50 ਟੀਮਾਂ ਵੱਲੋਂ ਘਰ-ਘਰ ਜੇ ਕੇ ਕੀਤੀ ਜਾਵੇਗੀ ਸਿਹਤ ਦੀ ਜਾਂਚ
ਅੰਮ੍ਰਿਤਸਰ ( ਏ-ਆਰ. ਆਰ. ਐੱਸ. ਸੰਧੂ ) ਅੰਮ੍ਰਿਤਸਰ ਸ਼ਹਿਰ ਵਿਚੋਂ ਕੋਰੋਨਾ ਵਾਇਰਸ ਦੇ ਖਾਤਮੇ ਲਈ ਜਿਲਾ ਅੰਮ੍ਰਿਤਸਰ ਪ੍ਰਸ਼ਾਸਨ ਨੇ ਸ਼ਹਿਰ ਦੇ ਉਹ ਇਲਾਕੇ, ਜੋ ਕੋਰੋਨਾ ਦੇ ਫੈਲਾਅ ਸਬੰਧੀ ਸੰਵੇਦਨਸ਼ੀਲ ਸਮਝੇ ਜਾਂਦੇ ਹਨ, ਵਿਚ ਟੀਮਾਂ ਭੇਜ ਕੇ ਸ਼ਹਿਰ ਵਾਸੀਆਂ ਦੀ ਸਿਹਤ ਦੀ ਜਾਂਚ ਕਰਵਾਉਣ ਦੀ ਮੁੱਢਲੀ ਤਿਆਰੀ ਕਰ ਲਈ ਹੈ ਅਤੇ ਕੱਲ ਤੋਂ ਇਹ ਟੀਮਾਂ ਘਰਾਂ ਵਿਚ ਜਾ ਕੇ ਹਰੇਕ ਵਾਸੀ ਦੀ ਸਿਹਤ ਦਾ ਪਤਾ ਲਗਾਉਣਗੀਆਂ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਦੀ ਪਹਿਲ ਉਤੇ ਅੱਜ ਰੈਡ ਕਰਾਸ ਵੱਲੋਂ ਇਸ ਜਾਂਚ ਲਈ ਪਹਿਲੇ ਪੜਾਅ ਵਿਚ ਚੁਣੇ ਗਏ ਇਲਾਕਿਆਂ ਲਈ ਜਾਣ ਵਾਲੀਆਂ 50 ਟੀਮਾਂ ਨੂੰ ਜਾਂਚ ਵਿਚ ਵਰਤੋਂ ਆਉਣ ਵਾਲਾ ਜ਼ਰੂਰੀ ਸਮਾਨ, ਜਿਸ ਵਿਚ ਮਾਸਕ, ਦਸਤਾਨੇ, ਸੈਨੇਟਾਇਜ਼ਰ ਅਤੇ ਪੀ. ਪੀ. ਈ. ਕਿੱਟਾਂ ਸ਼ਾਮਿਲ ਸਨ, ਦੇ ਦਿੱਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ ਨੇ ਟੀਮਾਂ ਨੂੰ ਸਮਾਨ ਸੁਪਰਦ ਕਰਦੇ ਵਕਤ ਕਿਹਾ ਕਿ ਸਮੁੱਚਾ ਜਿਲਾ ਪ੍ਰਸ਼ਾਸਨ, ਪੁਲਿਸ, ਸਿਹਤ ਵਿਭਾਗ ਅਤੇ ਮਿਉਂਸੀਪਲ ਕਾਰਪੋਰੇਸ਼ਨ ਤੁਹਾਡੇ ਨਾਲ ਹਨ ਅਤੇ ਤੁਹਾਡੇ ਵੱਲੋਂ ਸੱਚੇ ਦਿਲੋਂ ਅਤੇ ਨੇਕ ਨੀਅਤ ਨਾਲ ਕੀਤਾ ਗਿਆ ਇਹ ਕੰਮ ਸ਼ਹਿਰ ਵਿਚੋਂ ਕੋਰੋਨਾ ਦਾ ਫੈਲਾਅ ਰੋਕ ਦੇਵੇਗਾ। ਸ੍ਰੀ ਹਿਮਾਸ਼ੂੰ ਨੇ ਕਿਹਾ ਕਿ ਸਭ ਤੋਂ ਪਹਿਲੇ ਗੇੜ ਵਿਚ ਅਸੀਂ ਕਾਂਗੜਾ ਕਾਲੋਨੀ, ਅਮਰਕੋਟ, ਸੁੰਦਰ ਨਗਰ, ਅੰਤਰਯਾਮੀ ਕਾਲੋਨੀ, ਗੋਲਡਨ ਐਵੀਨਿਊ ਦੇ ਇਲਾਕੇ ਦੀ ਚੋਣ ਕੀਤੀ ਹੈ ਅਤੇ ਇਨਾਂ ਕਾਲੋਨੀਆਂ ਵਿਚ ਪੈਂਦੇ ਲਗਭਗ 11000 ਘਰਾਂ ਦਾ ਸਰਵੈ ਤਿੰਨ ਦਿਨਾ ਵਿਚ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨਾਂ ਕਿਹਾ ਕਿ ਉਕਤ ਇਲਾਕੇ ਦੇ ਹਰੇਕ ਵਾਸੀ ਦੀ ਸਿਹਤ ਦੀ ਜਾਂਚ ਕਰਨ ਦੇ ਨਾਲ-ਨਾਲ ਉਨਾਂ ਦੀ ਟਰੈਵਲ ਹਿਸਟਰੀ ਜਾਂ ਉਹ ਇਨਾਂ ਦਿਨਾਂ ਦੌਰਾਨ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿਚ ਤਾਂ ਨਹੀਂ ਆਏ, ਦਾ ਪਤਾ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕਿਧਰੇ ਸ਼ੱਕੀ ਮਰੀਜ਼ ਮਿਲਦਾ ਹੈ ਤਾਂ ਤੁਰੰਤ ਰੈਪਿਡ ਐਕਸ਼ਨ ਟੀਮ ਉਥੇ ਜਾ ਕੇ ਮਰੀਜ਼ ਨੂੰ ਟੈਸਟ ਲਈ ਲੈ ਜਾਵੇਗੀ ਅਤੇ ਉਸ ਪਰਿਵਾਰ ਨੂੰ ਦੂਸਰੇ ਘਰਾਂ ਨਾਲੋਂ ਵੱਖ ਰਹਿਣ ਲਈ ਹਦਾਇਤ ਕਰ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਸ ਸਰਵੈ ਦਾ ਸਭ ਤੋਂ ਵੱਡਾ ਲਾਭ ਇਹ ਹੋਵੇਗਾ ਕਿ ਇਸ ਨਾਲ ਕੋਰੋਨਾ ਪੀੜਤ ਵਿਅਕਤੀ ਦਾ ਇਲਾਜ ਬਿਮਾਰੀ ਦੇ ਪਹਿਲੇ ਪੜਾਅ ਵਿਚ ਹੀ ਹੋ ਜਾਵੇਗਾ ਅਤੇ ਦੂਸਰਾ ਬਿਮਾਰੀ ਨੂੰ ਅੱਗੇ ਫੈਲਣ ਦਾ ਮੌਕਾ ਨਹੀਂ ਮਿਲੇਗਾ। ਉਨਾਂ ਕਿਹਾ ਕਿ ਇਸ ਤੋਂ ਬਾਅਦ ਸ਼ਹਿਰ ਦੇ ਹੋਰ ਇਲਾਕੇ ਜਿੱਥੇ ਪਹਿਲਾਂ ਸਰਵੈ ਦੀ ਲੋੜ ਮਹਿਸੂਸ ਹੋਵੇਗੀ, ਵਿਖੇ ਟੀਮਾਂ ਭੇਜੀਆਂ ਜਾਣਗੀਆਂ ਅਤੇ ਇਹ ਕੰਮ ਵਾਇਰਸ ਦੇ ਖਾਤਮੇ ਤੱਕ ਜਾਰੀ ਰਹੇਗਾ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ, ਸ. ਅੰਕੁਰਜੀਤ ਸਿੰਘ ਸਹਾਇਕ ਕਮਿਸ਼ਨਰ ਵੀ ਹਾਜ਼ਰ ਸਨ।