ਅੰਮ੍ਰਿਤਸਰ (ਏ-ਆਰ. ਆਰ. ਐੱਸ. ਸੰਧੂ) ਕਰਫਿਊ ਦੇ ਦਿਨ ਤੋਂ ਹੀ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਜਿਲੇ ਵਿਚ ਲੋਕਾਂ ਦੀਆਂ ਮੁਸ਼ਿਕਲਾਂ ਸੁਣਨ ਤੇ ਉਨਾਂ ਦਾ ਹੱਲ ਕਰਨ ਲਈ ਬਣਾਏ ਗਏ ਕੰਟਰੋਲ ਰੂਮ ਵਿਚ ਅਜੇ ਵੀ ਹਜ਼ਾਰ ਤੋਂ ਵੱਧ ਲੋਕ ਫੋਨ ਕਰਕੇ ਸਹਾਇਤਾ ਪ੍ਰਾਪਤ ਕਰ ਰਹੇ ਹਨ। ਕੰਟਰੋਲ ਰੂਮ 24 ਘੰਟੇ ਤਿੰਨ ਸਿਫਟਾਂ ਵਿਚ ਚੱਲਦਾ ਹੈ ਅਤੇ ਇਕ ਸਮੇਂ 5 ਕਰਮਚਾਰੀ ਇੱਥੇ ਆਏ ਫੋਨ ਸੁਣਦੇ ਤੇ ਉਨਾਂ ਦਾ ਨਿਪਟਾਰਾ ਕਰਦੇ ਹਨ। ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਇਸ ਦੇ ਨੋਡਲ ਅਧਿਕਾਰੀ ਵਜੋਂ ਕੰਮ ਕਰਦੇ ਹਨ, ਪਰ ਰੋਜ਼ਾਨਾ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਵੀ ਇੱਥੇ ਲਗਾਈ ਜਾਂਦੀ ਹੈ।
ਅੱਜ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਇਸ ਕੰਟਰੋਲ ਰੂਮ ਵਿਚ ਬੈਠ ਕੇ ਲੋਕਾਂ ਦੇ ਫੋਨ ਸੁਣਦੇ ਰਹੇ। ਉਨਾਂ ਦੱਸਿਆ ਕਿ ਸਾਡੇ ਕੋਲ ਆਉਂਦੇ ਬਹੁਤੇ ਫੋਨ ਰਾਸ਼ਨ, ਦਵਾਈਆਂ, ਕਰਫਿਊ ਪਾਸ ਤੇ ਹੋਰ ਨਿਤ ਲੋੜੀਦੀਆਂ ਵਸਤਾਂ ਬਾਰੇ ਆਉਂਦੇ ਹਨ। ਇੱਥੇ ਆਇਆ ਹਰੇਕ ਫੋਨ ਰਜਿਸਟਰ ਉਤੇ ਦਰਜ ਕੀਤਾ ਜਾਂਦਾ ਹੈ ਅਤੇ ਅੱਗੋਂ ਇਸ ਫੋਨ ਉਤੇ ਪ੍ਰਾਪਤ ਹੋਈ ਕੰਮ ਨੂੰ ਸਬੰਧਤ ਇਲਾਕੇ ਦੇ ਐਸ ਡੀ ਐਮ ਨੂੰ ਭੇਜ ਦਿੱਤਾ ਜਾਂਦਾ ਹੈ, ਜੋ ਕਿ ਉਸ ਦੀ ਜ਼ਰੂਰਤ ਪੂਰੀ ਕਰਦੇ ਹਨ। ਡਾ. ਅਗਰਵਾਲ ਨੇ ਦੱਸਿਆ ਕਿ ਭਾਵੇਂ ਬਹੁਤੇ ਲੋੜਵੰਦ ਲੋਕ ਹੀ ਫੋਨ ਕਰਦੇ ਹਨ, ਪਰ ਕਈ ਵਾਰ ਅਜਿਹੇ ਲੋਕ ਵੀ ਰਾਸ਼ਨ ਆਦਿ ਲਈ ਫੋਨ ਕਰਦੇ ਹਨ, ਜੋ ਆਰਥਿਕ ਤੌਰ ਉਤੇ ਪੂਰੀ ਤਰਾਂ ਸਮਰੱਥ ਹੁੰਦੇ ਹਨ। ਇੰਨਾ ਕੇਸਾਂ ਵਿਚ ਵੀ ਸਾਨੂੰ ਪਤਾ ਉਦੋਂ ਹੀ ਲੱਗਦਾ ਹੈ ਜਦੋਂ ਐਸ ਡੀ ਐਮ ਦੀ ਟੀਮ ਮੌਕੇ ਉਤੇ ਪਹੁੰਚ ਜਾਂਦੀ ਹੈ। ਉਨਾਂ ਕਿਹਾ ਕਿ ਜਿਨਾਂ ਲੋੜਵੰਦਾਂ ਨੂੰ ਪਹਿਲਾਂ ਹੀ ਸਰਕਾਰ ਜਾਂ ਐਨ.