ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਪਿਛਲੇ 24 ਘੰਟਿਆਂ ਦੌਰਾਨ 638 ਹੋਰ ਕੋਰੋਨਾਪੀੜਤ ਮਰੀਜ਼ ਦਮ ਤੋੜ ਗਏ ਹਨ। ਮੌਤਾਂ ਦੀ ਕੁਲ ਗਿਣਤੀ 1,06,195 ਹੋ ਗਈ ਹੈ। ਪਿਛਲੇ ਦਿਨਾਂ ਵਿਚ ਮੌਤਾਂ ਦੀ ਗਿਣਤੀ ਘਟਣ ਤੋਂ ਸਮਝਿਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਦੀ ਮਾਰ ਆਪਣੇ ਆਖਰੀ ਪੜਾਅ ਵਿਚ ਹੈ। ਹਾਲਾਂ ਕਿ ਨਵੇਂ ਮਰੀਜ਼ਾਂ ਦੇ ਆਉਣ ਦਾ ਸਿਲਸਿਲਾ ਅਜੇ ਰੁਕ ਨਹੀਂ ਰਿਹਾ ਜੋ ਚਿੰਤਾ ਦਾ ਵਿਸ਼ਾ ਹੈ।
20350 ਨਵੇਂ ਮਰੀਜ਼ ਹਸਪਤਾਲਾਂ ਵਿਚ ਆਏ ਹਨ ਜਿਨਾਂ ਨਾਲ ਪੀੜਤ ਮਰੀਜ਼ਾਂ ਦੀ ਕੁਲ ਗਿਣਤੀ 18,37,170 ਹੋ ਗਈ ਹੈ। ਰਾਹਤ ਦੇਣ ਵਾਲੀ ਖ਼ਬਰ ਇਹ ਹੈ ਕਿ ਪੀੜਤ ਮਰੀਜ਼ਾਂ ਦੀ ਸਿਹਤ ਵਿਚ ਤੇਜੀ ਨਾਲ ਸੁਧਾਰ ਹੋ ਰਿਹਾ ਹੈ। ਲੰਘੇ ਦਿਨ 64629 ਮਰੀਜ਼ ਠੀਕ ਹੋਏ ਹਨ ਜਿਨਾਂ ਨੂੰ ਹਸਪਤਾਲਾਂ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਹੁਣ ਤੱਕ 5,99,867 ਮਰੀਜ਼ ਠੀਕ ਹੋ ਚੁੱਕੇ ਹਨ। ਸਿਹਤਮੰਦ ਹੋਣ ਦੀ ਦਰ ਵਿਚ ਤੇਜੀ ਨਾਲ ਸੁਧਾਰ ਹੋਇਆ ਹੈ ਤੇ ਇਹ ਵਧਕੇ 85% ਹੋ ਗਈ ਹੈ।