ਆਪਣਿਆਂ ਦਾ ਆਪਣਾਪਨ ਸਮਝੋ ਵਰਨਾ ਮਗਰੋਂ ਪਛਤਾਵਾ ਹੀ ਰਹੇਗਾ, ਮਾਫੀ ਮੰਗਣ ਦਾ ਸਮਾਂ ਨਹੀਂ

ਕਾਕਾ ਰਾਮ ਵਰਮਾ

ਮਹਾਂਭਾਰਤ ਦੇ ਯੁੱਧ ਮਗਰੋਂ ਸ੍ਰੀ ਯੁਧਿਸਟਰ ਜੀ ਹਸਤਨਾਪੁਰ ਦੇ ਰਾਜੇ ਬਣੇ ਤਾ ਦਰੋਪਤੀ ਨੇ ਰੱਥ ਤੇ ਬੈਠ ਕੇ ਨਗਰ ਦਾ ਚੱਕਰ ਲਗਾਇਆ, ਵਾਪਸ ਆ ਕੇ ਉਹ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਡਿੱਗ ਕੇ ਉੱਚੀ-ਉੱਚੀ ਰੋਣ ਲੱਗੀ, ਸ੍ਰੀ ਕ੍ਰਿਸ਼ਨ ਜੀ ਦੇ ਪੁੱਛਣ ਤੇ ਦਰੋਪਤੀ ਵਿਰਲਾਪ ਕਰਦੇ ਹੋਏ ਕਹਿਣ ਲੱਗੀ ਕਿ ਗੋਬਿੰਦ ਮੈਂ ਇਸ ਮਹਾਭਾਰਤ ਦੇ ਯੁੱਧ ਦੀ ਤਬਾਹੀ ਬਾਰੇ ਸੋਚਿਆ ਹੀ ਨਹੀਂ ਸੀ, ਸਾਰੇ ਨਗਰ ਅੰਦਰ ਵਿਧਵਾ ਔਰਤਾਂ, ਯਤੀਮ ਬੱਚੇ, ਬਜੁਰਗ ਮਾਤਾ ਪਿਤਾ, ਅਪਾਹਜ ਲੋਕ ਹੀ ਬਚੇ ਹਨ ਅਤੇ ਸਾਰੇ ਹੀ ਸਮਸਾਨ ਘਾਟ ਵਿਖੇ ਆਪਣੇ ਸੈਨਿਕਾਂ ਦੀਆਂ ਲਾਸ਼ਾਂ ਦਾ ਸੰਸਕਾਰ ਕਰ ਰਹੇ ਹਨ ਅਤੇ ਰੋ ਰਹੇ ਹਨ। ਮੇਰੇ ਬੇਟੇ, ਮੇਰੇ ਰਿਸ਼ਤੇਦਾਰ, ਗੁਰੂ ਜਨ, ਮਾਮੇ, ਚਾਚੇ, ਭਰਾ, ਪਿਤਾ ਸਾਰੇ ਹੀ ਤਾਂ ਮਾਰੇ ਗਏ ਹਨ, ਕਾਸ ਮੈਂ ਬਦਲਾ ਲੈਣ ਦੀ ਥਾਂ ਪਾਪੀਆਂ ਨੂੰ ਮਾਫ ਕਰ ਦਿੰਦੀ ਜਾਂ ਅਸੀਂ ਇੱਥੋਂ ਕਿਧਰੇ ਹੋਰ ਹੀ ਜਾਕੇ ਵਸ ਜਾਂਦੇ ਇਹ 18 ਲੱਖ ਸੈਨਿਕਾਂ ਦੀ ਬੇਮੌਤ ਦਾ ਅਤੇ ਇਨ੍ਹਾਂ ਵਿਧਵਾ ਭੈਣਾ, ਯਤੀਮ ਬੱਚਿਆਂ, ਲਾਚਾਰ ਬਜ਼ੁਰਗਾਂ ਦੇ ਹਮੇਸ਼ਾਂ ਲਈ ਹੋਈ ਤਬਾਹੀ ਲਈ ਮੈਂ, ਮੇਰੇ ਬਦਲਾ ਲੈਣ ਦੀ ਜਿੱਦ, ਮਾਫ ਕਰਨ ਦੀ ਥਾਂ ਦੁਸ਼ਮਣਾਂ ਦੀ ਤਬਾਹੀ, ਦੀ ਜਿੱਦ ਹਿੱਤ ਮੈਂ ਹੀ ਜਿੰਮੇਵਾਰ ਹਾਂ ਪਰ ਹੁਣ ਮੈਂ ਮਾਫੀ ਵੀ ਮੰਗ ਨਹੀਂ ਸਕਦੀ, ਮੇਰੇ ਮਾਫ ਕਰਨ, ਮਾਫੀ ਦੇਣ, ਭੁਲ ਜਾਣ, ਜਾਂ ਯੁੱਧ ਤੋਂ ਪਹਿਲਾਂ ਇਸ ਤਬਾਹੀ ਬਾਰੇ ਸੋਚਣ ਦਾ ਵਿਚਾਰ ਹੀ ਮੇਰੇ ਮਨ ਅੰਦਰ ਨਹੀਂ ਆਇਆ। ਦਰੋਪਤੀ ਨੇ ਕਿਹਾ ਕਿ ਗੋਬਿੰਦ ਤੁਸੀ ਮੈਨੂੰ ਬਹੁਤ ਸਮਝਾਇਆ ਸੀ ਕਿ ਯੁੱਧ ਕਾਰਨ ਸਭ ਕੁਝ ਤਬਾਹ ਹੋ ਜਾਵੇਗਾ ਪਰ ਮੈਂ ਆਪਣੀ ਆਕੜ ਅਤੇ ਬਦਲੇ ਦੀ ਭਾਵਨਾ ਕਰਕੇ ਤੁਹਾਡੀ ਗੱਲ ਤੇ ਕਦੇ ਵਿਚਾਰ ਹੀ ਨਹੀਂ ਕੀਤਾ। ਇਸ ਤਰ੍ਹਾਂ ਇਨਸਾਨ ਆਪਣੀ ਜਿੱਦ, ਆਕੜ, ਹੰਕਾਰ, ਦਿਖਾਵੇ, ਸ਼ਕਤੀਆਂ ਰੁਤਬੇ ਅਤੇ ਦੂਸਰਿਆਂ ਦੀ ਬੇਬਸੀ, ਮਮਤਾ ਅਤੇ ਪ੍ਰੇਮ ਦਾ ਲਾਭ ਉਠਾਕੇ ਆਪਣਿਆ ਨੂੰ ਹੀ ਰੁਲਾਉਂਦਾ, ਤੜਫਾਉਂਦਾ, ਤੰਗ ਕਰਦਾ, ਸਜਾ ਦਿੰਦਾ ਪਰ ਫੇਰ ਜਦੋਂ ਆਪਣੇ ਨਹੀਂ ਰਹਿੰਦੇ ਉਨ੍ਹਾਂ ਦੇ ਪਰਉਪਰਕਾਰ ਬਾਰੇ ਪਤਾ ਲੱਗਦਾ, ਅਸੀਂ ਸਭ ਖੋਹਕੇ ਪਛਤਾਉਂਦੇ ਹਾਂ ਤਾ ਜਰੂਰ ਯਾਦ ਕਰਦੇ ਹਾਂ ਕਿ ਕੋਈ ਰੋਕ ਦਿੰਦਾ, ਸਮਝਾ ਦਿੰਦਾ। ਇਹ ਸ਼ਬਦ ਮੈਂ ਇੱਕ ਜੇਲ੍ਹ ਅੰਦਰ ਕਿਸੇ ਸਮਾਗਮ ਸਮੇਂ ਕਹਿ ਰਿਹਾ ਸੀ ਕਿ ਇੱਕ 50 ਕੁ ਸਾਲਾ ਦਾ ਆਦਮੀ ਉੱਚੀ-ਉੱਚੀ ਰੋਣ ਲੱਗ ਪਿਆ। ਸਾਰਿਆਂ ਦਾ ਧਿਆਨ ਉਸ ਵੱਲ ਖਿਚਿਆ ਗਿਆ। ਮੇਰੀ ਅਪੀਲ ਤੇ ਉਸਨੂੰ ਸਟੇਜ਼ ਤੇ ਲਿਆਉਂਦਾ ਗਿਆ ਅਤੇ ਪਾਣੀ ਆਦਿ ਪਿਲਾਕੇ ਉਸਨੂੰ ਹੌਂਸਲਾ ਦਿੱਤਾ।
