ਅਮਰੀਕਾ ਵਿਚ ਮੌਤਾਂ ਦੀ ਗਿਣਤੀ 65000 ਤੋਂ ਪਾਰ, 36000 ਤੋਂ ਵਧ ਨਵੇਂ ਮਰੀਜ਼ ਆਏ ਸਾਹਮਣੇ

ਇਕ ਚੌਥਾਈ ਮੌਤਾਂ ਨਰਸਿੰਗ ਕੇਂਦਰਾਂ ‘ਚ

ਰੈਮਡੈਸੀਵਰ ਨਾਮੀ ਦਵਾਈ ਇਲਾਜ਼ ਲਈ ਵਰਤੇ ਜਾਣ ਨੂੰ ਪ੍ਰਵਾਨਗੀ

ਰਾਸ਼ਟਰਪਤੀ ਟਰੰਪ ਪੱਤਰਕਾਰਾਂ ਨੂੰ ਨਕਸ਼ਾ ਦਿਖਾਉਂਦੇ ਹੋਏ ਜਿਸ ਵਿੱਚ ਦਿਖਾਇਆ ਗਿਆ ਕਿ ਮਹਾਂਮਾਰੀ ਨਾਲ ਸਿੱਝਣ ਲਈ ਸਭ ਤੋਂ ਵਧੀਆ ਕਾਰਗੁਜਾਰੀ ਵਾਲੇ ਦੇਸ਼ ਕਿਹੜੇ ਕਿਹੜੇ ਹਨ।

ਵਾਸ਼ਿੰਗਟਨ 2 ਮਈ (ਹੁਸਨ ਲੜੋਆ ਬੰਗਾ)— ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਤੋਂ ਪੀੜਤ ਲੱਖਾਂ ਅਮਰੀਕੀਆਂ ਵਿਚੋਂ 1900 ਹੋਰ ਮੌਤ ਦੇ ਮੂੰਹ ਵਿਚ ਜਾ ਪਏ ਹਨ। ਮੌਤਾਂ ਦੀ ਕੁਲ ਗਿਣਤੀ 65776 ਹੋ ਗਈ ਹੈ। ਪੀੜਤਾਂ ਦੀ ਗਿਣਤੀ ਵਿਚ ਵੀ ਨਿਰੰਤਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 36000 ਤੋਂ ਵਧ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਪੀੜਤਾਂ ਦੀ ਗਿਣਤੀ ਵਧਕੇ 11,31,452 ਹੋ ਗਈ ਹੈ।

ਇਕ ਦਿਨ ਪਹਿਲਾਂ ਇਹ ਗਿਣਤੀ 10,95,210 ਸੀ। ਸਰਗਰਮ ਮਾਮਲਿਆਂ ਦੀ ਗਿਣਤੀ 9,04,113 ਹੋ ਗਈ ਹੈ ਜੋ ਇਕ ਦਿਨ ਪਹਿਲਾਂ 8,75,612 ਸੀ। ਸਭ ਤੋਂ ਵਧ ਮੌਤਾਂ ਵਾਲੇ ਰਾਜਾਂ ਵਿਚ ਨਿਊਯਾਰਕ -24069 ਮੌਤਾਂ, ਨਿਊਜਰਸੀ -7538 ਮੌਤਾਂ, ਮਿਸ਼ੀਗਨ -3866 ਮੌਤਾਂ ਤੇ ਮਾਸਚੁਸੈਟਸ- 3716 ਮੌਤਾਂ, ਸ਼ਾਮਿਲ ਹਨ।


ਰੈਮਡੈਸੀਵਰ ਨਾਮੀ ਦਵਾਈ ਨੂੰ ਪ੍ਰਵਾਨਗੀ:

ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਦਵਾਈ ਕੰਪਨੀ ਗਿਲੀਡ ਸਾਇੰਸਜ਼ ਵੱਲੋਂ ਕੋਰੋਨਾ ਵਾਇਰਸ ਦੇ ਪੀੜਤਾਂ ਦੇ ਇਲਾਜ਼ ਲਈ ਤਿਆਰ ਕੀਤੀ ਰੈਮਡੈਸੀਵਰ (Remdesivir) ਨਾਮੀ ਦਵਾਈ ਵਰਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੰਪਨੀ ਨੂੰ ਹੰਗਾਮੀ ਆਰਡਰ ਦੇ ਦਿੱਤਾ ਗਿਆ ਹੈ। ਇਹ ਇਕ ਵਾਇਰਲ ਵਿਰੋਧੀ ਦਵਾਈ ਹੈ। ਇਸ ਹਫ਼ਤੇ ਦੇ ਸ਼ੁਰੂ ਵਿਚ ਇਸ ਦਵਾਈ ਦੇ ਕੀਤੇ ਅਧਿਅਨ ਦੀ ਜਾਰੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਇਹ  ਦਵਾਈ ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਸੁਰੱਖਿਅਤ ਦਵਾਈ ਹੈ ਤੇ ਇਸ ਦੀ ਵਰਤੋਂ ਨਾਲ ਸੁਰੱਖਿਆ ਦੇ ਪੱਖ ਤੋਂ ਕੋਈ ਨਵੀਂ ਉਲਝਣ ਨਹੀਂ ਪੈਦਾ ਹੋਵੇਗੀ।
ਨਰਸਿੰਗ ਘਰਾਂ ਵਿਚ ਵਧੇਰੇ ਮੌਤਾਂ:
ਪਾਰਦਰਸ਼ਤਾ ਲਿਆਉਣ ਲਈ ਪਏ ਜਨਤਿਕ ਦਬਾਅ ਕਾਰਨ ਹੁਣ ਜਿਆਦਾਤਰ ਰਾਜ ਕੋਰੋਨਾਵਾਇਰਸ ਨਾਲ ਨਰਸਿੰਗ ਘਰਾਂ ਤੇ ਹੋਰ ਸਿਹਤ ਸੰਭਾਲ ਕੇਂਦਰਾਂ ਵਿਚ ਹੋਈਆਂ ਮੌਤਾਂ ਬਾਰੇ ਜਾਣਕਾਰੀ ਜਾਰੀ ਕਰ ਰਹੇ ਹਨ ਜਿਸ ਅਨੁਸਾਰ ਨਰਸਿੰਗ ਘਰਾਂ ਵਿਚ ਹਾਲਾਤ ਬਹੁਤ ਮਾੜੇ ਹਨ। ਹੁਣ ਤੱਕ ਹੋਈਆਂ ਕੁਲ ਮੌਤਾਂ ਵਿਚੋਂ ਇਕ ਚੌਥਾਈ ਮੌਤਾਂ ਨਰਸਿੰਗ ਕੇਂਦਰ ਤੇ ਸਿਹਤ ਸੰਭਾਲ ਕੇਂਦਰਾਂ ਵਿਚ ਹੋਈਆਂ ਹਨ। ਨਰਸਿੰਗ ਕੇਂਦਰਾਂ ਵਿਚ 16000 ਤੋਂ ਵਧ ਸਟਾਫ਼ ਤੇ ਹੋਰ ਲੋਕ ਮਾਰੇ ਜਾ ਚੁੱਕੇ ਹਨ ਜੋ ਕਿ ਮੋਟੇ ਤੌਰ ‘ਤੇ ਦੇਸ਼ ਵਿਚ ਹੋਈਆਂ ਕੁਲ ਮੌਤਾਂ ਦਾ ਇਕ ਚੌਥਾਈ ਹਿੱਸਾ ਬਣਦਾ ਹੈ। ਦੇਸ਼ ਦੇ  ਇਕ ਨਰਸਿੰਗ ਹੋਮ ਵਿਚ ਦੋ ਮਹੀਨੇ ਪਹਿਲਾਂ ਹੋਈ ਮੌਤ ਤੋਂ ਬਾਅਦ ਅੱਜ ਤੱਕ ਸਿਹਤ ਸੰਭਾਲ ਕੇਂਦਰਾਂ ਤੇ ਨਰਸਿੰਗ ਹੋਮਜ਼ ਵਿਚ ਸਟਾਫ਼ ਲਈ ਲੋੜੀਂਦਾ ਹਿਫ਼ਾਜਤੀ ਸਮਾਨ ਤੇ ਟੈਸਟਿੰਗ ਸਹੂਲਤਾਂ ਦੀ ਥੁੜ ਪਾਈ ਜਾ ਰਹੀ ਹੈ ਜਿਸ ਕਾਰਨ ਇਥੇ ਵਧ ਮੌਤਾਂ ਹੋ ਰਹੀਆਂ ਹਨ।
