ਅੰਮ੍ਰਿਤਸਰ (ਮੀਡੀਆ ਬਿਊਰੋ ) ਜੰਮੂ-ਕਸ਼ਮੀਰ ਦੇ ਵਸਨੀਕ ਜੋ ਕਿ ਕੋਵਿਡ 19 ਦੇ ਚੱਲਦੇ ਲਾਕ ਡਾਊਨ ਕਾਰਨ ਅੰਮ੍ਰਿਤਸਰ ਵਿਚ ਫਸ ਗਏ ਹਨ, ਨੂੰ ਰਹਿਣ-ਸਹਿਣ ਤੇ ਖਾਣ-ਪੀਣ ਦੀ ਸਹੂਲਤ ਦੇਣ ਲਈ ਜਿਲਾ ਮੈਜਿਸਟਰੇਟ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਸ਼ਹਿਰ ਵਿਚ ਸਥਿਤ ਜੰਮੂ-ਕਸ਼ਮੀਰ ਸਰਕਾਰ ਦੇ ਗੈਸਟ ਹਾਊਸ ਨੂੰ ਪਨਾਹ ਘਰ ਐਲਾਨ ਦਿੱਤਾ ਹੈ।
ਜਾਰੀ ਕੀਤੇ ਹੁਕਮਾਂ ਵਿਚ ਉਨਾਂ ਦੱਸਿਆ ਕਿ ਮੇਰੇ ਧਿਆਨ ਵਿਚ ਆਇਆ ਹੈ ਕਿ ਜੰਮੂ-ਕਸ਼ਮੀਰ ਦੇ ਕਰੀਬ 50 ਲੋਕ, ਜੋ ਕਿ ਸ਼ਹਿਰ ਵਿਚ ਫਸ ਗਏ ਹਨ ਅਤੇ ਆਪਣੇ ਘਰ ਜਾਣ ਲਈ ਜ਼ਿਲਾ ਪ੍ਰਸ਼ਾਸ਼ਨ ਤੱਕ ਪਹੁੰਚ ਕਰ ਰਹੇ ਹਨ। ਉਨਾਂ ਦੱਸਿਆ ਕਿ ਦੂਸਰੇ ਪਾਸੇ ਜੰਮੂ-ਕਸ਼ਮੀਰ ਸਰਕਾਰ ਨੇ ਕੋਵਿਡ 19 ਦੇ ਚੱਲਦੇ ਆਪਣੀਆਂ ਹੱਦਾਂ ਸੀਲ ਕੀਤੀਆਂ ਹੋਈਆਂ ਹਨ ਅਤੇ ਉਹ ਕਿਸੇ ਨੂੰ ਵੀ ਰਾਜ ਵਿਚ ਆਉਣ ਦੀ ਆਗਿਆ ਨਹੀਂ ਦੇ ਰਹੀ। ਉਨਾਂ ਕਿਹਾ ਕ ਅਜਿਹੇ ਹਲਾਤ ਨੂੰ ਧਿਆਨ ਵਿਚ ਰੱਖਦੇ ਹੋਏ ਜੰਮੂ-ਕਸ਼ਮੀਰ ਸਰਕਾਰ ਦੇ ਸ਼ਹਿਰ ਵਿਚ ਸਥਿਤ ਗੈਸਟ ਹਾਊਸ ਨੂੰ ਉਕਤ ਰਾਜ ਦੇ ਵਾਸੀਆਂ ਲਈ ਪਨਾਹ ਘਰ ਐਲਾਨਿਆ ਜਾਂਦਾ ਹੈ ਅਤੇ ਗੈਸਟ ਹਾਊਸ ਦੇ ਇੰਚਾਰਜ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਉਹ ਇੰਨਾਂ ਲਈ ਰਹਿਣ-ਸਹਿਣ ਤੇ ਖਾਣ-ਪੀਣ ਦਾ ਪ੍ਰਬੰਧ ਕਰਨਾ ਯਕੀਨੀ ਬਨਾਉਣ।