ਉਸ ਕੈਦੀ ਨੇ ਦੱਸਿਆ ਕਿ ਉਹ ਬਚਪਨ ਵਿੱਚ ਬੇਹੱਦ ਜਿੱਦੀ, ਆਕੜਬਾਜ, ਗੁੱਸੇ ਵਾਲਾ ਅਤੇ ਨਫਰਤ ਨਾਲ ਭਰਿਆ ਰਹਿੰਦਾ ਸੀ, ਉਹ ਆਪਣੀ ਹਰੇਕ ਮੰਗ ਆਕੜਕੇ, ਮਾਪਿਆਂ ਨੂੰ ਤੰਗ ਪ੍ਰੇਸ਼ਾਨ ਕਰਕੇ, ਲੜ੍ਹ ਝਗੜਕੇ, ਡਰਾਵਾ ਦੇ ਕੇ ਮਨਵਾ ਲੈਂਦਾ ਸੀ। ਚਾਹੇ ਮਾਤਾ ਪਿਤਾ ਸਧਾਰਨ ਮਿਹਨਤੀ ਮਜ਼ਦੂਰ ਸਨ ਪਰ ਉਹ ਮੇਰੀਆਂ ਖਾਹਿਸ ਤੰਗ ਪ੍ਰੇਸ਼ਾਨ ਹੋ ਕੇ ਵੀ ਪੂਰੀਆਂ ਕਰਦੇ ਰਹਿੰਦੇ। ਮੈਂ ਕਦੇ ਮਹਿਸੂਸ ਨਹੀਂ ਕੀਤਾ ਕਿ ਮੇਰੇ ਮਾਤਾ ਪਿਤਾ ਕਿਤਨੇ ਤੰਗ ਪ੍ਰੇਸ਼ਾਨ ਹੋ ਕੇ ਮੇਰੀਆਂ ਜਰੂਰਤਾਂ ਅਤੇ ਖਾਹਿਸਾਂ ਦੀ ਪੂਰਤੀ ਕਰਦੇ ਹਨ। ਵੱਡਾ ਹੋਇਆ ਤਾਂ ਮੈਂ ਇੱਕ ਫੈਕਟਰੀ ਵਿੱਚ ਨੌਕਰੀ ਲੱਗ ਗਿਆ। ਸ਼ਾਦੀ ਹੋ ਗਈ, ਇੱਕ ਬੇਟਾ ਵੀ ਹੋਇਆ ਪਰ ਮੇਰੀਆ ਆਦਤਾਂ ਕਰਕੇ ਮੇਰੀ ਪਤਨੀ ਨਾਲ ਝਗੜਾ ਹੋਣ ਲੱਗਾ, ਮੈਂ ਆਪਣੇ ਮਾਤਾ ਪਿਤਾ ਨੂੰ ਬਿਰਧ ਆਸ਼ਰਮ ਛੱਡ ਆਇਆ, ਮੇਰੀ ਪਤਨੀ ਬੇਹੱਦ ਚੰਗੀ ਸੀ, ਬੇਟਾ ਵੀ ਸੁੰਦਰ ਸੀ ਪਰ ਮੇਰੀਆ ਆਦਤਾਂ ਕਰਕੇ ਉਹ ਦੁੱਖੀ ਰਹਿੰਦੀ ਸੀ। ਜਦੋਂ ਮੈਂ ਬਿਮਾਰ ਹੋਇਆ ਤਾਂ ਮੈਂ ਹਸਪਤਾਲ ਅੰਦਰ ਦੇਖਦਾ ਸੀ ਕਿ ਮੇਰੇ ਮਾਤਾ ਪਿਤਾ ਜੀ ਅਕਸਰ ਉਥੇ ਹੀ ਪਾਰਕ ਵਿੱਚ ਇੱਕ ਬੈਂਚ ਤੇ ਬੈਠੇ ਰਹਿੰਦੇ ਉਥੇ ਹੀ ਸੋੋ ਜਾਇਆ ਕਰਦੇ ਸਨ ਮੇਰੀ ਪਤਨੀ ਅਤੇ ਦੋਸਤਾਂ ਨੇ ਮੇਰੀ ਮੱਦਦ ਕੀਤੀ ਅਤੇ ਮੈਂ ਘਰ ਆ ਗਿਆ। ਪਰ ਮੈਂ ਆਪਣੇ ਮਾਤਾ ਪਿਤਾ ਤੋਂ ਬਹੁਤ ਖਿੱਝਦਾ ਸੀ ਇਸ ਲਈ ਮੈਂ ਆਪਣੀ ਪਤਨੀ ਨੂੰ ਕਹਿ ਦਿੱਤਾ ਕਿ ਉਹ ਘਰ ਅੰਦਰ ਨਾ ਆਉਣ ਚਾਹੇ ਘਰ ਉਨ੍ਹਾਂ ਨੇ ਹੀ ਬਣਾਇਆ ਸੀ ਮਾਂ ਬਾਪ ਦੀ ਮਮਤਾ ਅੰਨੀ ਸੀ, ਉਹ ਘਰ ਤੋਂ ਦੂਰ ਹੀ ਦਿਖਦੇ ਸਨ।
