ਅਮਰੀਕਾ ਹਰ ਹਾਲਤ ਵਿਚ ਮੁੜ ਖੁਲੇਗਾ-ਰਾਸ਼ਟਰਪਤੀ ਟਰੰਪ

ਅਮਰੀਕਾ ਵਿਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ 90000 ਤੋਂ ਪਾਰ, ਮਰੀਜ਼ਾਂ ਦੀ ਗਿਣਤੀ 15 ਲੱਖ ਤੋਂ ਟੱਪੀ

ਮਹਿਫਲਾਂ ਸਜਾਉਣ ਵਾਲਿਆਂ ਨੂੰ ਹੋਵੇਗਾ ਜਿਆਦਾ ਖਤਰਾ-ਮਾਹਿਰ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਨਿਰੰਤਰ ਹੋ ਰਹੀਆਂ ਮੌਤਾਂ ਤੇ ਵਧ ਰਹੀ ਕੋਰੋਨਾ ਪੀੜਤਾਂ ਦੀ ਗਿਣਤੀ ਦੇ ਦਰਮਿਆਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਵੈਕਸੀਨ ਹੋਵੇ ਜਾਂ ਨਾ ਹੋਵੇ, ਅਮਰੀਕਾ ਮੁੜ ਖੁਲੇਗਾ। ਵਾਈਟ ਹਾਊਸ ਰੋਜ ਗਾਰਡਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀਆਂ ਨੂੰ ਹਰ ਹਾਲਤ ਵਿਚ ਆਮ ਵਾਂਗ ਜੀਣਾ ਸ਼ੁਰੂ ਕਰ ਦੇਣਾ ਚਾਹੀਦਾ  ਹੈ।

ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਇਸ ਸਾਲ ਦੇ ਅੰਤ ਵਿਚ ਕੋਰੋਨਾਵਾਇਰਸ ਵੈਕਸੀਨ ਦੀ ਖੋਜ਼ ਕਰ ਲੈਣ ਦੀ ਸੰਭਾਵਨਾ ਪ੍ਰਗਟਾਈ ਸੀ।  ਉਨਾਂ ਦੀ ਇਸ ਸੰਭਾਵਨਾ ਉਪਰ ਬਹੁਤ ਸਾਰੇ ਮਾਹਿਰਾਂ ਨੇ ਸ਼ੰਕਾ ਪ੍ਰਗਟਾਈ ਹੈ। ਚੋਟੀ ਦੇ ਮਾਹਿਰ ਡਾ ਐਨਥਨੀ ਫੌਕੀ ਤੇ ਹੋਰ ਮਾਹਿਰਾਂ ਦਾ ਕਹਿਣਾ ਹੈ ਕਿ ਵੈਕਸੀਨ ਵਿਕਸਤ ਕਰਨ ਵਿਚ ਘਟੋ ਘਟ ਇਕ ਸਾਲ ਦਾ ਸਮਾਂ ਲੱਗ ਸਕਦਾ ਹੈ।
1606 ਹੋਰਨਾਂ ਨੇ ਦਮ ਤੋੜਿਆ-
ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ 1606 ਕੋਰੋਨਾ ਪੀੜਤ ਅਮਰੀਕੀਆਂ ਦੇ ਦਮ ਤੋੜ ਜਾਣ ਨਾਲ ਮੌਤਾਂ ਦੀ ਗਿਣਤੀ 90113 ਹੋ ਗਈ ਹੈ। ਨਵੇਂ ਮਰੀਜ਼ ਆਉਣ ਦਾ ਸਿਲਸਿਲਾ ਵੀ ਰੁਕ ਨਹੀਂ ਰਿਹਾ। 23488 ਹੋਰ ਅਮਰੀਕੀ ਪਾਜ਼ੇਟਿਵ ਪਾਏ ਗਏ ਹਨ ਜਿਨਾਂ ਨਾਲ ਪੀੜਤਾਂ ਦੀ ਕੁਲ ਗਿਣਤੀ 15,07,773 ਹੋ ਗਈ ਹੈ। ਕੁਲ 4, 29,345 ਮਰੀਜ਼ਾਂ ਵਿਚੋਂ 3,39,232 ਮਰੀਜ਼ ਠੀਕ ਹੋਏ ਹਨ। ਇਸ ਤਰਾਂ ਮੌਤ ਦਰ 21% ਹੈ ਜਦ ਕਿ ਮਰੀਜ਼ਾਂ ਦੇ ਠੀਕ ਹੋਣ ਦੀ ਦਰ 79% ਹੈ।
ਮਹਿਫਲਾਂ ਸਜਾਉਣ ਵਾਲਿਆਂ ਨੂੰ ਹੋਵੇਗਾ ਜਿਆਦਾ ਖਤਰਾ–
ਕੋਰੋਨਾ ਮਹਾਮਾਰੀ ਦਰਮਿਆਨ ਖੁਲ ਰਹੇ ਕਾਰੋਬਾਰ ਤੇ ਬਜ਼ਾਰ ਆਮ ਲੋਕਾਂ ਲਈ ਇਕ ਬਹੁਤ ਵੱਡੀ ਰਾਹਤ ਵਾਲੀ ਖ਼ਬਰ ਹੈ ਪਰ ਇਸ ਦੇ ਨਾਲ ਹੀ  ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਨਵੇਂ ਮਹੌਲ ਵਿਚ ਕਿਸ ਵਿਅਕਤੀ ਨੂੰ ਕੋਰੋਨਾ ਵਾਇਰਸ ਤੋਂ ਜਿਆਦਾ ਖਤਰਾ ਹੋਵੇਗਾ ਜਾਂ ਕਿਸ ਤਰਾਂ ਦਾ ਪਰਹੇਜ਼ ਵਰਤਣਾ ਪਵੇਗਾ? ਇਸ ਸਵਾਲ ਦਾ ਜਵਾਬ 4 ਮਾਹਿਰਾਂ ਨੇ ਦਿੱਤਾ ਹੈ। ਇਨਾਂ ਵਿਚ ਐਰੀਜ਼ੋਨਾ ਸਟੇਟ ਯੁਨੀਵਰਸਿਟੀ ਦੇ ਮਾਹਿਰ ਟਿਮ ਲੰਟ ਤੇ ਜੋਸ਼ੂਆ ਲਾਬਰ ਜੋ ਇਸ ਸਮੇਂ ਐਰੀਜ਼ੋਨਾ ਵਿਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਢੰਗ-ਤਰੀਕੇ ਖੋਜਣ ਦਾ ਕੰਮ ਕਰ ਰਹੇ ਹਨ, ਸ਼ਿਕਾਗੋ ਯੁਨੀਵਰਸਿਟੀ ਦੇ ਡੈਵਿਨ ਜੀ ਪੋਪ ਜਿਨਾਂ ਨੇ ਰੈਸਟੋਰੈਂਟਾਂ ਵਿਚ ਵਾਇਰਸ ਫੈਲਣ ਬਾਰੇ ਅਧਿਅਨ ਕੀਤਾ ਹੈ ਤੇ ਡਾ ਪੀਟਰ ਐਲਪਰਿਨ ਟੈਲੀਮੈਡੀਸਨ ਮਾਹਿਰ ਸ਼ਾਮਿਲ ਹਨ। ਇਨਾਂ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਫੈਲਣ ਦੀ ਸੰਭਾਵਨਾ ਇਸ ਗੱਲ ਉਪਰ ਨਿਰਭਰ ਕਰਦੀ ਹੈ ਕਿ ਤੁਸੀਂ ਰੈਸਟੋਰੈਂਟ ਜਾਂ ਹੋਰ ਜਨਤਿਕ ਥਾਵਾਂ ਵਿਚ ਕਿੰਨਾ ਸਮਾਂ ਬਿਤਾਇਆ ਹੈ, ਉਥੇ ਕਿੰਨੇ ਲੋਕਾਂ ਨੂੰ ਮਿਲੇ ਹੋ। ਜੇਕਰ ਤੁਸੀਂ ਕਈ ਲੋਕਾਂ ਨਾਲ ਬੈਠਕੇ ਖਾਣਾ ਖਾਧਾ ਹੈ ਤਾਂ ਤੁਹਾਡੇ ਪ੍ਰਭਾਵਿਤ ਹੋਣ ਦੀ ਜਿਆਦਾ ਸੰਭਾਵਨਾ ਹੋ ਸਕਦੀ ਹੈ। ਬਾਰ ਜਾਂ ਰੈਸਟੋਰੈਂਟ ਵਿਚ ਕੋਰੋਨਾ ਦਾ ਫੈਲਣਾ ਇਸ ਤੱਥ ਉਪਰ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਲੋਕ ਹੋ। ਉਦਾਹਰਣ ਵਜੋਂ 4 ਲੋਕਾਂ ਦੀ ਮਹਿਫ਼ਲ ਦੀ ਤੁਲਨਾ ‘ਚ 8 ਲੋਕਾਂ ਦੀ ਮਹਿਫ਼ਲ ਵਿਚ ਕੋਰੋਨਾ ਫੈਲਣ ਦਾ ਜਿਆਦਾ ਖਤਰਾ ਹੈ। ਬਾਹਰ ਜਾਣ ਲਈ ਕਿਹੜੀ ਜਗਾ ਸੁਰੱਖਿਅਤ ਹੈ? ਇਸ ਸਵਾਲ ਦੇ ਜਵਾਬ ਵਿਚ ਮਾਹਿਰਾਂ ਨੇ ਕਿਹਾ ਹੈ ਕਿ ਘਰ ਤੋਂ ਬਾਹਰ ਕੋਈ ਵੀ ਜਗਾ ਸੁਰੱਖਿਅਤ ਨਹੀਂ ਹੈ। ਮਾਹਿਰਾਂ ਅਨੁਸਾਰ ਘਰੋਂ ਬਾਹਰ ਇਕ ਦੂਸਰੇ ਤੋਂ ਦੂਰੀ ਰਖਣ ਦੇ  ਨਾਲ ਨਾਲ ਨਿਰੰਤਰ ਹੱਥ ਧੋਵੋ ਤੇ ਹਮੇਸ਼ਾਂ ਮਾਸਕ ਪਾ ਕੇ ਰਖੋ। ਕੇਵਲ  ਖਾਣ ਜਾਂ ਪੀਣ ਸਮੇ ਹੀ ਮਾਸਕ ਉਤਾਰੋ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਹਰ ਤੀਸਰੇ ਦਿਨ ਬਾਅਦ ਟੈਸਟ ਹੋਵੇ ਤਾਂ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਜਾਗਰੂਕਤਾ ਤੇ ਬੇਹਤਰੀਨ ਟੈਸਟਿੰਗ ਦਾ ਸੁਮੇਲ ਕੋਰੋਨਾ ਨੂੰ ਫੈਲਣ ਤੋਂ ਰੋਕ ਸਕਦਾ ਹੈ।

Share This :

Leave a Reply