ਜੀ.ਓ. ਵਲੋਂ ਰਾਸ਼ਨ ਮੁਹੱਈਆ ਹੋ ਚੁੱਕਾ ਹੈ, ਉਹ ਫੋਨ ਨਾ ਕਰਨ। ਉਨਾਂ ਕਿਹਾ ਕਿ ਇਸ ਮੁਸ਼ਕਿਲ ਘੱੜੀ ਵਿੱਚ ਸਭ ਲੋਕਾਂ ਨੂੰ ਪ੍ਰਸ਼ਾਸ਼ਨ ਦਾ ਸਾਥ ਦੇਣਾ ਚਾਹੀਦਾ ਹੈ। ਡਾ. ਅਗਰਵਾਲ ਨੇ ਅਪੀਲ ਕੀਤੀ ਕਿ ਇੱਥੋਂ ਰਾਸ਼ਨ ਆਦਿ ਦੀ ਲੋੜ ਕੇਵਲ ਉਸ ਵਿਅਕਤੀ ਦੀ ਹੀ ਪੂਰੀ ਕੀਤੀ ਜਾਂਦੀ ਹੈ, ਜਿਸ ਨੂੰ ਸਹੀ ਅਰਥਾਂ ਵਿਚ ਲੋੜ ਹੁੰਦੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਰਾਜ ਸਰਕਾਰ ਵੱਲੋਂ ਬਣਾਏ ਕੰਟਰੋਲ ਰੂਮ ਤੋਂ ਵੀ ਕਈ ਲੋੜਾਂ ਸਾਨੂੰ ਇੱਥੇ ਭੇਜੀਆਂ ਜਾਂਦੀਆਂ ਹਨ, ਜਿੰਨਾ ਦਾ ਹੱਲ 24 ਘੰਟੇ ਤੋਂ ਪਹਿਲਾਂ-ਪਹਿਲਾਂ ਕੀਤਾ ਜਾ ਰਿਹਾ ਹੈ। ਉਨਾਂ ਅਪੀਲ ਕੀਤੀ ਕਿ ਇਹ ਕੰਟਰੋਲ ਰੂਮ ਜਿਸ ਦੇ ਫੋਨ ਨੰਬਰ 0183-2500398, 2500498, 2500598, 2500698 ਅਤੇ 2500798 ਹਨ, ਤੁਹਾਡੀ ਸਹਾਇਤਾ ਲਈ ਕੰਮ ਕਰਦੇ ਹਨ, ਪਰ ਇੱਥੇ ਕੇਵਲ ਲੋੜਵੰਦ ਆਦਮੀ ਹੀ ਫੋਨ ਕਰੇ, ਤਾਂ ਕਿ ਸਾਡੀ ਟੀਮਾਂ ਦਾ ਸਮਾਂ ਬਰਬਾਦ ਨਾ ਹੋਵੇ। ਉਨਾਂ ਕਿਹਾ ਕਿ ਜਿਹੜੇ ਲੋਕ ਬਿਨਾਂ ਲੋੜ ਤੋਂ ਰਾਸ਼ਨ ਲੈਣ ਲਈ ਫੋਨ ਕਰਦੇ ਹਨ ਉਨਾਂ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।
ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਨੇ ਦੱਸਿਆ ਕਿ ਅੱਜ ਸਾਡੀਆਂ ਟੀਮਾਂ ਵੱਲੋਂ ਜਿਲੇ ਭਰ ਵਿਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ 85 ਹਜ਼ਾਰ ਲੋਕਾਂ ਨੂੰ ਲੰਗਰ ਅਤੇ 5500 ਲੋਕਾਂ ਨੂੰ ਸੁੱਕੇ ਰਾਸ਼ਨ ਵੰਡਿਆ ਗਿਆ ਹੈ।