ਮੈਂ ਨਸ਼ੇ ਕਰਕੇ ਆਪਣੀ ਪਤਨੀ ਨਾਲ ਲੜ੍ਹਦਾ ਰਹਿੰਦਾ ਸੀ ਅਤੇ ਇੱਕ ਦਿਨ ਮੈਂ ਉਸਦੇ ਸਿਰ ਤੇ ਇੱਟਾਂ ਮਾਰੀਆ, ਉਹ ਬੇਹੋਸ਼ ਹੋ ਗਈ ਮੈਂ ਜੇਲ੍ਹ ਚਲਾ ਗਿਆ, ਪਰ ਫੇਰ ਮੇਰੇ ਦੋਸਤਾਂ ਨੇ ਮੇਰੀ ਜਮਾਨਤ ਕਰਵਾ ਦਿੱਤੀ। ਮੈਂ ਦੇਖਿਆ ਕਿ ਜਦੋਂ ਮੈਂ ਜੇਲ੍ਹ ਵਿੱਚੋਂ ਬਾਹਰ ਆਇਆ ਤਾਂ ਮੇਰੇ ਮਾਤਾ ਪਿਤਾ ਵੀ ਇੱਕ ਕੋਨੇ ਵਿੱਚ ਬੈਠੇ ਦੇਖ ਰਹੇ ਸਨ ਪਰ ਮੈਂ ਉਨ੍ਹਾਂ ਨੂੰ ਨਫਰਤ ਕਰਦਾ ਸੀ,ਸੋ ਮੈਂ ਨਹੀਂ ਬੁਲਾਇਆ ਮੈਂ ਉਨ੍ਹਾਂ ਨੂੰ ਹੀ ਆਪਣੀ ਆਦਤ ਦਾ ਦੋਸ਼ੀ ਮੰਨਦਾ ਸੀ ਪਤਨੀ ਵੀ ਠੀਕ ਹੋ ਕੇ ਘਰ ਆ ਗਈ ਮੈਂ ਕਦੇ ਉਨ੍ਹਾਂ ਕੋਲ ਦਿੱਤੇ ਪਿਆਰ, ਹਮਦਰਦੀ, ਮਦਦ, ਬਾਰੇ ਸੋਚਿਆ ਸਮਝਿਆ ਹੀ ਨਹੀਂ ਸੀ।
ਮੈਨੂੰ ਸੁਨੇਹਾ ਮਿਲਿਆ ਕਿ ਮੇਰੀ ਮਾਂ ਮਰ ਗਈ ਪਰ ਮੈਂ ਸਮਸ਼ਾਨ ਨਹੀਂ ਗਿਆ, ਚਾਹੇ ਪਿਤਾ ਨੇ ਸੁਨੇਹਾ ਭੇਜਿਆ ਸੀ ਕਿ ਮਾਂ ਦੀ ਇੱਛਾ ਸੀ ਕਿ ਉਸਦੇ ਸਰੀਰ ਨੂੰ ਅਗਨੀ ਬੇਟੇ ਜਾਂ ਪੋਤਾ ਦੇਵੇ ਪਰ ਮੈਂ ਨਹੀਂ ਗਿਆ। ਫੇਰ ਮੇਰੇ ਹੱਥੋਂ ਇੱਕ ਆਦਮੀ ਦਾ ਕਤਲ ਹੋ ਗਿਆ ਤੇ ਮੈਂ 14 ਸਾਲਾ ਲਈ ਜੇਲ੍ਹ ਅੰਦਰ ਆ ਗਿਆ। ਉਸਨੇ ਦੱਸਿਆ ਉਸਦੇ ਪਿਤਾ ਦੀ ਮੌਤ ਤੇ ਵੀ ਉਹ ਨਹੀਂ ਗਿਆ ਸੀ। ਉਸਦੀ ਪਤਨੀ ਆਪਣੇ ਬੇਟੇ ਨੂੰ ਲੈ ਕੇ ਪਤਾ ਨਹੀਂ ਕਿਥੇ ਚਲੀ ਗਈ ਕਿਉਂਕਿ ਮਕਾਨ ਵੇਚਕੇ, ਮਰੇ ਇਨਸਾਨ ਦੀ ਪਤਨੀ ਨੂੰ ਕੋਰਟ ਵਲੋਂ ਮੁਆਫਜਾ ਦੇਣਾ ਸੀ।
ਫੇਰ ਉਸਨੇ ਰੌਂਦੇ ਹੋਏ ਦੱਸਿਆ ਕਿ ਉਸਦੀ ਜਮਾਨਤ ਤੇ ਇਲਾਜ ਹਿੱਤ ਉਸਦੇ ਮਾਤਾ ਪਿਤਾ ਨੇ ਹੀ ਪੈਸੇ ਦੋਸਤਾਂ ਨੂੰ ਦਿੱਤੇ ਸਨ, ਉਸਦੇ ਪਿਤਾ ਹੀ ਉਸਦੀ ਪਤਨੀ ਨੂੰ ਸਮਝਾਉਣ ਲਈ ਕਦੇ ਘਰ ਆਇਆ ਕਰਦੇ ਸਨ ਇਸੀ ਕਰਕੇ ਉਹ ਸਭ ਸਹਿਕੇ ਵੀ ਮੇਰੇ ਨਾਲ ਰਹਿੰਦੀ ਰਹੀ।
