ਬਰਨਾਲਾ (ਬਲਵੰਤ ਸਿੰਘ ਸਿੱਧੂ) ਸਥਾਨਕ ਸੇਖਾ ਰੋਡ ਤੇ ਸਥਿਤ ਇੱਕ ਫਰਮ ਵਿਖੇ ਸਿਹਤ ਵਿਭਾਗ ਨੇ ਛਾਪਾਮਾਰੀ ਕਰਕੇ ਭਾਰੀ ਮਾਤਰਾ ‘ਚ ਤਿਆਰ ਕੀਤੇ ਜਾ ਰਹੇ ਨਕਲੀ ਸੈਨਾਟਾਈਜਰ ਦੇ 120 ਡਿੱਬੇ ਪਕੜੇ ਸਨ। ਪਰ ਘਟਨਾ ਬੀਤੀ ਨੂੰ ਅੱਠ ਦਿਨ ਹੋ ਗਏ ਹਨ। ਲੋਕਾਂ ਨੂੰ ਬਿਨਾਂ ਲਾਇਸੰਸ ਤੋ ਨਕਲੀ ਸੈਨਾਟਾਈਜ਼ਰ ਤਿਆਰ ਕਰਕੇ ਵੇਚ ਕੇ ਲੱਖਾਂ ਕਰੋੜਾਂ ਰੁਪਏ ਅੰਦਰ ਕਰਨ ਵਾਲੇ ਫਰਮ ਦੇ ਮਾਲਿਕ ਖਿਲਾਫ ਸਿਵਲ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਨੇ ਕੋਈ ਕਾਰਵਾਈ ਨਹੀ ਕੀਤੀ, ਜਦੋ ਕਿ ਮੋਕੇ ਤੋਂ 120 ਕੈਨੀਆਂ ਭਰੀਆਂ ਹੋਈਆਂ ਨਕਲੀ ਸੈਨਾਟਾਈਜ਼ਰ ਦੀ ਫੜੀਆਂ ਗਈਆਂ ਸਨ।
ਜਿਸ ਕਾਰਣ ਜਿਲਾ ਪ੍ਰਸ਼ਾਸ਼ਨ ਦੀ ਕਾਰਵਾਈ ਤੇ ਲੋਕ ਉੰਗਲ ਉਠਾ ਰਹੇ ਹਨ। ਦੂਜੇ ਪਾਸੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦੀਆਂ ਹਦਾਇਤਾਂ ਉਤੇ ਸਥਾਨਕ ਨਾਮਵਰ ਫਰਮ ਸੀ ਐਮ, ਪਿਆਰੇ ਲਾਲ ਵਿਖੇ ਤਹਿਸੀਲਦਾਰ ਗੁਰਮੁਖ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਛਾਪਾਮਾਰੀ ਕਰ ਇਸ ਫਰਮ ਨੂੰ 10 ਹਜਾਰ ਰੁਪਏ ਜੁਰਮਾਨਾ ਕਰ ਦਿੱਤਾ। ਡੀ.