ ਅਤੇ ਉੱਥੋਂ ਮਨਜੂਰੀ ਮਿਲਣ ’ਤੇ ਹੀ ਇਹ ਲੋਕ ਇੱਥੋਂ ਜਾ ਸਕਣਗੇ। ਇਸ ਤੋਂ ਇਲਾਵਾ ਰਾਜਸਥਾਨ ਸਰਕਾਰ ਵੱਲੋਂ ਆਪਣੇ 61 ਵਸਨੀਕਾਂ ਨੂੰ ਆਉਣ ਤੋਂ ਪਹਿਲਾਂ ਈ ਮਿਤਰਾ ਪੋਰਟਲ ’ਤੇ ਅਗਾਊਂ ਸੂਚਨਾ ਲਈ ਰਜਿਸਟ੍ਰੇਸ਼ਨ ਕਰਨ ਦੀ ਸਲਾਹ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਇਨ੍ਹਾਂ ਵਿਅਕਤੀਆਂ ਨੂੰ ਈ ਮਿਤਰਾ ਪੋਰਟਲ ’ਤੇ ਰਜਿਸਟਰ ਹੋਣ ਲਈ ਸੂਚਨਾ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜੰਮੂ ਤੇ ਕਸ਼ਮੀਰ ਨਾਲ ਸਬੰਧਤ 387 ਦੇ ਕਰੀਬ ਵਿਅਕਤੀਆਂ ਨੂੰ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕੁੱਝ ਵਿਅਕਤੀ ਨਵੀਂ ਦਿੱਲੀ ਜਾਣਾ ਚਾਹੁੰਦੇ ਹਨ ਅਤੇ ਵਿਚਕਾਰ ਹਰਿਆਣਾ ਰਾਜ ਪੈਂਦਾ ਹੋਣ ਕਾਰਨ ਦਿੱਲੀ ਸਰਕਾਰ ਦੀ ਮਨਜੂਰੀ ਲਾਜ਼ਮੀ ਹੈ। ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਸਮੂਹ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਪ੍ਰਵਾਸੀਆਂ ਨੂੰ ਤਿੰਨ ਸ੍ਰੇਣੀਆਂ ’ਚ ਵੰਡਿਆ ਗਿਆ ਹੈ, ਇੱਕ ਨਿੱਜੀ ਵਾਹਨ ’ਤੇ ਜਾਣ ਵਾਲੇ, ਦੂਸਰੇ ਨੇੜਲੇ ਰਾਜਾਂ ਤੱਕ ਬੱਸਾਂ ’ਤੇ ਜਾ ਸਕਣ ਵਾਲੇ ਅਤੇ ਤੀਸਰੇ ਵਿਸ਼ੇਸ਼ ਟ੍ਰੇਨ ਰਾਹੀਂ ਦੂਰ-ਦੁਰਾਡੇ ਦੇ ਰਾਜ ’ਚ ਜਾਣ ਵਾਲੇ। ਉਨ੍ਹਾਂ ਦੱਸਿਆ ਕਿ ਜਲੰਧਰ ਅਤੇ ਲੁਧਿਆਣਾ ਦੇ ਆਪਣੇ ਹੀ ਪ੍ਰਵਾਸੀਆਂ ਦੀ ਗਿਣਤੀ ਵਧੇਰੇ ਹੋਣ ਕਾਰਨ ਉੱਥੇ ਹੋਰ ਜ਼ਿਲ੍ਹਿਆਂ ਦਾ ਨੰਬਰ ਆਉਣ ਦੀ ਹਾਲਾਂ ਸੰਭਾਵਨਾ ਨਾ ਬਣੀ ਹੋਣ ਕਾਰਨ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜ ਸਰਕਾਰ ਨੂੰ ਰੋਪੜ ਜਾਂ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਤੋਂ ਵਿਸ਼ੇਸ਼ ਟ੍ਰੇਨਾਂ ਰਾਹੀਂ ਜ਼ਿਲ੍ਹੇ ’ਚ ਰਜਿਸਟਰ ਹੋਏ ਵਿਅਕਤੀਆਂ ਨੂੰ ਉਨ੍ਹਾਂ ਦੇ ਪਿੱਤਰੀ ਰਾਜ ਭੇਜਣ ਲਈ ਲਿਖਿਆ ਗਿਆ ਹੈ, ਜਿਸ ’ਤੇ ਅਗਲੇ ਦਿਨਾਂ ’ਚ ਵਿਸ਼ੇਸ਼ ਟ੍ਰੇਨ ਦੀ ਵਾਰੀ ਆ ਸਕਦੀ ਹੈ। ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਇੱਕ ਪੀ ਸੀ ਐਸ ਅਧਿਕਾਰੀ ਸਹਾਇਕ ਕਮਿਸ਼ਨਰ ਨੂੰ ਇਸ ਡਿਊਟੀ ’ਤੇ ਲਾਇਆ ਗਿਆ ਹੈ ਅਤੇ ਉਸ ਵੱਲੋਂ ਵੱਖ-ਵੱਖ ਰਾਜਾਂ ਨੂੰ ਜਾਣ ਵਾਲੇ ਇਨ੍ਹਾਂ ਵਿਅਕਤੀਆਂ ਦੇ ਪਿੱਤਰੀ ਰਾਜਾਂ ਦੇ ਨੋਡਲ ਅਫ਼ਸਰਾਂ ਨਾਲ ਆਪਣੇ ਤੌਰ ’ਤੇ ਵੀ ਤਾਲਮੇਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬੱਸਾਂ ਰਾਹੀਂ ਭੇਜੇ ਜਾ ਸਕਣ ਵਾਲੇ ਵਿਅਕਤੀਆਂ ਲਈ ਬੱਸਾਂ ਦਾ ਪ੍ਰਬੰਧ ਵੀ ਕੀਤਾ ਜਾਚ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਰਾਜਾਂ ਵੱਲੋਂ ਆਉਣ ਵਾਲੀ ਪ੍ਰਵਾਨਗੀ ਅਤੇ ਟ੍ਰੇਨ ਦਾ ਪ੍ਰਬੰਧ ਹੁੰਦੇ ਹੀ, ਇਨ੍ਹਾਂ ਲੋਕਾਂ ਨੂੰ ਤੁਰੰਤ ਇਨ੍ਹਾਂ ਦੇ ਘਰਾਂ ਨੂੰ ਭੇਜ ਦੇਵੇਗਾ।