ਫੇਰ ਉਸਨੇ ਰੌਂਦੇ ਹੋਏ ਕਿਹਾ ਕਿ ਕਾਸ ਉਹ ਮਾਪਿਆਂ ਦਾ ਪਿਆਰ, ਸਮਝ ਸਕਦਾ ਮਾਪਿਆਂ ਵਲੋਂ ਉਸਨੂੰ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਜੋ ਰਹੇ ਹਨ ਉਹ ਉਨ੍ਹਾਂ ਦਾ ਫਰਜ ਮਜ਼ਬੂਰੀ ਤੇ ਪਿਆਰ ਹੈ ਕਿਉਂਕਿ ਬੱਚੇ ਤਾਂ ਮਾਤਾ ਪਿਤਾ ਤੋਂ ਹਰੇਕ ਚੀਜ ਜਿੱਦ ਕਰਕੇ ਲੈਂਦੇ ਪਰ ਮਾਪੇ ਬੱਚਿਆਂ ਨੂੰ ਮਹਿਸੂਸ ਹੀ ਨਹੀਂ ਕਰਵਾਉਂਦੇ ਤੇ ਫੇਰ ਉਹ ਉਠਕੇ ਆਪਣੀ ਬੈਠਕ ਵਲ ਚੱਲ ਪਿਆ। ਸਾਡੀਆਂ ਅੱਖਾਂ ਵੀ ਗਿਲੀਆਂ ਸਨ ਪਤਾ ਲਗਾ ਕਿ ਅਗਲੇ ਮਹੀਨੇ ਉਸਨੇ ਜੇਲ੍ਹ ਤੋਂ ਛੁੱਟ ਜਾਣਾ ਹੈ ਪਰ ਇਸ ਸੰਸਾਰ ਵਿੱਚ ਉਸਦਾ ਕੁਝ ਵੀ ਨਹੀਂ ਹੈ, ਜੋ ਸੰਸਾਰ ਅੰਦਰ ਆਪਣੇ ਮਿਲੇ ਸਨ, ਉਸਨੇ ਆਪਣੀ ਆਕੜ, ਜਿੱਦ, ਹੰਕਾਰ ਕਰਕੇ ਆਪੇ ਤਬਾਹ ਬਰਬਾਦ ਕਰ ਦਿੱਤੇ, ਆਪ ਵੀ ਬੇਹੱਦ ਦੁੱਖੀ ਤੇ ਪ੍ਰੇਸ਼ਾਨ ਰਿਹਾ ਅਤੇ ਆਪਣਿਆਂ ਨੂੰ ਵੀ ਤੰਗ ਪ੍ਰੇਸ਼ਾਨ ਹੀ ਕਰਦਾ ਰਿਹਾ।
ਕਾਸ ਬੱਚਿਆਂ ਨੂੰ ਅੱਜ ਦੇ ਸਮੇਂ ਵਿੱਚ ਮਾਪੇ ਮਹਿਸੂਸ ਕਰਵਾਉਣ ਤੇ ਬੱਚੇ ਸਮਝਣ ਕਿ ਸਭ ਕੁਝ ਪ੍ਰਾਪਤ ਹੋਣ ਮਗਰੋਂ ਵੀ ਆਪਣਿਆ ਨੂੰ ਆਪਣਾ ਨਾ ਸਮਝਣ ਕਿਤਨੀ ਵੱਡੀ ਗਲਤੀ ਹੈ ਤੇ ਫੇਰ ਪਛਤਾਵਾ ਹੀ ਹੁੰਦਾ ਹੈ, ਮਾਫੀ ਮੰਗਣ ਦਾ ਅਵਸਰ ਵੀ ਨਹੀਂ ਮਿਲਦਾ।
ਕਾਕਾ ਰਾਮ ਵਰਮਾ
ਪਟਿਆਲਾ
ਮੋ: 9878611620

Share This :

Leave a Reply