ਸੀ. ਫੂਲਕਾ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਸੀ ਕਿ ਇਹ ਫਰਮ ਸੈਨਾਟਾਈਜਰ ਤੈਅ ਕੀਤੇ ਰੇਟ ਤੋ ਵੱਧ ਰੇਟ ਵਿੱਚ ਵੇਚ ਰਹੀ ਹੈ, ਜਦੋਂ ਟੀਮ ਨੇ ਜਾਕੇ ਇਸ ਫਰਮ ਤੋ ਸੈਨਾਟਾਈਜ਼ਰ ਖਰੀਦਿਆ ਤਾਂ ਇਸ ਫਰਮ ਨੇ ਕੇਂਦਰ ਸਰਕਾਰ ਵੱਲੋ ਜਾਰੀ ਨੋਟੀਫਿਕੇਸ਼ਨ ਵਿੱਚ ਤੈਅ ਕੀਤੇ ਰੇਟ ਤੋ ਸੈਨਾਟਾਈਜਰ ਦਾ ਰੇਟ ਵੱਧ ਲਗਾਇਆ ਜਿਸ ਕਰਕੇ ਇਸ ਫਰਮ ਨੂੰ ਜੁਰਮਾਨਾ ਕੀਤਾ ਗਿਆ ਹੈ। ਜਦ ਕਿ ਸੀ.ਐਮ,ਪਿਆਰੇ ਲਾਲ ਫਰਮ ਦੇ ਮਾਲਕ ਵਿੱਕੀ ਕੁਮਾਰ ਨੇ ਦੱਸਿਆ ਕਿ ਉਹ ਬਰੈਂਡਡ ਕੰਪਨੀ ਦਾ ਸੈਨਾਟਾਈਜਰ ਵੇਚਦੇ ਹਨ, ਜਿਸਦੇ ਉਨਾਂ ਪਾਸ ਪੱਕੇ ਬਿਲ ਹਨ। ਉਨਾਂ ਛਾਪਾ ਮਾਰਨ ਆਈ ਟੀਮ ਨੂੰ ਸਾਰਾ ਰਿਕਾਰਡ, ਪੱਕੇ ਬਿਲ ਦਿਖਾਏ ਤੇ ਕਿਹਾ ਕਿ ਇਹ ਰਜਿਸਟਰਡ ਕੰਪਨੀਆਂ ਦਾ ਬਰੈਂਡਡ ਸੈਨਾਟਾਈਜਰ ਹੈ ਤੇ ਟੀਮ ਨੂੰ 228 ਰੁਪਏ ਵਾਲੀ ਸੈਨਾਟਾਈਜਰ ਦੀ ਸੀਸੀ ਮੁੱਲ ਘਟਾਕੇ 210 ਰੁਪਏ ਦੀ ਲਗਾਈ ਪਰ ਫੇਰ ਵੀ ਟੀਮ ਨੇ ਉਨਾਂ ਨਾਲ ਧੱਕੇਸ਼ਾਹੀ ਕਰਦੇ ਹੋਏ ਉਨਾਂ ਦੀ ਫਰਮ ਨੂੰ ਗਲਤ ਢੰਗ ਅਪਣਾਂਓਦੇ ਹੋਏ 10 ਹਜਾਰ ਰੁਪਏ ਜੁਰਮਾਨਾ ਕਰ ਦਿੱਤਾ। ਵਿਓਪਾਰ ਮਹਾ ਸੰਘ ਪੰਜਾਬ ਦੇ ਪ੍ਰਧਾਨ ਲਲਿਤ ਮਹਾਜਨ ਨੇ ਕਿਹਾ ਕਿ ਇਹ ਸਰਾਸਰ ਧੱਕੇਸ਼ਾਹੀ ਹੈ, ਉਨਾਂ ਕਿਹਾ ਕਿ ਬਰਨਾਲਾ ਦੀ ਇੱਕ ਫਰਮ ਦਾ ਵਿਓਪਾਰੀ ਨਕਲੀ ਸੈਨਾਟਾਈਜਰ ਬਣਾਕੇ ਪੂਰੇ ਜਿਲੇ ਤੇ ਪੰਜਾਬ ਵਿਚ ਸਪਲਾਈ ਕਰਕੇ ਲੱਖਾਂ ਕਰੋੜਾਂ ਰੁਪਏ ਇਕੱਠੇ ਕਰ ਗਿਆ ਪਰ ਸਬੰਧਤ ਅਧਿਕਾਰੀ ਉਸਦੇ ਖਿਲਾਫ ਅੱਠ ਦਿਨ ਬੀਤ ਜਾਣ ਤੇ ਵੀ ਕੋਈ ਐਫ ਆਈ ਆਰ ਦਰਜ ਨਹੀ ਕਰਵਾ ਸਕੇ, ਜਦ ਕਿ ਇਹ ਸਾਰਾ ਮਾਮਲਾ ਜਿਲੇ ਦੇ ਸਮੂਹ ਅਧਿਕਾਰੀਆਂ ਦੇ ਧਿਆਨ ਵਿੱਚ ਹੈ। ਉਨਾਂ ਕਿਹਾ ਕਿ ਇੱਕ ਪਾਸੇ ਬਰੈਂਡਡ ਸੈਨਾਟਾਈਜ਼ ਸਹੀ ਭਾਅ ਤੇ ਵੇਚਣ ਵਾਲੇ ਨੂੰ ਜੁਰਮਾਨਾ ਕਰ ਦਿੱਤਾ ਗਿਆ ਜਦ ਕਿ ਦੂਸਰੇ ਪਾਸੇ ਨਕਲੀ ਸੈਨਾਟਾਈਜਰ ਤਿਆਰ ਕਰਨ ਵਾਲੇ ਖਿਲਾਫ ਸਬੰਧਤ ਅਧਿਕਾਰੀ ਕਾਰਵਾਈ ਕਰਨ ਦੀ ਹਿੱਮਤ ਨਹੀ ਕਰ ਰਹੇ, ਜਿਸਤੋ ਸਪੱਸ਼ਟ ਹੈ ਕਿ ਦਾਲ ਚ ਕੋਕੜੂ ਨਹੀ ਬਲਕਿ ਸਾਰੀ ਦਾਲ ਹੀ ਕਾਲੀ ਹੈ। ਉਨਾਂ ਕਿਹਾ ਕਿ ਪ੍ਰਸ਼ਾਸ਼ਨ ਨੇ ਸਿੱਧ ਕਰ ਦਿੱਤਾ ਕਿ ਤਕੜੇ ਦਾ ਸੱਤੀਂ ਵੀਹੀ ਸੌ ਹੁੰਦਾ ਹੈ। ਉਨਾਂ ਦੱਸਿਆ ਕਿ ਜਿਸ ਫਰਮ ਸੀ ਐਮ,ਪਿਆਰੇ ਲਾਲ ਨੂੰ ਜੁਰਮਾਨਾ ਕੀਤਾ ਗਿਆ ਹੈ, ਇਹ ਉਹ ਫਰਮ ਹੈ ਜਿਸਨੇ ਪੁਲਿਸ ਪ੍ਰਸ਼ਾਸ਼ਨ ਨੂੰ ਲੋਕਾਂ ਚ ਵੰਡਣ ਲਈ ਨਾ ਲਾਭ ਨਾ ਘਾਟੇ ਤੇ ਸਾਬਣਾਂ ਖਰੀਦ ਕੇ ਦਿੱਤੀਆਂ ਅਤੇ ਕੁੱਝ ਰੁਪਏ ਪੱਲਿਓ ਵੀ ਪਾਏ। ਪਰ ਇਸਦਾ ਖਮਿਆਜਾ ਇਸ ਫਰਮ ਨੂੰ ਜੁਰਮਾਨੇ ਨਾਲ ਭੁਗਤਣਾ ਪਿਆ। ਚਰਚਾ ਇਹ ਵੀ ਹੈ ਕਿ ਦੋ ਅਧਿਕਾਰੀਆਂ ਦੀ ਆਪਸੀ ਖਿੱਚੋਤਾਣ ਕਾਰਣ ਕਿਤੇ ਇਹ ਫਰਮ ਟਾਰਗੈਟ ਨਾ ਬਣ ਗਈ ਹੋਵੇ। ਉਨਾਂ ਕਿਹਾ ਕਿ ਦੇਖੋ ਜਿਲਾ ਪ੍ਰਸ਼ਾਸ਼ਨ ਦਾ ਇਨਸਾਫ, ਬਰੈਂਡਡ ਸੈਨਾਟਾਈਜਰ ਵਾਲੇ ਨੂੰ ਜੁਰਮਾਨਾ,ਨਕਲੀ ਸੈਨਾਟਾਈਜਰ ਤਿਆਰ ਕਰਨ ਵਾਲੇ ਨੂੰ ਕੀਤਾ ਮੁਆਫ।