ਰਾਸ਼ਟਰਪਤੀ ਟਰੰਪ ਫਿਰ ਸਿਖਰ ‘ਤੇ:
ਇੱਕ ਗੈੱਲਪ ਸਰਵੇਖਣ ਵਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਸਰਵੇ ਵਿੱਚ ਰਾਸ਼ਟਰਪਤੀ ਟਰੰਪ ਫਿਰ ਸਿਖਰ ‘ਤੇ ਪਹੁੰਚ ਗਿਆ, 49 ਪ੍ਰਤੀਸ਼ਤ ਲੋਕਾਂ ਨੇ ਉਸਦੀ ਕਾਰਗੁਜ਼ਾਰੀ ਨੂੰ ਮੰਨਜੂਰ ਕੀਤਾ ਤੇ 47 ਪ੍ਰਤੀਸ਼ਤ ਨਾਮਨਜ਼ੂਰ ਕੀਤਾ ਇਹ ਨਤੀਜੇ ਟਰੰਪ ਲਈ ਪੋਲਿੰਗ ਵਿਚ ਵਿਆਪਕ ਤੌਰ ਤੇ ਸਾਰਥਕ ਸਾਬਤ ਹੋਣਗੇ। ਜਦੋਂ ਕਿ ਇਹ ਦੋ ਹਫ਼ਤੇ ਪਹਿਲਾਂ 43 ਪ੍ਰਤੀਸ਼ਤ ਹੀ ਸੀ । ਗੈਲਪ ਨੇ ਕਿਹਾ, “ਟਰੰਪ ਦੀ ਹਾਲ ਹੀ ਵਿੱਚ ਕੰਮ ਕਰਨ ਦੇ ਢੰਗਾਂ ਨੇ ਬਹੁਤੀ ਤਬਦੀਲੀ ਲਿਆਂਦੀ ਹੈ। “ਮੌਜੂਦਾ ਮਤਦਾਨ ਵਿੱਚ 47% ਜੋ ਉਹ ਰਾਸ਼ਟਰਪਤੀ ਵਜੋਂ ਕਰ ਰਿਹਾ ਹੈ, ਜਿਨਾਂ ਚ ਰਿਪਬਲਿਕਨ ਦੇ 93% ਅਤੇ ਡੈਮੋਕਰੇਟਸ ਦੇ 8% ਲੋਕ ਟਰੰਪ ਦੁਆਰਾ ਕੀਤੀ ਜਾ ਰਹੇ ਕੰਮ ਨੂੰ ਸਲਾਹਿਆ ਗਿਆ ਹੈ। “ਹਾਲਾਂ ਕਿ, ਰੀਅਲ ਕਲੀਅਰ ਪੋਲਿਟਿਕਸ ਪੋਲਿੰਗ ਦੁਆਰਾ ਸ਼ੁੱਕਰਵਾਰ ਤੱਕ ਰਾਸ਼ਟਰਪਤੀ ਨੂੰ 44.3 ਪ੍ਰਤੀਸ਼ਤ ਦੇ ਮੁਕਾਬਲੇ 50.6 ਪ੍ਰਤੀਸ਼ਤ ਨਾਮਨਜ਼ੂਰੀ ਦੇ ਅਧਾਰ ਤੇ ਰਿਪੋਰਟ ਦਿੱਤੀ ਗਈ ਹੈ। ਆਮ ਚੋਣ ਪੋਲ ਟਰੰਪ ਨੂੰ 47.4 ਪ੍ਰਤੀਸ਼ਤ ਤੇ ਜੋਅ ਬਿਡੇਨ ਪੱਖ ਚ 42.1 ਪ੍ਰਤੀਸ਼ਤ ਦਿੰਦੇ ਹਨ। ਪਿਛਲੇ ਹਫਤੇ ਟਰੰਪ-ਮੁਹਿੰਮ ਦੇ ਮੈਨੇਜਰ ਬ੍ਰੈਡ ਪਾਰਸਕੇਲ, ਸਲਾਹਕਾਰ ਜੇਰੇਡ ਕੁਸ਼ਨੇਰ ਅਤੇ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਚੇਅਰਵੁਮੈਨ ਰੋਨਾ ਮੈਕਡਨੀਅਲ ਨੇ ਰਾਸ਼ਟਰਪਤੀ ਨੂੰ ਅੰਦਰੂਨੀ ਮੁਹਿੰਮ ਦੇ ਦਾਅ ਪੇਚ ਪੇਸ਼ ਕੀਤੇ, ਜਿਸ ਵਿੱਚ ਸਲਾਹਕਾਰਾਂ ਨੇ ਟਰੰਪ ਨੂੰ ਰੋਜਾਨਾ ਵ੍ਹਾਈਟ ਹਾਉਸ ਦੇ ਕੋਰੋਨਾਵਾਇਰਸ ਬ੍ਰੀਫਿੰਗਜ਼ ਤੋਂ ਪਿਛੇ ਹੱਟ ਜਾਣ ਦੀ ਸਲਾਹ ਦਿੱਤੀ ਸੀ।

Share This :

Leave a Reply