ਅਮਰੀਕਾ ਵਿਚ ਕੋਰੋਨਾਵਾਇਰਸ ਹੋਇਆ ਹੋਰ ਖਤਰਨਾਕ, 15000 ਮੌਤਾਂ।

41 ਟਰੇਨ ਕਰਮਚਾਰੀਆਂ ਦੀ ਮੌਤ।

ਨਿਉਯਾਰਕ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਕੋਰੋਨਾਵਾਇਰਸ ਹੋਰ ਭਿਆਨਕ ਹੋ ਗਿਆ ਹੈ। 24 ਘੰਟਿਆਂ ਵਿਚ 1900 ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਕੁਲ ਗਿਣਤੀ 15000 ਹੋ ਗਈ ਹੈ। ਇਸ ਤਰਾਂ ਇਟਲੀ ਜਿਥੇ ਹੁਣ ਤੱਕ ਸਭ ਤੋਂ ਵਧ ਮੌਤਾਂ 17669 ਹੋਈਆਂ ਹਨ, ਤੋਂ ਬਾਅਦ ਅਮਰੀਕਾ ਦੂਸਰੇ ਸਥਾਨ ਤੇ ਪੁੱਜ ਗਿਆ ਹੈ। ਅਮਰੀਕੀ ਅਧਿਕਾਰੀ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਹਨ ਕਿ ਇਸ ਹਫ਼ਤੇ ਸਥਿੱਤੀ ਭਿਆਨਕ ਰੂਪ ਲੈ ਸਕਦੀ ਹੈ ਤੇ ਤੇਜੀ ਨਾਲ ਮੌਤਾਂ ਹੋ ਸਕਦੀਆਂ ਹਨ। ਟਰੰਪ ਪ੍ਰਸਾਸ਼ਨ ਤੇ  ਸਿਹਤ ਅਧਿਕਾਰੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਹਾਲਾਂ ਕਿ ਨਵੇਂ ਮਾਮਲੇ ਰੋਕਣ ਲਈ ਚੁੱਕੇ ਗਏ ਕਦਮ ਕੰਮ  ਕਰ ਰਹੇ ਹਨ ਪਰ ਸੋਸ਼ਲ ਡਿਸਟੈਂਸ ਕਾਇਮ ਉਪਰ ਸਖਤੀ ਨਾਲ ਪਹਿਰਾ ਦਿੱਤਾ ਜਾਵੇ। ਨਿਊਯਾਰਕ ਦੇ ਗਵਰਨਰ ਐਂਡਰੀਊ ਕੂਮੋ ਨੇ ਕਿਹਾ ਹੈ ਕਿ ਵਿਅਕਤੀ ਦੀ ਵਿਅਕਤੀ ਤੋਂ ਦੂਰੀ ਸਥਿੱਤੀ ਵਿਚ ਮੋੜਾ ਲਿਆ ਸਕਦੀ ਹੈ।

ਸਥਿੱਤੀ ਮੁਕੰਮਲ ਤੌਰ ਤੇ ਇਸ ਗੱਲ  ਉਪਰ ਨਿਰਭਰ ਕਰਦੀ ਹੈ ਕਿ ਅਸੀਂ ਦਿਨ ਵਿਚ ਕਿਸ ਤਰਾਂ ਵਿਚਰਦੇ ਹਾਂ। ਵਾਇਟ ਹਾਊਸ ਦੇ ਕੋਰੋਨਾਵਾਇਰਸ ਕੋਆਰਡੀਨੇਟਰ ਡਾ ਡੀਬੋਰਾਹ ਬ੍ਰਿਕਸ ਨੇ ਸੋਸ਼ਲ ਡਿਸਟੈਂਸ ਖਤਮ ਕਰਨ ਵਿਰੁੱਧ ਚਿਤਾਵਨੀ ਦਿੰਦਿਆ ਕਿਹਾ ਹੈ ਕਿ ਅਜਿਹਾ ਕਰਨਾ ਬਹੁਤ ਕਾਹਲੀ ਵਿਚ ਚੁੱਕਿਆ ਗਿਆ ਕਦਮ ਹੋਵੇਗਾ।

90% ਡਾਕਟਰੀ ਸਮਾਨ ਰਾਜਾਂ ਵਿਚ ਭੇਜਿਆ– ਹੈਲਥ ਐਂਡ ਹਿਊਮੈਨ ਸਰਵਿਸਜ ਵਿਭਾਗ ( ਐਚ. ਐਚ. ਐਸ) ਨੇ ਐਨ 95 ਰੈਸਪੀਰੇਟਰ ਮਾਸਕ, ਸਰਜੀਕਲ ਫੇਸ ਮਾਸਕ, ਫੇਸ ਸ਼ੀਲਡ, ਗਾਊਨ ਤੇ ਦਸਤਾਨੇ ਆਦਿ ਦੀ ਆਖਰੀ ਖੇਪ ਕੋਰੋਨਾਵਾਇਰਸ ਨਾਲ ਪੀੜਤ ਰਾਜਾਂ ਨੂੰ ਭੇਜ ਦਿੱਤੀ ਹੈ। ਐਚ.ਐਚ.ਐਸ ਨੇ ਕਿਹਾ ਹੈ ਕਿ ਬਾਕੀ 10% ਡਾਕਟਰੀ ਸਮਾਨ ਰਾਜਾਂ ਨੂੰ ਨਹੀਂ ਭੇਜਿਆ ਜਾਵੇਗਾ ਤੇ ਇਸ ਸਮਾਨ  ਨੂੰ ਸੰਘੀ ਵਰਕਰਾਂ ਲਈ ਰਾਖਵਾਂ ਰਖਿਆ ਜਾਵੇਗਾ। ਇਕ ਰਿਪੋਰਟ ਅਨੁਸਾਰ 117 ਲੱਖ ਐਨ 95 ਰੈਸਪੀਰੇਟਰ  ਮਾਸਕ ਤੇ 7920 ਵੈਂਟੀਲੇਟਰ ਦੇਸ਼ ਭਰ ਵਿਚ ਵੰਡੇ ਗਏ ਹਨ ਜਦ ਕਿ ਮੰਗ ਦੀ ਤੁਲਨਾ ਵਿਚ ਇਹ ਬਹੁਤ ਥੋੜੇ ਹਨ। ਕੌਮਾਂਤਰੀ ਇਨਫੈਕਸ਼ਨ ਬਿਮਾਰੀਆਂ ਬਾਰੇ ਅਮਰੀਕੀ ਏਜੰਸੀ ਦੇ ਇਕ ਦਹਾਕੇ ਤੋਂ ਵੀ ਵਧ ਸਮਾਂ ਮੁਖੀ ਰਹੇ ਡੈਨਿਸ ਕੋਰੋਲ ਨੇ ਕਿਹਾ ਹੈ ਕਿ ਸ਼ਾਇਦ ਵੈਂਟੀਲੇਟਰ ਦੇ ਸਹਾਰੇ ਜੀ ਰਹੇ ਕੋਵਿਡ 19 ਦੇ ਮਰੀਜ਼ਾਂ ਵਿਚੋਂ ਇਕ ਤਿਹਾਈ ਹੀ ਬਚ ਸਕਣਗੇ। ਜੇਕਰ ਕੋਈ ਮਰੀਜ਼ ਉਸ ਇਕ ਤਿਹਾਈ ਵਿਚ ਸ਼ਾਮਿਲ ਹੈ ਤਾਂ ਉਹ ਭਾਗਾਂ ਵਾਲਾ ਹੋਵੇਗਾ। ਵੈਂਟੀਲੇਟਰ ਮਰੀਜ ਲਈ ਬਚਣ ਦਾ ਆਖਰੀ ਮੌਕਾ  ਹੈ

41 ਟਰੇਨ ਕਰਮਚਾਰੀਆਂ ਦੀ ਮੌਤ: ਨਿਉਯਾਰਕ ਵਿੱਚ 41 ਟਰੇਨ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਹੈ, ਅਤੇ 6,000 ਤੋਂ ਵੱਧ ਹੋਰ ਬਿਮਾਰ ਹੋ ਗਏ ਹਨ. ਮੁਲਾਜਮਾਂ ਦੀ ਘਾਟ ਕਾਰਨ 800 ਤੋਂ ਵੱਧ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ ਅਤੇ 40% ਰੇਲ ਰੂਟਾਂ ਨੁੰ ਇਕੋ ਦਿਨ ਵਿਚ ਰੱਦ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ ਅਤੇ ਕੁਝ ਟ੍ਰੇਨਾਂ ਦਾ ਇੰਤਜ਼ਾਰ, ਆਮ ਤੌਰ ਤੇ ਚਾਰ ਮਿੰਟ ਤੋਂ 40 ਮਿੰਟ ਤੱਕ ਹੋ ਰਿਹਾ ਹੈ। ਇਉਂ ਲਗਦਾ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਨਿਊਯਾਰਕ ਸਿਟੀ ਵਿਚ ਫਸ ਗਈ ਹੈ। ਇਕ ਟਰੇਨ ਸੰਸਥਾ ਨੇ ਦੱਸਿਆ ਕਿ ਸਬਵੇਅ ਦੇ ਥਾਵਾਂ ਨੂੰ ਸਾਫ ਕਰਨ ਲਈ ਮੁਲਾਜਮਾਂ ਨੂੰ ਕੀਟਾਣੂਨਾਸ਼ਕ ਵੰਡਣ ਵਿਚ ਦੇਰੀ ਕੀਤੀ ਗਈ, ਬਿਮਾਰ ਕਰਮਚਾਰੀਆਂ ਤੇ ਨਜ਼ਰ ਨਹੀ ਰੱਖਣਾ ਵੀ ਘਾਟੇ ਦਾ ਸੌਦਾ ਸਾਬਤ ਹੋਇਆ। ਡਰਾਈਵਰਾਂ ਨੂੰ ਕੰਮ ਤੇ ਆਪਣੇ ਖੁਦ ਦੇ ਮਾਸਕ ਅਤੇ ਘਰੇਲੂ ਕੀਟਾਣੂਨਾਸ਼ਕ ਦੀ ਵਰਤੋਂ ਕਰਨੀ ਪਈ, ਜਿਆਦਾਤਰ ਇਹ ਕਾਰਣ ਹੀ ਮੌਤ ਦਾ ਕਾਰਣ ਬਣੇ।

Share This :

Leave a Reply